ਸ਼੍ਰੀਲੰਕਾ 'ਚ ਡੇਂਗੂ ਦੀ ਮਾਰ, ਬੀਤੇ ਮਹੀਨੇ ਸਾਹਮਣੇ ਆਏ 10 ਹਜ਼ਾਰ ਤੋਂ ਵਧੇਰੇ ਮਾਮਲੇ

Tuesday, Feb 11, 2020 - 03:44 PM (IST)

ਸ਼੍ਰੀਲੰਕਾ 'ਚ ਡੇਂਗੂ ਦੀ ਮਾਰ, ਬੀਤੇ ਮਹੀਨੇ ਸਾਹਮਣੇ ਆਏ 10 ਹਜ਼ਾਰ ਤੋਂ ਵਧੇਰੇ ਮਾਮਲੇ

ਕੋਲੰਬੋ(ਆਈ.ਏ.ਐਨ.ਐਸ.)- ਸ਼੍ਰੀਲੰਕਾ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ ਮਹੀਨੇ ਦੇਸ਼ ਭਰ ਤੋਂ ਡੇਂਗੂ ਦੇ 10,607 ਮਾਮਲੇ ਸਾਹਮਣੇ ਆਏ ਹਨ, ਜੋ ਪਿਛਲੇ ਸਾਲ ਦੀ ਇਸ ਮਿਆਦ ਦੇ ਮੁਕਾਬਲੇ 90 ਫੀਸਦ ਜ਼ਿਆਦਾ ਹਨ। ਇਸ ਦੀ ਜਾਣਕਾਰੀ ਸਿਨਹੂਆ ਨਿਊਜ਼ ਏਜੰਸੀ ਵਲੋਂ ਦਿੱਤੀ ਗਈ ਹੈ।

ਸਿਨਹੂਆ ਦੀ ਰਿਪੋਰਟ ਮੁਤਾਬਕ ਮੰਤਰਾਲਾ ਦੀ ਐਪੀਡਿਮੋਲੋਜੀ ਯੂਨਿਟ ਨੇ ਦੱਸਿਆ ਕਿ ਸਭ ਤੋਂ ਵਧ 1,693 ਮਾਮਲੇ ਕੋਲੰਬੋ ਤੋਂ ਦਰਜ ਕੀਤੇ ਗਏ, ਇਸ ਤੋਂ ਬਾਅਦ ਟ੍ਰਿਨਕੋਮਾਲੀ (1,278), ਜਾਫਨਾ (1,061), ਬਾਟਿਕਲੋਆ (1,044), ਕਾਂਡੀ (662) ਤੇ ਗਾਮਪਾਹਾ (74) ਵਿਚ ਵੀ ਕਈ ਮਾਮਲੇ ਦਰਜ ਕੀਤੇ ਗਏ। ਦੇਸ਼ ਦੇ ਉਵਾ ਸੂਬੇ ਦਾ ਮੋਨਾਰਾਗਲਾ ਇਕ ਅਜਿਹਾ ਜ਼ਿਲਾ ਸੀ, ਜਿਸ ਵਿਚ ਡੇਂਗੂ ਦੇ ਕਿਸੇ ਵੀ ਮਾਮਲੇ ਦੀ ਰਿਪੋਰਟ ਨਹੀਂ ਸੀ, ਜਦੋਂਕਿ ਦੇਸ਼ ਦੇ ਹੋਰ ਸਾਰੇ ਜ਼ਿਲਿਆਂ ਵਿਚ ਜਨਵਰੀ ਮਹੀਨੇ 15 ਤੋਂ ਵਧ ਮਰੀਜ਼ ਦਰਜ ਕੀਤੇ ਗਏ।

ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਮੱਛਰ ਪ੍ਰਜਨਨ ਵਾਲੀਆਂ ਥਾਵਾਂ 'ਤੇ ਚੌਕਸ ਰਹਿਣ ਤੇ ਉਹਨਾਂ ਥਾਵਾਂ ਨੂੰ ਸਾਫ ਕਰਨ ਤੇ ਵਾਤਾਵਰਣ ਨੂੰ ਸਾਫ ਰੱਖਣ ਲਈ ਕਦਮ ਚੁੱਕਣ ਦੀ ਅਪੀਲ ਕੀਤੀ। ਸਾਲ 2019 ਵਿਚ ਸ਼੍ਰੀਲੰਕਾ ਵਿਚ ਮੱਛਰ ਤੋਂ ਪੈਦਾ ਹੋਏ ਵਾਇਰਸ ਨਾਲ 90 ਵਿਅਕਤੀਆਂ ਦੀ ਮੌਤ ਹੋ ਗਈ ਤੇ 99,000 ਤੋਂ ਵਧੇਰੇ ਪ੍ਰਭਾਵਤ ਹੋਏ। ਨੈਸ਼ਨਲ ਡੇਂਗੂ ਕੰਟਰੋਲ ਯੂਨਿਟ ਨੇ ਮੱਛਰਾਂ ਦੇ ਪ੍ਰਜਨਨ ਦੇ ਖਾਤਮੇ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ।


author

Baljit Singh

Content Editor

Related News