ਬਿਜਲੀ ਦੇ ਲੰਬੇ ਕੱਟਾਂ ਤੋਂ ਦੁਖੀ ਅਹੀਆਪੁਰ ਵਾਸੀਆਂ ਨੇ ਸਰਕਾਰ ਤੇ ਬਿਜਲੀ ਮਹਿਕਮੇ ਖ਼ਿਲਾਫ਼ ਕੀਤਾ ਰੋਸ ਵਿਖਾਵਾ
Saturday, Sep 17, 2022 - 04:35 PM (IST)

ਟਾਂਡਾ ਉੜਮੁੜ (ਪੰਡਿਤ, ਕੁਲਦੀਸ਼,ਸ਼ਰਮਾ)-ਪਿਛਲੇ 6 ਦਿਨਾਂ ਤੋਂ ਲਗਾਤਾਰ ਬਿਜਲੀ ਦੀ ਘਟੀਆ ਸਪਲਾਈ ਅਤੇ ਲੰਬੇ ਕੱਟਾਂ ਤੋਂ ਦੁਖੀ ਅਹੀਆਪੁਰ ਵਾਸੀਆਂ ਨੇ ਅੱਜ ਸ਼ਾਮ ਸੂਬਾ ਸਰਕਾਰ ਅਤੇ ਬਿਜਲੀ ਮਹਿਕਮੇ ਦੇ ਖ਼ਿਲਾਫ਼ ਰੋਸ ਵਿਖਾਵਾ ਕੀਤਾ। ਇਸ ਰੋਸ ਵਿਖਾਵੇ ’ਚ ਵੱਡੀ ਗਿਣਤੀ ’ਚ ਔਰਤਾਂ ਨੇ ਸ਼ਮੂਲੀਅਤ ਕੀਤੀ। ਮਹਿਕਮੇ ਅਤੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੰਡਿਤ ਰਮੇਸ਼ ਚੰਦਰ ਸ਼ਰਮਾ, ਕੌਂਸਲਰ ਆਸ਼ੂ ਵੈਦ, ਸੋਨੂੰ ਪੁਰੀ, ਸੁਨੈਨਾ, ਸਾਕਸ਼ੀ, ਰਾਣੀ, ਸੰਗੀਤਾ, ਮੀਨਾ ਵੈਦ, ਸੋਨੀਆ ਮਨਚੰਦਾ ਅਤੇ ਕੌਂਸਲਰ ਕਮਲੇਸ਼ ਕੁਮਾਰੀ ਆਦਿ ਨੇ ਆਖਿਆ ਕਿ ਪਿਛਲੇ ਕਈ ਦਿਨਾਂ ਤੋਂ ਬਿਜਲੀ ਕੱਟਾਂ ਨਾਲ ਉਨ੍ਹਾਂ ਦਾ ਜਿਊਣਾ ਔਖਾ ਹੋਇਆ ਹੈ । ਰਾਤ ਨੂੰ ਰੋਜ਼ਾਨਾ 8-8 ਘੰਟਿਆਂ ਦੇ ਬਿਜਲੀ ਕੱਟਾਂ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਦਿਨ ਵੇਲੇ ਵੀ ਬਿਜਲੀ ਕੱਟ ਲੱਗ ਰਹੇ ਹਨ। ਗਰਮੀ ਦੇ ਮੌਸਮ ਅਤੇ ਬੱਚਿਆਂ ਦੇ ਚੱਲ ਰਹੇ ਪੇਪਰਾਂ ਕਾਰਨ ਉਨ੍ਹਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦਾ ਬਦਲਾਅ ਹੈ ਕਿ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਨੇ ਬਿਜਲੀ ਦੇਣੀ ਹੀ ਬੰਦ ਕਰ ਦਿੱਤੀ ਹੈ।
ਉਨ੍ਹਾਂ ਆਖਿਆ ਕਿ ਜਦੋਂ ਵੀ ਉਨ੍ਹਾਂ ਮਹਿਕਮੇ ਨੂੰ ਇਸ ਦੀ ਸ਼ਿਕਾਇਤ ਕੀਤੀ, ਉਨ੍ਹਾਂ ਤੋਂ ਬਿਜਲੀ ਕੱਟ ਹੋਣ ਦਾ ਜਵਾਬ ਮਿਲਿਆ ਅਤੇ ਕਦੇ ਕੋਈ ਖਰਾਬੀ ਦੀ ਗੱਲ ਆਖੀ ਜਾਂਦੀ ਹੈ । ਉਨ੍ਹਾਂ ਆਖਿਆ ਕਿ ਜੇਕਰ ਬਿਜਲੀ ਸੁਚਾਰੂ ਢੰਗ ਨਾਲ ਨਾ ਆਈ ਤਾਂ ਉਹ ਬਿਜਲੀ ਘਰ ਦਾ ਘਿਰਾਓ ਕਰਨਗੇ । ਇਸ ਰੋਸ ਵਿਖਾਵੇ ’ਚ ਨੀਲਮ, ਰਜਿੰਦਰ ਕੌਰ, ਰਾਣੀ, ਕੰਚਨ, ਸਿਕਸ਼ਾ, ਜੋਤੀ ਪਲਟਾ, ਪੰਕਜ ਸਚਦੇਵਾ, ਰਮਾ ਰਾਣੀ, ਰਾਜੂ ਜਸਰਾ, ਗੁਰਮੁਖ ਸਿੰਘ, ਪ੍ਰਧਾਨ ਗੁਰਸੇਵਕ ਮਾਰਸ਼ਲ, ਰਾਕੇਸ਼ ਬਿੱਟੂ, ਬਾਬੂ ਰੂਪ ਲਾਲ, ਮੰਨਾ ਮਹਿਰਾ, ਕਰਨ ਅਰੋੜਾ, ਕੋਮਲ, ਰਿੰਕੂ ਮਹਿਰਾ, ਚੇਤਨ ਸੋਂਧੀ, ਸੁਭ ਨਾਮਧਾਰੀ, ਮੁੰਨਾ, ਕੁਨਾਲ, ਪੱਪੂ, ਲੱਕੀ ਸ਼ਰਮਾ ਆਦਿ ਮੌਜੂਦ ਸਨ।