‘ਅਲਖ ਜਗਾਓ ਰੈਲੀ ਦੇ ਵਿਸ਼ਾਲ ਇਠੱਕ ਨੇ ਬਸਪਾ ਤੇ ਅਕਾਲੀ ਦਲ ਦੇ ਹੱਕ ’ਚ ਦਿੱਤਾ ਫ਼ਤਵਾ’

08/30/2021 3:59:28 PM

ਰੋਮ (ਕੈਂਥ)-ਬਹੁਜਨ ਸਮਾਜ ਪਾਰਟੀ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਾਣਾ-ਮੰਡੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿਖੇ ਅਲਖ ਜਗਾਓ ਵਿਸ਼ਾਲ ਰੈਲੀ ਹੋਈ, ਜਿਸ ’ਚ ਪੰਜਾਬ ਦੇ ਹਰ ਉਸ ਸ਼ਖਸ ਨੇ ਸ਼ਮੂਲੀਅਤ ਕੀਤੀ, ਜਿਹੜਾ ਬਹੁਜਨ ਸਮਾਜ ਦਾ ਹਿਤੈਸ਼ੀ ਹੈ। ਇਸ ਰੈਲੀ ’ਚ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਮੁੱਖ ਆਗੂ ਸਾਹਿਬਾਨ ਨੇ ਬਹੁਜਨ ਸਮਾਜ ਨੂੰ ‘ਮਿਸ਼ਨ 2022’ ਨੂੰ ਕਾਮਯਾਬ ਕਰਨ ਲਈ ਜਿਥੇ ਸਹਿਯੋਗ ਦੇਣ ਦੀ ਅਪੀਲ ਕੀਤੀ, ਉੱਥੇ ਹੀ ਫਗਵਾੜਾ ਤੋਂ ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਚੋਣ ਲੜਨ ਦਾ ਐਲਾਨ ਵੀ ਕੀਤਾ। ਇਸ ਰੈਲੀ ਨੂੰ ਕਾਮਯਾਬ ਕਰਨ ਲਈ ਪੰਜਾਬ ਭਰ ਤੋਂ ਲੋਕ ਵਹੀਰਾਂ ਘੱਤ ਕੇ ਕਾਫ਼ਲਿਆਂ ਦੇ ਰੂਪ ’ਚ ਪਹੁੰਚੇ । ਵਿਦੇਸ਼ ’ਚੋਂ ਵੀ ਗੱਠਜੋੜ ਸਮਰਥਕਾਂ ਵੱਲੋਂ ਪੱਬੀਂ ਜ਼ੋਰ ਲਗਾਇਆ ਹੋਇਆ ਸੀ ਕਿ ਇਹ ਰੈਲੀ ਕਾਮਯਾਬ ਸਾਬਿਤ ਹੋਵੇ, ਜਿਸ ਤਹਿਤ ਇਹ ਰੈਲੀ ਨਹੀਂ ਮਹਾ ਰੈਲਾ ਸਿੱਧ ਹੋਇਆ, ਜਿਸ ’ਚ ਪੂਰਾ ਪੰਜਾਬ ਹੀ ਉਮੜਿਆ ਹੋਇਆ ਸੀ। ਯੂਰਪ ਭਰ ਤੋਂ ਲੋਕ ਬਹੁਤ ਹੀ ਉਤਸ਼ਾਹਿਤ ਹਨ ।

ਰੈਲੀ ਨੂੰ ਕਾਮਯਾਬ ਕਰਨ ਲਈ ਇਟਲੀ ਦੀ ਸਿਰਮੌਰ ਸਮਾਜਸੇਵੀ ਸੰਸਥਾ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਵੈੱਲਫੇਅਰ ਐਸੋਸੀਏਸ਼ਨ (ਰਜਿ.) ਇਟਲੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਐੱਨ. ਆਰ. ਆਈ. ਵਿੰਗ ਇਟਲੀ ਵੱਲੋਂ ਇਟਲੀ ਦੇ ਹਰ ਕੋਨੇ ’ਚ ਰੈਣ ਬਸੇਰਾ ਕਰਦੇ ਬਸਪਾ ਤੇ ਅਕਾਲੀ ਦਲ ਨਾਲ ਜੁੜਨ ਲਈ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਲਾਮਬੰਦ ਕੀਤਾ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਅਲਖ ਜਗਾਓ ਰੈਲੀ ਪੰਜਾਬ ਦੇ ਲੋਕਾਂ ਨੂੰ ਜਗਾਉਣ ਦਾ ਉਪਰਾਲਾ ਸੀ ਤਾਂ ਜੋ ਬਹੁਜਨ ਸਮਾਜ ਦੇ ਲੋਕ ਚੋਣਾਂ ’ਚ ਬਸਪਾ ਅਕਾਲੀ ਦਲ ਗੱਠਜੋੜ ਉਮੀਦਵਾਰ ਨੂੰ ਜਿਤਾ ਕੇ ਪੰਜਾਬ ਦੀ ਵਾਗਡੋਰ ਫੜਾਉਣ, ਜਿਸ ਨਾਲ ਪੰਜਾਬ ਤੇ ਭਾਰਤ ਤਰੱਕੀ ਦਾ ਇਤਿਹਾਸ ਸਿਰਜ ਸਕੇ। ਯੂਰਪ ਭਰ ’ਚ ਬਸਪਾ ਤੇ ਅਕਾਲੀ ਦਲ ਸਮਰਥਕ ਵੱਡੇ ਪੱਧਰ ’ਤੇ ਲੋਕਾਂ ਨੂੰ ਮਿਸ਼ਨ 2022 ਪ੍ਰਤੀ ਜਾਗਰੂਕ ਕਰਨ ਲਈ ਦਿਨ-ਰਾਤ ਇੱਕ ਕਰ ਰਹੇ ਹਨ, ਜਿਸ ਤੋਂ ਆਸ ਪ੍ਰਗਟਾਈ ਜਾ ਰਹੀ ਹੈ ਕਿ ਇਸ ਗਠਜੋੜ ਦੀ ਸਰਕਾਰ ਬਣਨੀ ਤੈਅ ਹੈ। ਇਸ ਮਹਾਰੈਲੀ ਨੂੰ ਕਾਮਯਾਬ ਕਰਨ ਲਈ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਵੈੱਲਫੇਅਰ ਐਸੋਸੀਏਸ਼ਨ (ਰਜਿ. ) ਇਟਲੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਐੱਨ. ਆਰ. ਆਈ. ਵਿੰਗ ਇਟਲੀ ਦੇ ਆਗੂਆਂ  ਵੱਲੋਂ ਉਨ੍ਹਾਂ ਤਮਾਮ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਇਸ ਰੈਲੀ ਨੂੰ ਕਾਮਯਾਬ ਕਰ ਕੇ ਇਹ ਫ਼ਤਵਾ ਦੇ ਦਿੱਤਾ ਹੈ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਹਨ। ਇਸ ਰੈਲੀ ਦੀ ਕਾਮਯਾਬੀ ਨੇ ਪੰਜਾਬ ਦੇ ਲੋਕਾਂ ਦਾ ਫ਼ੈਸਲਾ ਸੁਣਾ ਦਿੱਤਾ ਹੈ।


Manoj

Content Editor

Related News