ਬ੍ਰਿਟੇਨ ਦੇ ਗੁਰੂਦੁਆਰਾ ਸਾਹਿਬ ''ਚ ਸੁੱਟਿਆ ਮਾਸ, ਪੁਲਸ ਨੇ ਫੜ੍ਹ ਲਿਆ ਬੰਦਾ

Saturday, Jan 17, 2026 - 12:33 PM (IST)

ਬ੍ਰਿਟੇਨ ਦੇ ਗੁਰੂਦੁਆਰਾ ਸਾਹਿਬ ''ਚ ਸੁੱਟਿਆ ਮਾਸ, ਪੁਲਸ ਨੇ ਫੜ੍ਹ ਲਿਆ ਬੰਦਾ

ਵੈਸਟ ਬਰੌਮਵਿਚ (ਵੈਬ ਡੈਸਕ): ਬ੍ਰਿਟੇਨ ਦੇ ਵੈਸਟ ਬਰੌਮਵਿਚ ਵਿੱਚ ਸਥਿਤ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਬਾਹਰ ਕੱਚਾ ਮਾਸ ਸੁੱਟਣ ਦੀ ਘਿਨਾਉਣੀ ਹਰਕਤ ਕਰਨ ਵਾਲੇ ਇੱਕ 42 ਸਾਲਾ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਟੌਮਾਜ ਬ੍ਰੁਚ ਵਜੋਂ ਹੋਈ ਹੈ, ਜਿਸ ਦਾ ਕੋਈ ਪੱਕਾ ਰਿਹਾਇਸ਼ੀ ਪਤਾ ਨਹੀਂ ਮਿਲਿਆ ਹੈ। ਪੁਲਸ ਨੇ ਇਸ ਕਾਰਵਾਈ ਨੂੰ ਸਿੱਖ ਧਰਮ ਦੀਆਂ ਮਾਨਤਾਵਾਂ ਦੇ ਖਿਲਾਫ਼ ਮੰਨਦਿਆਂ ਇਸ ਨੂੰ 'ਹੇਟ ਕ੍ਰਾਈਮ' (ਨਫ਼ਰਤ ਅਧਾਰਤ ਅਪਰਾਧ) ਵਜੋਂ ਦਰਜ ਕੀਤਾ ਹੈ।
ਇਹ ਵਾਰਦਾਤ 22 ਦਸੰਬਰ 2025 ਨੂੰ ਅੰਜਾਮ ਦਿੱਤੀ ਗਈ ਸੀ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਜਿਸ ਵਿੱਚ ਮੁਲਜ਼ਮ ਨੂੰ ਗੁਰਦੁਆਰਾ ਸਾਹਿਬ ਦੇ ਗੇਟ 'ਤੇ ਇੱਕ ਥੈਲੇ ਵਿੱਚੋਂ ਕੱਚਾ ਮਾਸ ਸੁੱਟਦੇ ਹੋਏ ਸਾਫ਼ ਦੇਖਿਆ ਗਿਆ। ਇਸੇ ਫੁਟੇਜ ਦੇ ਅਧਾਰ 'ਤੇ ਪੁਲਸ ਨੇ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਕਾਬੂ ਕੀਤਾ ਹੈ।

ਬ੍ਰਿਟਿਸ਼ ਸੰਸਦ 'ਚ ਪੁੱਜਾ ਮਾਮਲਾ

ਇਸ ਮਾਮਲੇ ਵਿੱਚ ਤੇਜ਼ੀ ਉਦੋਂ ਆਈ ਜਦੋਂ ਵੈਸਟ ਬਰੌਮਵਿਚ ਤੋਂ ਲੇਬਰ ਪਾਰਟੀ ਦੀ ਸੰਸਦ ਮੈਂਬਰ (MP) ਸਾਰਾ ਕੂਮਬਜ਼ ਨੇ 8 ਜਨਵਰੀ 2026 ਨੂੰ ਬ੍ਰਿਟੇਨ ਦੀ ਸੰਸਦ ਵਿੱਚ ਇਹ ਮੁੱਦਾ ਚੁੱਕਿਆ। ਉਨ੍ਹਾਂ ਨੇ ਇਸ ਘਟਨਾ ਨੂੰ ਸਿੱਖਾਂ ਵਿਰੁੱਧ ਨਫ਼ਰਤ ਤੋਂ ਪ੍ਰੇਰਿਤ ਇੱਕ "ਭਿਆਨਕ ਵਾਰਦਾਤ" ਦੱਸਦਿਆਂ ਕਿਹਾ ਕਿ ਅਜਿਹੀਆਂ ਹਰਕਤਾਂ ਸਿੱਖ ਧਰਮ ਦੀ ਮਰਿਆਦਾ ਦੇ ਖਿਲਾਫ਼ ਹਨ ਅਤੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਰਾ ਕੂਮਬਜ਼ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਕੇ ਖ਼ੁਸ਼ੀ ਜ਼ਾਹਰ ਕੀਤੀ ਅਤੇ ਸਖ਼ਤ ਸਜ਼ਾ ਦੀ ਉਮੀਦ ਜਤਾਈ।
ਪੁਲਸ ਨੇ ਟੌਮਾਜ ਬ੍ਰੁਚ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ ਵੂਲਵਰ ਹੈਂਪਟਨ ਮੈਜਿਸਟ੍ਰੇਟ ਅਦਾਲਤ ਵਿੱਚ ਹੋਵੇਗੀ। ਦੂਜੇ ਪਾਸੇ, ਬ੍ਰਿਟੇਨ ਵਿੱਚ ਕੰਮ ਕਰ ਰਹੇ ਸਿੱਖ ਅਤੇ ਹਿੰਦੂ ਸੰਗਠਨਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਬੇਅਦਬੀ ਕਰਨ ਦੀ ਹਿੰਮਤ ਨਾ ਕਰ ਸਕੇ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਧਾਰਮਿਕ ਸਥਾਨਾਂ 'ਤੇ ਅਜਿਹੇ ਨਫ਼ਰਤੀ ਅਪਰਾਧਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


author

DILSHER

Content Editor

Related News