ਫਸਲੀ ਬੀਮਾਰੀ ਕਾਰਨ 3.50 ਏਕੜ ਤਬਾਹ ਹੋਈ ਝੋਨੇ ਦੀ ਫ਼ਸਲ, ਵਾਹੁਣ ਲਈ ਮਜਬੂਰ ਹੋਏ ਕਿਸਾਨ
Wednesday, Sep 14, 2022 - 03:03 PM (IST)
ਟਾਂਡਾ ਉੜਮੁੜ (ਮੋਮੀ) : ਪਿੰਡ ਜੱਸੋਵਾਲ ਵਿਖੇ ਕਿਸੇ ਨਾ ਮਾਲੂਮ ਫਸਲੀ ਬਿਮਾਰੀ ਦੀ ਚਪੇਟ 'ਚ ਆ ਕੇ ਤਬਾਹ ਹੋਈ ਕਰੀਬ 3.50 ਏਕੜ ਤੋਂ ਉੱਪਰ ਝੋਨੇ ਦੀ ਫਸਲ ਅੱਜ ਕਿਸਾਨਾਂ ਨੂੰ ਮਜਬੂਰੀ ਵੱਸ ਵਾਹੁਣੀ ਪਈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਪ੍ਰਭਾਵਿਤ ਕਿਸਾਨ ਪਰਮਿੰਦਰ ਸਿੰਘ ਪੁੱਤਰ ਸੁਰਜੀਤ ਸਿੰਘਵਾਸੀ ਪਿੰਡ ਚੱਕੋਵਾਲ, ਸਰਪੰਚ ਸਰਦਾਰਾ ਸਿੰਘ, ਸੂਬੇਦਾਰ ਵਰਿੰਦਰਪਾਲ ਸਿੰਘ,ਪੰਚ ਬਲਦੇਵ ਸਿੰਘ, ਹਜੂਰਾ ਸਿੰਘ,ਆਗਿਆ ਸਿੰਘ ਤੇ ਪਿੰਡ ਦੇ ਹੋਰਨਾਂ ਮੋਹਤਬਰ ਵਿਅਕਤੀਆਂ ਨੇ ਦੱਸਿਆ ਕਿ ਮਹਿੰਗੇ ਭਾਅ ਦੇ ਡੀਜ਼ਲ ਫੂਕ ਅਤੇ ਮਹਿੰਗੀਆਂ ਖਾਦਾਂ ਤੇ ਦਵਾਈਆਂ ਦੀ ਵਰਤੋਂ ਕਰਕੇ ਬੜੀ ਮਿਹਨਤ ਮੁਸ਼ੱਕਤ ਨਾਲ ਪਾਲੀ ਹੋਈ ਝੋਨੇ ਦੀ ਫਸਲ ਜਦੋਂ ਪੱਕਣ ਦਾ ਸਮਾਂ ਆਇਆ ਤਾਂ ਫ਼ਸਲੀ ਬੀਮਾਰੀ ਦੀ ਚਪੇਟ 'ਚ ਆਉਣ ਕਾਰਨ ਤਬਾਹ ਹੋ ਗਈ।
ਇਹ ਵੀ ਪੜ੍ਹੋ : ਨਾਜਾਇਜ਼ ਕਬਜ਼ਿਆਂ ਨੇ ਸੰਭਾਲੀਆਂ ਸ਼ਹਿਰ ਦੀਆਂ ਸੜਕਾਂ, ਯੈਲੋ ਲਾਈਨਾਂ ਅੰਦਰ ਵਾਹਨਾਂ ਦੀ ਜਗ੍ਹਾ ਲੱਗ ਰਹੀਆਂ ਫੜ੍ਹੀਆਂ
ਇਸ ਕਾਰਨ ਆਮ ਮਜਬੂਰੀਵੱਸ ਟਰੈਕਟਰ ਚਲਾ ਕੇ ਫਸਲ ਨਸ਼ਟ ਕਰਨੀ ਪਈ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਬੀਮਾਰੀ ਦੀ ਚਪੇਟ ਵਿੱਚ ਆਉਣ ਕਾਰਨ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ ਅਤੇ ਪਹਿਲਾਂ ਤੋਂ ਹੀ ਆਰਥਕ ਮੰਦਹਾਲੀ ਦਾ ਸ਼ਿਕਾਰ ਹੋਏ ਕਿਸਾਨਾਂ ਨਾ ਹੁਣ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਸੰਬੰਧੀ ਪ੍ਰਭਾਵਿਤ ਕਿਸਾਨਾਂ ਨੇ ਹੋਰ ਦੱਸਿਆ ਕਿ ਬੀਮਾਰੀ ਸਬੰਧੀ ਖੇਤੀਬਾੜੀ ਵਿਭਾਗ ਨੂੰ ਜਾਣੂ ਕਰਵਾਉਣ ਦੇ ਨਾਲ ਨਾਲ ਕਿਸਾਨ ਜਥੇਬੰਦੀਆਂ ਦੇ ਧਿਆਨ ਵਿੱਚ ਵੀ ਇਹ ਗੱਲ ਲਿਆਂਦੀ ਗਈ।ਪ੍ਰਭਾਵਿਤ ਕਿਸਾਨਾਂ ਨੇ ਇਸ ਬਿਮਾਰੀ ਦੀ ਚਪੇਟ ਵਿੱਚ ਆਉਣ ਕਾਰਨ ਤਬਾਹ ਹੋਈ ਫਸਲ ਦਾ ਮੁਆਵਜ਼ਾ ਦੇਣ ਦੀ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ।
ਕੀ ਕਹਿੰਦੇ ਹਨ ਖੇਤੀਬਾੜੀ ਮਾਹਿਰ
ਇਸ ਸਬੰਧੀ ਜਦੋਂ ਖੇਤੀਬਾੜੀ ਮਾਹਿਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਇਹ ਬਿਮਾਰੀ ਪਹਿਲੀ ਵਾਰ ਦੇਖਣ-ਸੁਣਨ ਨੂੰ ਮਿਲ ਰਹੀ ਹੈ ਜਿਸ ਕਾਰਨ ਝੋਨੇ ਦੀ ਫ਼ਸਲ ਦੀ ਗਰੋਥ ਰੁਕ ਜਾਂਦੀ ਹੈ।ਉਨ੍ਹਾਂ ਹੋਰ ਦੱਸਿਆ ਕਿ ਇਸ ਬਿਮਾਰੀ ਸਬੰਧੀ ਪੰਜਾਬ ਯੂਨੀਵਰਸਿਟੀ ਵਿੱਚ ਰਿਸਰਚ ਚੱਲ ਰਹੀ ਹੈ ਅਤੇ ਇਸ ਉਪਰੰਤ ਹੀ ਇਸ ਬਿਮਾਰੀ ਬਾਰੇ ਕੁਝ ਕਿਹਾ ਜਾ ਸਕਦਾ ਹੈ।