ਸੁੱਕੀ ਖੰਘ ਦੀ ਸਮੱਸਿਆ ਨੂੰ ਦੂਰ ਕਰਨ ਲਈ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ, ਮਿਲੇਗੀ ਰਾਹਤ

09/12/2022 3:10:46 PM

ਜਲੰਧਰ (ਬਿਊਰੋ) -ਮੌਸਮ ’ਚ ਬਦਲਾਅ ਆਉਣ ’ਤੇ ਬਹੁਤ ਸਾਰੇ ਲੋਕ ਖੰਘ ਵਰਗੀਆਂ ਬੀਮਾਰੀਆਂ ਦੀ ਲਪੇਟ ’ਚ ਆ ਜਾਂਦੇ ਹਨ। ਜ਼ਿਆਦਾ ਖੰਘ ਹੋਣ ’ਤੇ ਗਲੇ ਅਤੇ ਪਸਲੀਆਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਮੌਸਮ 'ਚ ਬਦਲਾਅ ਆ ਜਾਣ ਨਾਲ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਕਈ ਵਾਰ ਠੰਡੀਆਂ ਜਾਂ ਖੱਟੀਆਂ ਚੀਜ਼ਾਂ ਖਾਣ ਨਾਲ ਵੀ ਖੰਘ ਦੀ ਸਮੱਸਿਆ ਹੋ ਜਾਂਦੀ ਹੈ। ਸੁੱਕੀ ਖੰਘ ਹੋਣ 'ਤੇ ਜਲਦੀ ਆਰਾਮ ਆਉਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਕਫ ਸੀਰਪ ਪੀਣ ਨਾਲ ਨੀਂਦ ਜ਼ਿਆਦਾ ਆਉਣ ਲੱਗਦੀ ਹੈ। ਸੁੱਕੀ ਖੰਘ ਨੂੰ ਦੂਰ ਕਰਨ ਲਈ ਤੁਹਾਨੂੰ ਕਿਹੜੇ ਘਰੇਲੂ ਨੁਸਖ਼ੇ ਅਪਣਾਉਣੇ ਚਾਹੀਦੇ ਨੇ, ਦੇ ਬਾਰੇ ਆਓ ਜਾਣਦੇ ਹਾਂ....

ਸ਼ਹਿਦ ਦਾ ਕਰੋ ਸੇਵਨ
ਜੇਕਰ ਤੁਸੀਂ ਸੁੱਕੀ ਖੰਘ ਤੋਂ ਪਰੇਸ਼ਾਨ ਹੋ ਤਾਂ ਸ਼ਹਿਦ ਦਾ ਸੇਵਨ ਜ਼ਰੂਰ ਕਰੋ। ਸ਼ਹਿਦ ਪੋਸ਼ਕ ਤੱਤਾਂ, ਐਂਟੀ-ਆਕਸੀਡੈਂਟਸ, ਐਂਟੀ-ਬੈਕਟੀਰੀਅਲ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜਿਸ ਦਾ ਸੇਵਨ ਕਰਨ ’ਤੇ ਇਮਿਊਨਿਟੀ ਵਧਦੀ ਹੈ। ਸ਼ਹਿਦ ਗਲੇ ਦੀ ਖਰਾਸ਼, ਸੁੱਕੀ ਖਾਂਸੀ ਆਦਿ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਤੁਸੀਂ ਹਰਬਲ ਚਾਹ ਜਾਂ ਗਰਮ ਪਾਣੀ ਵਿਚ ਨਿੰਬੂ ਦੇ ਨਾਲ 2 ਚਮਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ। ਦਿਨ 'ਚ ਦੋ ਵਾਰ ਇਸ ਦਾ ਸੇਵਨ ਕਰਨ ਨਾਲ ਸੁੱਕੀ ਖਾਂਸੀ ਅਤੇ ਗਲੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਅਦਰਕ ਦਾ ਕਰੋ ਇਸਤੇਮਾਲ
ਖੰਘ ਦੀ ਸਮੱਸਿਆ ਤੋਂ ਬਚਣ ਲਈ ਤੁਸੀਂ ਅਦਰਕ ਦਾ ਸੇਵਨ ਵੀ ਕਰ ਸਕਦੇ ਹੋ। ਇਹ ਸੁੱਕੀ ਖਾਂਸੀ ਨੂੰ ਦੂਰ ਕਰਕੇ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਲਈ ਤੁਸੀਂ ਚਾਹ 'ਚ ਅਦਰਕ ਅਤੇ ਕਾਲੀ ਮਿਰਚ ਮਿਲਾ ਕੇ ਪੀ ਸਕਦੇ ਹੋ। ਤੁਸੀਂ ਇਸ 'ਚ ਸ਼ਹਿਦ ਵੀ ਮਿਲਾ ਸਕਦੇ ਹੋ। ਮਾਹਿਰਾਂ ਮੁਤਾਬਕ ਜ਼ਿਆਦਾ ਚਾਹ ਪੀਣ ਨਾਲ ਢਿੱਡ ਖ਼ਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ 'ਚ ਇਸ ਨੂੰ ਥੋੜ੍ਹੀ ਮਾਤਰਾ 'ਚ ਹੀ ਪੀਓ।

ਹਲਦੀ ਵਾਲਾ ਦੁੱਧ
ਰੋਜ਼ਾਨਾ ਸੌਣ ਤੋਂ ਪਹਿਲਾਂ ਗਰਮ ਦੁੱਧ 'ਚ 2 ਚੁਟਕੀ ਹਲਦੀ ਮਿਲਾ ਕੇ ਪੀਓ। ਇਸ ਨਾਲ ਜ਼ੁਕਾਮ ਅਤੇ ਖੰਘ ਤੋਂ ਜਲਦੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਹ ਇਮਿਊਨਿਟੀ ਅਤੇ ਪਾਚਨ ਤੰਤਰ ਨੂੰ ਮਜ਼ਬੂਤ ​​ਕਰਦਾ ਹੈ। ਅਜਿਹੇ 'ਚ ਇਸ ਦਾ ਸੇਵਨ ਕਰਨ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। 

ਲੂਣ ਵਾਲੇ ਪਾਣੀ ਦੇ ਕਰੋ ਗਰਾਰੇ
ਜੇਕਰ ਤੁਹਾਨੂੰ ਸੁੱਕੀ ਖੰਘ ਦੇ ਨਾਲ ਗਲੇ 'ਚ ਖਾਰਸ਼ ਦੀ ਸਮੱਸਿਆ ਹੈ ਤਾਂ ਲੂਣ ਵਾਲੇ ਪਾਣੀ ਦੇ ਗਰਾਰੇ ਜ਼ਰੂਰ ਕਰੋ। ਇਸ 'ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣ ਗਲੇ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ। ਇਹ ਸੁੱਕੀ ