USA : ਦੇਖਦੇ ਹੀ ਦੇਖਦੇ ਟਕਰਾਏ 100 ਵਾਹਨ, 3 ਲੋਕਾਂ ਦੀ ਮੌਤ ਤੇ ਕਈ ਜ਼ਖਮੀ
Tuesday, Mar 03, 2020 - 09:24 AM (IST)
ਵਾਇਓਮਿੰਗ, (ਨੀਟਾ ਮਾਛੀਕੇ)— ਅਮਰੀਕਾ ਦੀ ਵਾਇਓਮਿੰਗ ਸੂਬੇ ਵਿੱਚ ਐਤਵਾਰ ਸ਼ਾਮ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਐਤਵਾਰ ਸ਼ਾਮੀਂ ਬਰਫੀਲੇ ਤੂਫਾਨ ਕਾਰਨ ਫਰੀਵੇਅ ਆਈ-80 ਅਤੇ ਮੀਲ ਮਾਰਕਰ 184 ਦੇ ਨੇੜੇ ਤਕਰੀਬਨ 100 ਵਾਹਨ ਆਪਸ 'ਚ ਟਕਰਾ ਗਏ। ਜਾਣਕਾਰੀ ਮੁਤਾਬਕ ਇਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ 4 ਲੋਕਾਂ ਦੀ ਮੌਤ ਹੋਈ ਹੈ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ 3 ਲੋਕਾਂ ਦੀ ਮੌਤ ਹੋਈ ਹੈ ਅਤੇ ਚੌਥੇ ਵਿਅਕਤੀ ਦੀ ਹਾਲਤ ਗੰਭੀਰ ਹੈ। ਕਈ ਹੋਰ ਲੋਕ ਜ਼ਖਮੀ ਹਨ, ਜਿਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ। ਲੋਕਾਂ ਨੇ ਲੋਹੇ ਦੇ ਸਰੀਏ ਨਾਲ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਵਾਹਨਾਂ ‘ਚ ਫਸੇ ਲੋਕਾਂ ਨੂੰ ਬਾਹਰ ਕੱਢਿਆ।
ਹਾਦਸੇ ਕਾਰਨ ਆਈ-80 ਦੋਵੇਂ ਪਾਸਿਓਂ ਬੰਦ ਰਿਹਾ। ਉਸ ਪਾਸੇ ਜਾਣ ਵਾਲੇ ਟਰੱਕ ਡਰਾਈਵਰਾਂ ਨੂੰ ਅਪੀਲ ਹੈ ਕਿ ਉਹ ਧਿਆਨ ਨਾਲ ਜਾਣ। ਹਾਦਸੇ ਦਾ ਕਾਰਨ ਘੱਟ ਵਿਜ਼ੀਬਿਲਟੀ ਦੱਸਿਆ ਜਾ ਰਿਹਾ ਹੈ ਕਿਉਂਕਿ ਬਰਫੀਲੇ ਤੂਫਾਨ ਕਾਰਨ ਲੋਕਾਂ ਨੂੰ ਡਰਾਈਵਿੰਗ ਦੌਰਾਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਸੜਕਾਂ ਬਰਫਾਂ ਨਾਲ ਲੱਦੀਆਂ ਹੋਈਆਂ ਹਨ ਤੇ ਇਸ ਕਾਰਨ ਤਿਲਕਣ ਕਾਫੀ ਵਧ ਗਈ ਹੈ। ਕਈ ਵਾਹਨ ਸੜਕਾਂ 'ਤੇ ਡਿੱਗੇ ਹੋਏ ਹਨ ਅਤੇ ਕਾਫੀ ਨੁਕਸਾਨ ਹੋਇਆ ਹੈ।