ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ''ਚ ਸਿੱਖ ਕਤਲੇਆਮ ਦੀ ਯਾਦ ''ਚ ਕਰਵਾਇਆ ''ਕਦੇ ਨਹੀਂ ਭੁੱਲਦਾ 84'' ਸਮਾਗਮ
Sunday, Nov 03, 2024 - 07:52 PM (IST)
ਲੰਡਨ (ਸਰਬਜੀਤ ਸਿੰਘ ਬਨੂੜ) : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਨੇ ਨਵੰਬਰ 1984 ਦੇ ਸ਼ਹੀਦਾਂ ਤੇ ਸਿੱਖ ਨਸਲਕੁਸ਼ੀ ਦੀ ਯਾਦ 'ਚ 'ਕਦੇ ਨਹੀਂ ਭੁੱਲਦਾ 84' ਸਿਰਲੇਖ ਹੇਠ ਯਾਦਗਾਰੀ ਸਮਾਗਮ ਕਰਵਾਏ ਗਏ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਰੋਡ, ਸਾਊਥਾਲ ਦੇ ਮੀਤ ਪ੍ਰਧਾਨ ਸ. ਕੁਲਵੰਤ ਸਿੰਘ ਭਿੰਡਰ ਤੇ ਕਲਚਰ ਟੀਮ ਦੀ ਅਗਵਾਈ 'ਚ ਸਭਾ ਦੀ ਲਾਇਬ੍ਰੇਰੀ 'ਚ ਸੰਗਤ ਦੁਆਰਾ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ 1984 ਰਿਲੀਜ਼ ਕੀਤਾ ਗਿਆ ਜਿਸ 'ਚ ਵੱਖ-ਵੱਖ ਉਮਰ ਦੇ ਵਰਗਾਂ ਵੱਲੋ ਪੰਜਾਬੀ, ਅੰਗਰੇਜ਼ੀ 'ਚ ਕਾਵਿਤਾਵਾਂ ਲਿਖਕੇ ਨਵੰਬਰ 84 ਦੇ ਸ਼ਹੀਦਾਂ ਨੂੰ ਅਪਣੀ ਸਰਧਾਂਜਲੀ ਦਿੱਤੀ ਗਈ, ਜਿਸ ਨੂੰ ਸਭਾ ਵੱਲੋਂ ਕਿਤਾਬ ਦਾ ਰੂਪ ਦੇ ਕੇ ਪਬਲਿਸ਼ਰ ਕੀਤਾ ਗਿਆ। ਇਸ ਮੌਕੇ ਲਾਇਬ੍ਰੇਰੀ 'ਚ ਇਕੱਤਰ ਸੰਗਤਾਂ ਨੂੰ ਅਮਰੀਕਾ ਤੋਂ ਵਿਸ਼ੇਸ਼ ਸੱਦੇ ਤੇ ਪਹੁੰਚੇ ਸ. ਹਰਿੰਦਰ ਸਿੰਘ, ਸੀਨੀਅਰ ਫੈਲੋ ਅਤੇ ਇਨੋਵੇਸ਼ਨ ਡਾਇਰੈਕਟਰ ਸਿੱਖ ਰਿਸਰਚ ਇੰਸਟੀਚਿਊਟ (ਸਿੱਖਰੀ) ਵੱਲੋਂ ਸਿੱਖ ਇਤਿਹਾਸ, ਸਿੱਖ ਨਸਲਕੁਸ਼ੀ ਬਾਰੇ ਲੈਕਚਰ ਕੀਤਾ ਗਿਆ ਤੇ ਉਨ੍ਹਾਂ ਨੇ ਸੰਗਤਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਗੁਰਬਾਣੀ ਅਨੁਸਾਰ ਦਿੱਤੇ ਗਏ।
ਇਸ ਮੌਕੇ ਸਥਾਨਕ ਕਲਾਕਾਰ ਗਗਨਦੀਪ ਕੌਰ ਚਾਹਲ ਬਾਫਟਾ ਸਕਾਲਰ ਤੇ ਐਨੀਮੇਸ਼ਨ ਨਿਰਦੇਸ਼ਕ ਦੁਆਰਾ ਇੱਕ ਪ੍ਰਭਾਵਸ਼ਾਲੀ ਲਘੂ ਫ਼ਿਲਮ ਦਾ ਪ੍ਰੀਮੀਅਰ ਵੀ ਪੇਸ਼ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਅੰਮ੍ਰਿਤਸਰ ਦੀ ਲੜਾਈ ਦੀ 40ਵੀਂ ਬਰਸੀ ਮੌਕੇ ਸੰਗਤਾਂ ਵੱਲੋਂ ਕਵਿਤਾਵਾਂ ਦਾ ਸੰਗ੍ਰਹਿ ਸੰਗਤਾਂ ਨੂੰ ਵੰਡਿਆ ਗਿਆ ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਭਾਸ਼ਣ ਸੰਗਤਾਂ ਨੂੰ ਸੁਣਾਇਆ ਗਿਆ। ਇਸ ਮੌਕੇ ਗੁਰਦੁਆਰਾ ਹਦੂਦ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਪੰਜਾਬ ਭਰ ਦੇ 40 ਤੋਂ ਵੱਧ ਹੋਰ ਗੁਰਦੁਆਰਿਆਂ 'ਤੇ ਹਮਲਾ ਕਰਨ ਨੂੰ ਤੀਜਾ ਘੱਲੂਘਾਰਾ ਹੋਣ 'ਤੇ ਯਾਦਗਾਰੀ ਤਸਵੀਰ ਨੂੰ ਲਾਇਆ ਗਿਆ ਤੇ ਇਸ ਲੜਾਈ ਦੇ ਇਤਿਹਾਸ ਨੂੰ ਅੰਗਰੇਜ਼ੀ, ਪੰਜਾਬੀ 'ਚ ਛਾਪਿਆ ਗਿਆ।