ਐਡਮਿੰਟਨ ''ਚ ਸਕੂਲ ਬੱਸ ਨਾਲ ਵਾਪਰਿਆ ਹਾਦਸਾ, 11 ਬੱਚੇ ਤੇ ਡਰਾਈਵਰ ਜ਼ਖਮੀ

05/24/2019 5:04:33 PM

ਐਡਮਿੰਟਨ (ਏਜੰਸੀ): ਐਡਮਿੰਟਨ 'ਚ ਇੱਕ ਸਕੂਲੀ ਬੱਸ ਬੇਕਾਬੂ ਹੋ ਕੇ ਸੜਕ ਕੰਢੇ ਬਣੀ ਦੀਵਾਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਡਰਾਈਵਰ ਸਣੇ 11 ਬੱਚੇ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਘਟਨਾ ਐਡਮਿੰਟਨ ਦੇ ਸਭ ਤੋਂ ਭੀੜ ਭਾੜ ਵਾਲਾ ਇਲਾਕੇ ਵਿਚ ਵਾਪਰੀ ਹੈ। ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਕਿਊਸਨੈੱਲ ਬ੍ਰਿਜ ਨੇੜੇ ਬਣੀ ਵਾਈਟਮੱਡ ਡਰਾਇਵ 'ਤੇ ਸਕੂਲੀ ਬੱਸ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ ਸੀ। ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਅਲਬਰਟਾ ਹੈਲਥ ਸਰਵਿਸ ਅਨੁਸਾਰ ਬੱਚਿਆਂ ਦੀ ਹਾਲਤ ਕੰਟਰੋਲ ਵਿੱਚ ਹੈ। ਸਕੂਲ ਬੱਸ 'ਚ ਤਕਰੀਬਨ 23 ਬੱਚੇ ਸਵਾਰ ਸਨ ਜਿਨ੍ਹਾਂ ਵਿੱਚੋਂ 12 ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਅਤੇ ਬਾਕੀ ਬੱਚਿਆਂ ਨੂੰ ਸਕੂਲ ਪਹੁੰਚਾ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਦੋ ਬੱਚਿਆਂ ਨੂੰ ਡੂੰਘੀਆਂ ਸੱਟਾਂ ਲੱਗੀਆਂ ਹਨ। ਐਡਮਿੰਟਨ ਪਬਲਿਕ ਸਕੂਲ ਦੇ ਬੁਲਾਰੇ ਮੇਗਨ ਨੋਰਮੈਨਡਿਓ ਨੇ ਦੱਸਿਆ ਕਿ ਗੋਲਡਨ ਐਰੋ ਬੱਸ ਮੀਡੋਵਲਾਰਕ, ਰੀਓ ਟੈਰਿਸ ਅਤੇ ਲਿਆਨਵੁੱਡ ਸਕੂਲਾਂ 'ਚ ਬੱਚੇ ਨੂੰ ਛੱਡਣ ਲਈ ਜਾ ਰਹੀ ਸੀ ਕਿ ਰਸਤੇ 'ਚ ਬੇਕਾਬੂ ਹੋ ਕੇ ਸੜਕ ਤੋਂ ਉਤਰ ਗਈ ਅਤੇ ਵਾਈਟਮੱਡ 'ਤੇ ਬਣੀ ਦੀਵਾਰ ਨਾਲ ਟਕਰਾ ਗਈ। ਐਡਮਿੰਟਨ ਪਬਲਿਕ ਸਕੂਲ ਅਤੇ ਗੋਲਡਨ ਐਰੋ ਦੀ ਟ੍ਰਾਂਸਪੋਰਟੇਸ਼ਨ ਸੇਫ਼ਟੀ ਟੀਮ ਘਟਨਾ ਸਥਾਨ 'ਤੇ ਮੌਜੂਦ ਸੀ। ਉਨ੍ਹਾਂ ਵਲੋਂ ਪੀੜਤ ਬੱਚਿਆਂ ਦੇ ਮਾਤਾ-ਪਿਤਾ ਨਾਲ ਵੀ ਸੰਪਰਕ ਕੀਤਾ ਗਿਆ ਹੈ।

ਟੀਮ ਦਾ ਕਹਿਣਾ ਹੈ ਕਿ ਸਾਡੀ ਪਹਿਲ ਬੱਚਿਆਂ ਦੀ ਸੁਰੱਖਿਆ ਹੈ ਚਾਹੇ ਉਹ ਸਕੂਲ 'ਚ ਹੋਵੇ ਜਾਂ ਸਕੂਲੀ ਬੱਸ 'ਚ। ਟੀਮਾਂ ਵਲੋਂ ਪੁਲਸ ਨਾਲ ਮਿਲ ਕੇ ਬੱਸ ਦੇ ਹਾਦਸਾ ਹੋਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਡਰਾਈਵਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਸਥਿਤੀ ਸੰਭਲ ਜਾਣ 'ਤੇ ਉਸ ਨਾਲ ਗੱਲਬਾਤ ਕੀਤੀ ਜਾਵੇਗੀ। ਪੁਲਸ ਅਨੁਸਾਰ ਸਖ਼ਤ ਦੀਵਾਰ ਨਾਲ ਟੱਕਰ ਹੋਣ ਕਾਰਨ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਅਲਬਰਟਾ ਦੇ ਸਿੱਖਿਆ ਮੰਤਰੀ ਨੇ ਵੀ ਇਸ ਹਾਦਸੇ 'ਚ ਦੁਖ ਦਾ ਪ੍ਰਗਟਾਵਾ ਕੀਤਾ ਅਤੇ ਪੀੜਤ ਪਰਿਵਾਰਾਂ ਨੂੰ ਅਸੀਸਾਂ ਦਿੱਤੀਆਂ। ਪੁਲਸ ਵਲੋਂ ਇਸ ਇਲਾਕੇ ਦੀ ਆਵਾਜਾਈ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। 


Sunny Mehra

Content Editor

Related News