WHO ਦੀ ਹੈਰਾਨੀ ਕਰਦੀ ਰਿਪੋਰਟ, 1 ਕਰੋੜ ਲੋਕ ਹਨ ਟੀਬੀ ਨਾਲ ਪੀੜਤ

09/19/2018 11:22:51 AM

ਸੰਯੁਕਤ ਰਾਸ਼ਟਰ (ਭਾਸ਼ਾ)— ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੀ ਇਕ ਤਾਜ਼ਾ ਰਿਪੋਰਟ ਮੁਤਾਬਕ ਪੂਰੀ ਦੁਨੀਆ ਵਿਚ ਪਿਛਲੇ ਸਾਲ 1 ਕਰੋੜ ਲੋਕ ਟੀਬੀ ਤੋਂ ਪੀੜਤ ਹੋਏ, ਜਿਨ੍ਹਾਂ 'ਚ 27 ਫੀਸਦੀ ਲੋਕ ਭਾਰਤ ਤੋਂ ਹਨ। ਡਬਲਿਊ. ਐੱਚ. ਓ. ਦੀ ਗਲੋਬਲ ਟ੍ਰਿਊਬਰਕਲੋਸਿਸ ਰਿਪੋਰਟ, 2018 ਇੱਥੇ ਮੰਗਲਵਾਰ ਨੂੰ ਜਾਰੀ ਕੀਤੀ ਗਈ। ਇਸ ਵਿਚ ਟੀਬੀ ਬਾਰੇ ਵਿਆਪਕ ਅਤੇ ਤਾਜ਼ਾ ਮੁਲਾਂਕਣ ਹਨ। ਨਾਲ ਹੀ ਗੋਲਬਲ, ਖੇਤਰੀ ਅਤੇ ਰਾਸ਼ਟਰੀ ਪੱਧਰ 'ਤੇ ਇਸ ਬੀਮਾਰੀ ਨੂੰ ਲੈ ਕੇ ਕੀ ਕਦਮ ਚੁੱਕੇ ਜਾ ਰਹੇ ਹਨ, ਉਨ੍ਹਾਂ 'ਚ ਕੀ ਤਰੱਕੀ ਆਈ ਹੈ, ਇਹ ਜਾਣਕਾਰੀ ਵੀ ਦਿੱਤੀ ਗਈ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗਲੋਬਲ ਪੱਧਰ 'ਤੇ ਮੁਲਾਂਕਣ ਮੁਤਾਬਕ ਸਾਲ 2017 'ਚ 1 ਕਰੋੜ ਲੋਕਾਂ ਨੂੰ ਟੀਬੀ ਹੋਈ, ਇਨ੍ਹਾਂ 'ਚੋਂ 58 ਲੱਖ ਪੁਰਸ਼, 32 ਲੱਖ ਔਰਤਾਂ ਅਤੇ 10 ਲੱਖ ਬੱਚੇ ਹਨ। ਦੁਨੀਆ ਭਰ ਵਿਚ ਟੀਬੀ ਦੇ ਕੁੱਲ ਮਰੀਜ਼ਾਂ ਵਿਚ ਦੋ-ਤਿਹਾਈ 8 ਦੇਸ਼ਾਂ 'ਚ ਹਨ। ਇਨ੍ਹਾਂ ਵਿਚੋਂ ਭਾਰਤ 'ਚ 27 ਫੀਸਦੀ ਮਰੀਜ਼ ਹਨ, ਚੀਨ 'ਚ 9 ਫੀਸਦੀ, ਇੰਡੋਨੇਸ਼ੀਆ 'ਚ 8 ਫੀਸਦੀ, ਫਿਲਪੀਨ 'ਚ 6 ਫੀਸਦੀ, ਪਾਕਿਸਤਾਨ 'ਚ 5 ਫੀਸਦੀ, ਨਾਈਜੀਰੀਆ 'ਚ 4 ਫੀਸਦੀ, ਬੰਗਲਾਦੇਸ਼ 'ਚ 4 ਫੀਸਦੀ ਅਤੇ ਦੱਖਣੀ ਅਫਰੀਕਾ 'ਚ 3 ਫੀਸਦੀ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟੀਬੀ ਕਾਰਨ ਰੋਜ਼ਾਨਾ ਕਰੀਬ 4,000 ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਦੁਨੀਆ ਭਰ ਵਿਚ ਰੋਗਾਂ ਤੋਂ ਹੋਣ ਵਾਲੀਆਂ ਮੌਤਾਂ ਦਾ 10ਵੀਂ ਸਭ ਤੋਂ ਵੱਡੀ ਵਜ੍ਹਾ ਟੀਬੀ ਹੈ।


Related News