ਪਾਕਿਸਤਾਨ: ਵਿਆਹ ਸਮਾਗਮ ''ਤੇ ਜਾ ਰਿਹਾ ਵਾਹਨ ਹੋਇਆ ਹਾਦਸੇ ਦਾ ਸ਼ਿਕਾਰ, 12 ਹਲਾਕ
Saturday, Feb 15, 2020 - 03:09 PM (IST)
ਇਸਲਾਮਾਬਾਦ- ਦੱਖਣ-ਪੱਛਮੀ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਯਾਤਰੀਆਂ ਨਾਲ ਭਰੇ ਵਾਹਨ ਦੇ ਇਕ ਨਾਲੇ ਵਿਚ ਡਿੱਗ ਜਾਣ ਕਾਰਨ ਔਰਤਾਂ ਤੇ ਬੱਚਿਆਂ ਸਣੇ 12 ਲੋਕਾਂ ਦੀ ਮੌਤ ਹੋ ਗਈ ਤੇ 23 ਹੋਰ ਲੋਕ ਇਸ ਦੌਰਾਨ ਜ਼ਖਮੀ ਹੋ ਗਏ। ਇਸ ਦੀ ਜਾਣਕਾਰੀ ਮੀਡੀਆ ਵਲੋਂ ਦਿੱਤੀ ਗਈ ਹੈ।
'ਐਕਸਪ੍ਰੈੱਸ ਟ੍ਰਿਬਿਊਨ' ਦੀ ਖਬਰ ਮੁਤਾਬਕ ਹਾਦਸਾ ਸ਼ੁੱਕਰਵਾਰ ਨੂੰ ਝਾਲ ਮਾਗਸੀ ਜ਼ਿਲੇ ਦੇ ਬਰੇਜਾ ਜ਼ਿਲੇ ਦੇ ਕੋਲ ਖੁਜਦਾਰ-ਝਾਲ ਮਾਗਸੀ ਹਾਈਵੇ 'ਤੇ ਹੋਇਆ। ਮਿਲੀ ਜਾਣਕਾਰੀ ਮੁਤਾਬਕ ਵਾਹਨ ਤੇਜ਼ ਰਫਤਾਰ ਵਿਚ ਹੋਣ ਕਾਰਨ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਿਆ, ਜਿਸ ਦੇ ਕਾਰਨ ਵਾਹਨ ਨਾਲੇ ਵਿਚ ਜਾ ਡਿੱਗਿਆ। ਇਲਾਕੇ ਦੇ ਡਿਪਟੀ ਕਮਿਸ਼ਨਰ ਸ਼ਰਜੀਲ ਨੂਰ ਨੇ ਦੱਸਿਆ ਕਿ ਜਿਸ ਵੇਲੇ ਇਹ ਘਟਨਾ ਹੋਈ ਉਸ ਵੇਲੇ ਇਹ ਪੀੜਤ ਇਕ ਵਿਆਹ ਸਮਾਗਮ ਵਿਚ ਹਿੱਸਾ ਲੈਣ ਜਾ ਰਹੇ ਸਨ। ਸ਼ੁਰੂਆਤੀ ਖਬਰਾਂ ਮੁਤਾਬਕ 10 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰਾਂ ਦੀ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ। ਗੰਭੀਰ ਜ਼ਖਮੀਆਂ ਨੂੰ ਸਿੰਧ ਦੇ ਲਾੜਕਾਨਾ ਹਸਪਤਾਲ ਰੈਫਰ ਕੀਤਾ ਗਿਆ ਹੈ। ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਹੈ।