ਅਰੀਜ਼ੋਨਾ ''ਚ ਟ੍ਰੇਨ ''ਚ ਹੋਈ ਗੋਲੀਬਾਰੀ, 1 ਅਧਿਕਾਰੀ ਦੀ ਹੋਈ ਮੌਤ

Wednesday, Oct 06, 2021 - 01:21 AM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਅਰੀਜ਼ੋਨਾ ਵਿੱਚ ਐਮਟਰੈਕ ਟ੍ਰੇਨ ਵਿੱਚ ਸੋਮਵਾਰ ਨੂੰ ਹੋਈ ਗੋਲੀਬਾਰੀ ਵਿੱਚ 1 ਡਰੱਗ ਇਨਫੋਰਸਮੈਂਟ ਐਡਮਨਿਸਟ੍ਰੇਸ਼ਨ (ਡੀ.ਈ.ਏ.) ਏਜੰਟ ਦੀ ਮੌਤ ਹੋਣ ਦੇ ਨਾਲ 2 ਅਧਿਕਾਰੀ ਜ਼ਖਮੀ ਹੋਏ ਹਨ। ਪੁਲਸ ਅਨੁਸਾਰ ਅਰੀਜ਼ੋਨਾ ਦੇ ਟਕਸਨ ਵਿੱਚ ਹੋਈ ਇਸ ਗੋਲੀਬਾਰੀ ਵਿੱਚ ਇੱਕ ਬੰਦੂਕਧਾਰੀ ਹਮਲਾਵਰ ਦੀ ਮੌਤ ਵੀ ਹੋਈ ਹੈ। ਇਸ ਗੋਲੀਬਾਰੀ ਬਾਰੇ ਜਾਣਕਾਰੀ ਦਿੰਦਿਆਂ ਟਕਸਨ ਪੁਲਸ ਨੇ ਦੱਸਿਆ ਕਿ ਗੈਰ-ਕਾਨੂੰਨੀ ਬੰਦੂਕਾਂ, ਪੈਸੇ ਅਤੇ ਨਸ਼ੀਲੇ ਪਦਾਰਥਾਂ ਦੀ ਨਿਯਮਤ ਜਾਂਚ ਕਰਨ ਲਈ ਸੋਮਵਾਰ ਸਵੇਰੇ ਡੀ.ਈ.ਏ. ਅਧਿਕਾਰੀ ਇਸ ਰੇਲਗੱਡੀ ਵਿੱਚ ਸਵਾਰ ਹੋਏ ਅਤੇ ਡਬਲ-ਡੇਕਰ ਐਮਟਰੈਕ ਟ੍ਰੇਨ ਦੇ ਦੂਜੇ ਲੈਵਰ 'ਤੇ ਦੋ ਲੋਕਾਂ ਦਾ ਸਾਹਮਣਾ ਕੀਤਾ।

ਗੱਲਬਾਤ ਦੌਰਾਨ ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਪਰ ਦੂਜੇ ਵਿਅਕਤੀ ਨੇ ਇੱਕ ਪਿਸਤੌਲ ਨਾਲ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿੱਚ ਇੱਕ ਡੀ.ਈ.ਏ ਏਜੰਟ ਮਾਰਿਆ ਗਿਆ ਅਤੇ ਇੱਕ ਹੋਰ ਡੀ.ਈ.ਏ. ਏਜੰਟ ਗੰਭੀਰ ਹਾਲਤ ਜ਼ਖ਼ਮੀ ਹੈ। ਇਸੇ ਦੌਰਾਨ ਇੱਕ ਟਕਸਨ ਪੁਲਿਸ ਅਧਿਕਾਰੀ, ਜੋ ਪਲੇਟਫਾਰਮ 'ਤੇ ਸੀ, ਨੇ ਗੋਲੀਬਾਰੀ ਦੀ ਆਵਾਜ਼ ਸੁਣੀ ਅਤੇ ਟ੍ਰੇਨ ਵੱਲ ਭੱਜਿਆ। ਇਹ ਅਧਿਕਾਰੀ ਵੀ ਗੋਲੀਬਾਰੀ ਵਿੱਚ ਜ਼ਖ਼ਮੀ ਹੋ ਗਿਆ। ਇਸ ਉਪਰੰਤ ਪੁਲਸ ਵੱਲੋਂ ਜਵਾਬੀ ਗੋਲੀਬਾਰੀ ਕੀਤੀ ਗਈ ਪੁਲਸ ਅਨੁਸਾਰ ਬੰਦੂਕਧਾਰੀ ਨੇ ਆਪਣੇ ਆਪ ਨੂੰ ਹੇਠਲੇ ਪੱਧਰ ਦੇ ਬਾਥਰੂਮ ਵਿੱਚ ਬੰਦ ਕਰ ਦਿੱਤਾ ਅਤੇ ਬਾਅਦ ਵਿੱਚ ਇਹ ਪਤਾ ਲੱਗਿਆ ਕਿ ਸ਼ੱਕੀ ਬੰਦੂਕਧਾਰੀ ਦੀ ਮੌਤ ਹੋ ਗਈ, ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਸਦੀ ਮੌਤ ਕਿਵੇਂ ਹੋਈ।

ਐਮਟਰੈਕ ਨੇ ਦੱਸਿਆ ਕਿ ਸਨਸੈਟ ਲਿਮਟਿਡ ਟ੍ਰੇਨ 2 ਵਿੱਚ 137 ਯਾਤਰੀ ਅਤੇ ਚਾਲਕ ਦਲ ਦੇ 11 ਮੈਂਬਰਾਂ ਦੇ ਮੌਜੂਦ ਸਨ ਜੋ ਕਿ ਸਹੀ ਸਲਾਮਤ ਸਨ । ਇਹ ਰੇਲ ਗੱਡੀ ਲਾਸ ਏਂਜਲਸ ਤੋਂ ਨਿਊ ਓਰਲੀਨਜ਼ ਵੱਲ ਜਾ ਰਹੀ ਸੀ ਅਤੇ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 7:40 ਵਜੇ ਟਕਸਨ ਪਹੁੰਚੀ। ਇਸ ਗੋਲੀਬਾਰੀ ਦੀ ਵਿਭਾਗ ਵੱਲੋਂ ਪੁਲਸ ਨਾਲ ਮਿਲ ਕੇ ਜਾਂਚ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News