ਜਾਰਡਨ : ਬੰਦਰਗਾਹ ''ਤੇ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਦਰਜਨਾਂ ਲੋਕਾਂ ਦੀ ਮੌਤ, 250 ਤੋਂ ਵਧੇਰੇ ਜ਼ਖਮੀ
Tuesday, Jun 28, 2022 - 09:59 AM (IST)
ਅੱਮਾਨ (ਏਜੰਸੀ): ਜਾਰਡਨ ਦੇ ਅਕਾਬਾ ਬੰਦਰਗਾਹ ‘ਤੇ ਇਕ ਕੰਟੇਨਰ ਤੋਂ ਜ਼ਹਿਰੀਲੀ ਕਲੋਰੀਨ ਗੈਸ ਲੀਕ ਹੋਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ 251 ਹੋਰ ਜ਼ਖਮੀ ਹੋ ਗਏ।ਸਮਾਚਾਰ ਏਜੰਸੀ ਸ਼ਿਨਹੂਆ ਨੇ ਸਰਕਾਰੀ ਅਲ ਮਾਮਲਾਕਾ ਟੀਵੀ ਦੇ ਹਵਾਲੇ ਨਾਲ ਦੱਸਿਆ ਕਿ ਜਾਰਡਨ ਨੇ ਸੋਮਵਾਰ ਦੇ ਲੀਕੇਜ ਵਿੱਚ ਜ਼ਖਮੀ ਹੋਏ ਲੋਕਾਂ ਦੇ ਇਲਾਜ ਲਈ ਅਕਾਬਾ ਵਿੱਚ ਇੱਕ ਵੱਡਾ ਫੀਲਡ ਹਸਪਤਾਲ ਖੋਲ੍ਹਿਆ ਕਿਉਂਕਿ ਲਾਲ ਸਾਗਰ ਬੰਦਰਗਾਹ ਵਾਲੇ ਸ਼ਹਿਰ ਦੇ ਹਸਪਤਾਲ ਪੂਰੀ ਸਮਰੱਥਾ 'ਤੇ ਪਹੁੰਚ ਗਏ ਹਨ।
ਅਕਾਬਾ ਸਿਹਤ ਵਿਭਾਗ ਦੇ ਨਿਰਦੇਸ਼ਕ ਜਮਾਲ ਓਬੇਦਾਤ ਨੇ ਕਿਹਾ ਕਿ ਜ਼ਖਮੀਆਂ ਦੀ ਹਾਲਤ ਦਰਮਿਆਨੀ ਤੋਂ ਗੰਭੀਰ ਹੈ।ਉਹਨਾਂ ਨੇ ਅਕਾਬਾ ਨਿਵਾਸੀਆਂ ਨੂੰ ਘਰਾਂ ਵਿੱਚ ਰਹਿਣ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜ਼ਹਿਰੀਲੀ ਗੈਸ ਲੀਕ ਹੋਣ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ।ਇਕ ਅਧਿਆਪਕ ਵਜੋਂ ਕੰਮ ਕਰਨ ਵਾਲੇ ਅਕਾਬਾ ਦੇ ਵਸਨੀਕ ਸਮੇਰ ਜ਼ਬੇਦੇਹ ਨੇ ਸ਼ਿਨਹੂਆ ਨੂੰ ਦੱਸਿਆ ਕਿ ਸਥਿਤੀ ਡਰਾਉਣੀ ਹੈ।ਉਹਨਾਂ ਨੇ ਕਿਹਾ ਕਿ ਮੈਂ ਆਪਣੀ ਪਤਨੀ ਅਤੇ ਦੋ ਧੀਆਂ ਨਾਲ ਘਰ ਰਹਿ ਰਿਹਾ ਹਾਂ। ਅਸੀਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਅਸੀਂ ਖ਼ਬਰਾਂ ਨੂੰ ਦੇਖ ਰਹੇ ਹਾਂ। ਸਾਨੂੰ ਉਮੀਦ ਹੈ ਕਿ ਇਹ ਬਹੁਤ ਜਲਦੀ ਹੱਲ ਹੋ ਜਾਵੇਗਾ। ਇਹ ਇੱਕ ਦੁਖਦਾਈ ਘਟਨਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ: ਫਰੀਜ਼ਰ 'ਚੋਂ ਮਿਲੀ ਤਿੰਨ ਸਾਲਾ ਬੱਚੇ ਦੀ ਲਾਸ਼, ਮਾਂ 'ਤੇ ਲੱਗੇ ਦੋਸ਼
