ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਵੱਲੋਂ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
Tuesday, Aug 09, 2022 - 03:51 PM (IST)
ਟਾਂਡਾ ਉੜਮੁੜ (ਪਰਮਜੀਤ ਮੋਮੀ) : ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਪੰਜਾਬ ਦੀ ਤਹਿਸੀਲ ਪੱਧਰੀ ਮਹੀਨਾਵਾਰ ਮੀਟਿੰਗ ਸਬ ਤਹਿਸੀਲ ਕੰਪਲੈਕਸ ਟਾਂਡਾ ਵਿਖੇ ਹੋਈ। ਯੂਨੀਅਨ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਦੇ ਦਿਸ਼ਾ ਨਿਰਦੇਸ਼ ਅਤੇ ਤਹਿਸੀਲ ਪ੍ਰਧਾਨ ਜੋਗਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਦੌਰਾਨ ਯੂਨੀਅਨ ਦੇ ਮੈਂਬਰਾਂ ਨੇ ਆਪਣੀਆਂ ਮੰਗਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਦੇ ਨਾਲ-ਨਾਲ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਬਿਜਲੀ ਬਿੱਲ ਸੋਧ ਐਕਟ ਵੀ 2022 ਖ਼ਿਲਾਫ਼ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਪੇਂਡੂ ਚੌਕੀਦਾਰਾਂ ਦੀਆਂ ਮੰਗਾਂ ਦੀ ਅਣਦੇਖੀ ਕਰਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਸੂਬਾ ਜਨਰਲ ਸਕੱਤਰ ਦੇਵੀ ਦਾਸ ਮਿਆਣੀ, ਸੂਬਾ ਪ੍ਰੈੱਸ ਸਕੱਤਰ ਸੁਰਿੰਦਰ ਸਿੰਘ ਨੰਗਲ ਕਲਾਲਾਂ, ਆਡਿਟ ਅਫਸਰ ਪੰਜਾਬ ਹਰਕੀਰਤ ਸਿੰਘ ਅਜਨੋਹਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਯੂਨੀਅਨ ਵਲੋਂ ਚੱਲ ਰਿਹਾ ਸੂਬਾ ਪੱਧਰੀ ਸੰਘਰਸ਼ ਦੌਰਾਨ ਮਾਲ ਵਿਭਾਗ ਪੰਜਾਬ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਾ ਘਿਰਾਓ ਕਰਨ ਉਪਰੰਤ ਉਨ੍ਹਾਂ ਨਾਲ ਹੋਈ ਮੀਟਿੰਗ ਵਿੱਚ 10 ਦਿਨ ਦਾ ਸਮਾਂ ਦਿੱਤਾ ਗਿਆ ਹੈ ਜੇਕਰ ਉਹ ਪੇਂਡੂ ਚੌਕੀਦਾਰਾਂ ਦੀਆਂ ਮੰਗਾਂ ਜਿਵੇਂ ਹਰਿਆਣਾ ਦੀ ਤਰਜ਼ 'ਤੇ 7500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ, ਮੌਸਮ ਅਨੁਸਾਰ ਡਿਊਟੀ ਕਰਨ ਲਈ ਸਰਦੀਆਂ ਤੇ ਗਰਮੀਆਂ ਦੀਆਂ 2 ਵਰਦੀਆਂ ,ਜਨਮ ਅਤੇ ਮੌਤ ਦਾ ਰਜਿਸਟ੍ਰੇਸ਼ਨ ਕਰਨ ਦਾ ਅਧਿਕਾਰ, ਪਿੰਡਾਂ ਵਿੱਚ 5-5 ਮਰਲੇ ਦਾ ਪਲਾਟ ਨਹੀਂ ਮੰਨੀਆਂ ਗਈਆਂ ਤਾਂ ਯੂਨੀਅਨ ਵੱਲੋਂ ਅਗਲੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਇਸ ਮੌਕੇ ਯੂਨੀਅਨ ਦੇ ਮੈਂਬਰਾਂ ਨੇ ਸੂਬਾ ਸਰਕਾਰ ਵੱਲੋਂ ਪਿੰਡਾਂ ਵਿਚ ਦਿੱਤੇ ਗਏ ਠੀਕਰੀ ਪਹਿਰਿਆਂ ਦਾ ਬਾਈਕਾਟ ਕਰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਸੂਬਾ ਸਰਕਾਰ ਨਹੀਂ ਮੰਨਦੀ ਪੇਂਡੂ ਚੌਕੀਦਾਰਾਂ ਵੱਲੋਂ ਠੀਕਰੀ ਪਹਿਰਿਆਂ ਦੀ ਮੁਕੰਮਲ ਤੌਰ 'ਤੇ ਬਾਈਕਾਟ ਕੀਤਾ ਜਾਵੇਗਾ। ਮੀਟਿੰਗ ਦੌਰਾਨ ਤਹਿਸੀਲ ਸੀਨੀਅਰ ਮੀਤ ਪ੍ਰਧਾਨ ਜਗਦੀਸ਼ ਮੂਨਕਾਂ, ਰਾਮ ਪ੍ਰਕਾਸ਼ ਮੁਕੇਰੀਆ, ਪਰਮਜੀਤ ਸਿੰਘ ਹਰਸੀ ਪਿੰਡ ,ਜਸਵਿੰਦਰ ਸਿੰਘ, ਪਿਆਰਾ ਸਿੰਘ, ਰਾਵਲ ਸਿੰਘ, ਕ੍ਰਿਸ਼ਨ ਕੁਮਾਰ, ਸਤਪਾਲ ਸਿੰਘ ਜਾਜਾ, ਮਲਕੀਅਤ ਸਿੰਘ, ਮਹਿੰਦਰ ਸਿੰਘ ,ਤਰਸੇਮ ਲਾਲ, ਮੰਗਤ ਰਾਮ ਜਲਾਲਪੁਰ, ਬੂਟਾ ਰਾਮ ਪਵੇ ਆਦਿ ਵੀ ਹਾਜ਼ਰ ਸਨ।