ਇਟਲੀ ''ਚ ਉਮੀਦ ਦੀ ਕਿਰਨ, 101 ਸਾਲਾ ਬਾਬੇ ਨੇ ਦਿੱਤੀ ਕੋਰੋਨਾ ਨੂੰ ਮਾਤ

03/27/2020 11:48:10 AM

ਰੋਮ(ਆਈ.ਏ.ਐਨ.ਐਸ.)- ਦੁਨੀਆਭਰ ਵਿਚ ਜਿਥੇ ਕੋਰੋਨਾਵਾਇਰਸ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ ਉਥੇ ਇਟਲੀ ਦੇ ਸਮੁੰਦਰੀ ਕੰਢੇ ਦੇ ਸ਼ਹਿਰ ਰਿਮਿਨੀ ਵਿਚ ਇਕ 101 ਸਾਲਾ ਬਾਬੇ ਨੇ ਨਾਵਲ ਕੋਰੋਨਾਵਾਇਰਸ ਨੂੰ ਮਾਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਜਾਨਲੇਵਾ ਵਾਇਰਸ ਦੇ ਦੇਸ਼ ਵਿਚ ਕੁੱਲ 80 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਹਨਾਂ ਵਿਚੋਂ 8000 ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਬੈਠੇ ਹਨ।

ਸਿਨਹੂਆ ਨਿਊਜ਼ ਏਜੰਸੀ ਨੇ ਇਟਲੀ ਦੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਕਿਹਾ ਕਿ ਵਾਇਰਸ ਨੂੰ ਮਾਤ ਪਾਉਣ ਵਾਲੇ ਇਸ ਵਿਅਕਤੀ ਦੀ ਪਛਾਣ ਮਿਸਟਰ ਪੀ. ਵਜੋਂ ਕੀਤੀ ਗਈ ਹੈ ਤੇ ਉਹਨਾਂ ਨੂੰ ਇਸ ਜਾਨਲੇਵਾ ਵਾਇਰਸ ਨੂੰ ਮਾਤ ਪਾਉਣ ਵਾਲਾ ਸਭ ਤੋਂ ਬਜ਼ੁਰਗ ਵਿਅਕਤੀ ਮੰਨਿਆ ਜਾ ਰਿਹਾ ਹੈ। ਰਿਮਿਨੀ ਦੇ ਡਿਪਟੀ ਮੇਅਰ ਗਲੋਰੀਆ ਲੀਸੀ ਮੁਤਾਬਕ ਮਿਸਟਰ ਪੀ., ਜੋ 1919 ਵਿਚ ਪੈਦਾ ਹੋਏ ਸਨ, ਨੂੰ ਇਕ ਹਫਤਾ ਪਹਿਲਾਂ ਕੋਵਿਡ-19 ਦੇ ਪਾਜ਼ੀਟਿਵ ਟੈਸਟ ਤੋਂ ਬਾਅਦ ਓਸਪੀਡੇਲ ਇਨਫਰਮੀ ਦਿ ਰਿਮਿਨੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।

ਵੀਰਵਾਰ ਨੂੰ ਇਕ ਟੈਲੀਵਿਜ਼ਨ ਇੰਟਰਵਿਊ ਵਿਚ ਲੀਸੀ ਨੇ ਕਿਹਾ ਕਿ ਇਸ ਮਰੀਜ਼ ਦਾ ਠੀਕ ਹੋਣਾ ਹਰ ਕਿਸੇ ਲਈ ਮਿਸਾਲ ਹੈ ਤੇ ਹਰ ਕੋਈ ਇਸ ਬਾਰੇ ਗੱਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਰੋਜ਼ਾਨਾ ਦੇਖ ਰਹੇ ਹਾਂ ਕਿ ਇਹ ਵਾਇਰਸ ਜ਼ਿਆਦਾ ਬਜ਼ੁਰਗ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ ਪਰ ਇਸ ਬਜ਼ੁਰਗ ਨੇ ਕੋਰੋਨਾਵਾਇਰਸ ਨੂੰ ਮਾਤ ਦੇ ਦਿੱਤੀ ਹੈ। ਉਹਨਾਂ ਅੱਗੇ ਕਿਹਾ ਕਿ ਮਿਸਟਰ ਪੀ. ਦਾ ਪਰਿਵਾਰ ਉਹਨਾਂ ਨੂੰ ਬੁੱਧਵਾਰ ਰਾਤ ਆਪਣੇ ਨਾਲ ਘਰ ਲੈ ਗਿਆ ਹੈ।

ਮਿਸਟਰ ਪੀ. ਦੀ ਕਹਾਣੀ ਇਸ ਮਹਾਮਾਰੀ ਦੌਰਾਨ ਬਹੁਤ ਹੀ ਦੁਰਲੱਭ ਹੈ। ਵਰਤਮਾਨ ਸਮੇਂ ਵਿਚ ਇਟਲੀ ਵਿਚ ਕੋਰੋਨਾਵਾਇਰਸ ਨੇ ਸਭ ਤੋਂ ਵਧੇਰੇ ਕਹਿਰ ਵਰ੍ਹਾਇਆ ਹੈ। ਇਥੇ ਮੌਤਾਂ ਦਾ ਅੰਕੜਾ ਸਭ ਤੋਂ ਜ਼ਿਆਦਾ ਹੈ। ਜ਼ਿਕਰਯੋਗ ਹੈ ਕਿ ਦੁਨੀਆਭਰ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 5 ਲੱਖ ਪਾਰ ਕਰ ਗਈ ਹੈ, ਜਿਹਨਾਂ ਵਿਚੋਂ ਤਕਰੀਬਨ 24 ਹਜ਼ਾਰ ਲੋਕਾਂ ਨੇ ਆਪਣੀ ਜਾਨ ਗੁਆਈ ਹੈ।


Baljit Singh

Content Editor

Related News