ਸਰਕਾਰੀ ਪੈਟਰਾ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਕਿ ਪ੍ਰਧਾਨ ਮੰਤਰੀ ਬਿਸ਼ਰ ਖਾਸਾਵਨੇਹ ਸੋਮਵਾਰ ਸ਼ਾਮ ਨੂੰ ਗੈਸ ਟੈਂਕ ਦੇ ਵਿਸਫੋਟ ਦੇ ਨਤੀਜਿਆਂ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦਾ ਨਿਰੀਖਣ ਕਰਨ ਲਈ ਅਕਾਬਾ ਪਹੁੰਚੇ।ਖਾਸਾਵਨੇਹ ਨੇ ਪੀੜਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।ਉਨ੍ਹਾਂ ਨੇ ਗ੍ਰਹਿ ਮੰਤਰੀ ਮਜ਼ੇਨ ਫਰਾਇਆ ਨੂੰ ਘਟਨਾ ਦੀ ਜਾਂਚ ਲਈ ਟੀਮ ਦੀ ਅਗਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।ਬੀਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ ਚਮਕਦਾਰ ਪੀਲੀ ਗੈਸ ਦਾ ਇੱਕ ਵੱਡਾ ਬੱਦਲ ਲੀਕ ਹੋਣ ਤੋਂ ਬਾਅਦ ਜ਼ਮੀਨ ਵਿੱਚ ਫੈਲਦਾ ਦੇਖਿਆ ਗਿਆ, ਜਿਸ ਨਾਲ ਲੋਕਾਂ ਨੂੰ ਸੁਰੱਖਿਆ ਲਈ ਭੱਜਣਾ ਪਿਆ।
ਇੱਥੇ ਦੱਸ ਦਈਏ ਕਿ ਕਲੋਰੀਨ ਇੱਕ ਰਸਾਇਣ ਹੈ ਜੋ ਉਦਯੋਗ ਅਤੇ ਘਰੇਲੂ ਸਫਾਈ ਉਤਪਾਦਾਂ ਵਿੱਚ ਵਰਤਿਆ ਜਾਂਦਾ ਹੈ। ਇਹ ਆਮ ਤਾਪਮਾਨ ਅਤੇ ਦਬਾਅ 'ਤੇ ਪੀਲੀ-ਹਰੀ ਗੈਸ ਹੈ ਪਰ ਆਮ ਤੌਰ 'ਤੇ ਸਟੋਰੇਜ ਅਤੇ ਮਾਲ ਭੇਜਣ ਲਈ ਦਬਾਅ ਅਤੇ ਠੰਢਾ ਕੀਤਾ ਜਾਂਦਾ ਹੈ।ਜਦੋਂ ਕਲੋਰੀਨ ਨੂੰ ਸਾਹ ਜ਼ਰੀਏ ਅੰਦਰ ਲਿਆ ਜਾਂਦਾ ਹੈ, ਨਿਗਲਿਆ ਜਾਂਦਾ ਹੈ ਜਾਂ ਚਮੜੀ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਹ ਐਸਿਡ ਪੈਦਾ ਕਰਨ ਲਈ ਪਾਣੀ ਨਾਲ ਪ੍ਰਤੀਕ੍ਰਿਆ ਕਰਦਾ ਹੈ ਜੋ ਸਰੀਰ ਵਿੱਚ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।ਕਲੋਰੀਨ ਦੇ ਉੱਚ ਪੱਧਰਾਂ ਨੂੰ ਸਾਹ ਲੈਣ ਨਾਲ ਫੇਫੜਿਆਂ ਵਿੱਚ ਤਰਲ ਬਣ ਜਾਂਦਾ ਹੈ, ਇੱਕ ਜਾਨਲੇਵਾ ਸਥਿਤੀ ਜਿਸ ਨੂੰ ਪਲਮਨਰੀ ਐਡੀਮਾ ਕਿਹਾ ਜਾਂਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।