ਚੀਨ : ਗੈਸ ਪਲਾਂਟ ''ਚ ਧਮਾਕਾ, 10 ਲੋਕਾਂ ਦੀ ਮੌਤ ਤੇ 19 ਜ਼ਖਮੀ

Saturday, Jul 20, 2019 - 08:06 AM (IST)

ਚੀਨ : ਗੈਸ ਪਲਾਂਟ ''ਚ ਧਮਾਕਾ, 10 ਲੋਕਾਂ ਦੀ ਮੌਤ ਤੇ 19 ਜ਼ਖਮੀ

ਬੀਜਿੰਗ— ਚੀਨ ਦੇ ਇਕ ਗੈਸ ਪਲਾਂਟ 'ਚ ਇਕ ਵੱਡਾ ਧਮਾਕਾ ਹੋਇਆ। ਚੀਨੀ ਮੀਡੀਆ ਮੁਤਾਬਕ ਯਿਮਾ ਸਿਟੀ 'ਚ ਸ਼ੁੱਕਰਵਾਰ ਸ਼ਾਮ ਸਮੇਂ ਧਮਾਕਾ ਹੋਇਆ। ਧਮਾਕਾ ਇੰਨਾ ਕੁ ਜ਼ਬਰਦਸਤ ਸੀ ਕਿ 3 ਕਿਲੋਮੀਟਰ ਦੇ ਦਾਇਰੇ 'ਚ ਆਉਣ ਵਾਲੇ ਘਰਾਂ ਦੇ ਖਿੜਕੀਆਂ ਤੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਗਏ। ਅਧਿਕਾਰੀਆਂ ਵਲੋਂ 10 ਲੋਕਾਂ ਦੀ ਮੌਤ ਹੋਣ ਅਤੇ ਹੋਰ 19 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ 5 ਲੋਕਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

ਹਾਦਸਾ ਤਕਰੀਬਨ ਸ਼ਾਮ ਦੇ 6 ਕੁ ਵਜੇ ਵਾਪਰਿਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਪਲਾਂਟ ਤੋਂ 500 ਮੀਟਰ ਦੀ ਦੂਰੀ 'ਤੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਧਮਾਕੇ ਮਗਰੋਂ ਆਸਮਾਨ 'ਚ ਅੱਗ ਦੀ ਵੱਡੀ ਬਾਲ ਦੇਖੀ ਅਤੇ ਇਸ ਮਗਰੋਂ ਬੱਦਲ ਧੂੰਏਂ ਨਾਲ ਭਰ ਗਏ। ਜਿਹੜੇ ਲੋਕ ਇੱਥੇ ਸਮਾਨ ਖਰੀਦਣ ਆਏ ਸਨ, ਉਨ੍ਹਾਂ 'ਤੇ ਦੁਕਾਨਾਂ 'ਚ ਲੱਗੇ ਕੱਚ ਟੁੱਟ ਕੇ ਡਿੱਗ ਗਏ, ਜਿਸ ਕਾਰਨ ਉਹ ਜ਼ਖਮੀ ਹੋ ਗਏ। 

ਜ਼ਿਕਰਯੋਗ ਹੈ ਕਿ ਹੈਨਾਨ ਗੈਸ ਕੋ. ਲਿਮਿਟਡ ਦਾ ਯਿਮਾ ਗੈਸ ਪਲਾਂਟ 1997 'ਚ ਸਥਾਪਤ ਕੀਤਾ ਗਿਆ ਸੀ। ਇਹ 87 ਹੈਕਟੇਅਰ ਦੇ ਖੇਤਰ 'ਚ ਫੈਲਿਆ ਹੈ, ਜਿੱਥੇ ਲਗਭਗ 1,200 ਕਰਮਚਾਰੀ ਕੰਮ ਕਰਦੇ ਹਨ। ਫਿਲਹਾਲ ਧਮਾਕਾ ਹੋਣ ਦੇ ਕਾਰਨਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।


Related News