ਸੇਵਾ ਮੁਕਤ ਹੋਮ ਗਾਰਡ ਦੇ ਘਰ ਦਾਖਿਲ ਹੋ ਕੇ ਕੀਤਾ ਹਮਲਾ, ਗੰਭੀਰ ਜ਼ਖਮੀ
Tuesday, Oct 14, 2025 - 02:06 PM (IST)

ਹਾਜੀਪੁਰ (ਜੋਸ਼ੀ) : ਹਾਜੀਪੁਰ ਪੁਲਸ ਸਟੇਸ਼ਨ ਵਿਖੇ ਇਕ ਸੇਵਾ ਮੁਕਤ ਹੋਮ ਗਾਰਡ ਦੇ ਘਰ ਅੰਦਰ ਦਾਖਲ ਹੋ ਕੇ ਉਸ ਨਾਲ ਮਾਰਕੁਟਾਈ ਕੀਤੇ ਜਾਣ 'ਤੇ 4 ਲੋਕਾਂ ਖਿਲਾਫ਼ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਹਾਜੀਪੁਰ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਹਾਜੀਪੁਰ ਪੁਲਸ ਨੂੰ ਦਿੱਤੇ ਬਿਆਨ’ਚ ਸੇਵਾ ਮੁਕਤ ਹੋਮ ਗਾਰਡ ਵਿਜੈ ਸਿੰਘ ਪੁੱਤਰ ਉਮ ਪ੍ਰਕਾਸ਼ ਵਾਸੀ ਨੰਗਲ ਬਿਹਾਲਾਂ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਵਿਹੜੇ ਵਿਚ ਸੂਰਜ ਨੂੰ ਪਾਣੀ ਦੇ ਰਿਹਾ ਸੀ ਤਾਂ ਇੰਨੇ ਨੂੰ ਉਸਦੇ ਘਰ ਦਾ ਮੇਨ ਗੇਟ ਖੋਲ਼ ਕੇ ਉਸਦੇ ਗੁਆਂਢੀ ਪ੍ਰਤਾਪ ਕੁਮਾਰ, ਪਵਨ ਕੁਮਾਰ ਪੁੱਤਰਾਨ ਰਾਮ ਸਿੰਘ ਤੇ ਪ੍ਰਤਾਪ ਕੁਮਾਰ ਦੀ ਪਤਨੀ ਮੰਜੂ ਰਾਣੀ ਅਤੇ ਇਨ੍ਹਾਂ ਦੀ ਮਾਤਾ ਬੰਤੌ ਦੇਵੀ ਵਾਸੀਆਨ ਨੰਗਲ ਬਿਹਾਲਾਂ ਘਰ ਅੰਦਰ ਦਾਖਲ ਹੋਏ ਜਿਨ੍ਹਾਂ ਚੋਂ ਪ੍ਰਤਾਪ ਕੁਮਾਰ ਦੇ ਹੱਥਾ ਵਿਚ ਦਾਤ ਤੇ ਮੰਜੂ ਰਾਣੀ ਦੇ ਹੱਥ ਵਿਚ ਚੱਪਲ ਫੜੀ ਹੋਈ ਸੀ ।
ਵਿਜੈ ਸਿੰਘ ਨੂੰ ਵਿਹੜੇ ਵਿਚ ਖੜੇ ਦੇਖ ਕਿ ਪ੍ਰਤਾਪ ਕੁਮਾਰ ਨੇ ਲਲਕਾਰਾ ਮਾਰਿਆ ਕਿ ਇਸਨੂੰ ਫੜ ਲਉ ਇਸ ਨੂੰ ਅੱਜ ਜਿਉਂਦਾ ਨਹੀਂ ਛੱਡਣਾ ਤਾਂ ਇਨ੍ਹਾਂ ਸਾਰਿਆਂ ਨੇ ਵਿਜੈ ਸਿੰਘ 'ਤੇ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ । ਵਿਜੈ ਸਿੰਘ ਪਤਨੀ ਅਤੇ ਉਸਦੇ ਭਰਾ ਕੰਵਰ ਬਲਵਿੰਦਰ ਸਿੰਘ ਨੇ ਉਸਨੂੰ ਸਵਾਰੀ ਦਾ ਪ੍ਰਬੰਧ ਕਰਕੇ ਜ਼ਖਮੀ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਹਾਜੀਪੁਰ ਦਾਖਲ ਕਰਵਾਇਆ । ਲੜਾਈ ਦਾ ਮੁੱਖ ਕਾਰਣ ਵਿਜੈ ਕੁਮਾਰ ਨੇ ਆਪਣੇ ਘਰ ਦੇ ਨਾਲ ਪਲਾਟ ਵਿਚ ਸਬਜੀ ਬੀਜੀ ਹੈ ਤੇ ਝਗੜਾ ਕਰਨ ਵਾਲਿਆਂ ਦੇ ਪਾਲਤੂ ਕੁੱਤੇ ਵੱਲੋਂ ਉਸ ਪਲਾਟ ਵਿਚ ਪਖਾਨਾ ਕਰਨ 'ਤੇ ਉਲਾਮਾ ਦਿੱਤਾ ਸੀ। ਹਾਜੀਪੁਰ ਪੁਲਸ ਸਟੇਸ਼ਨ ਵਿਖੇ ਪ੍ਰਤਾਪ ਕੁਮਾਰ, ਪਵਨ ਕੁਮਾਰ, ਮੰਜੂ ਰਾਣੀ ਅਤੇ ਬੰਤੌ ਦੇਵੀ ਖਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।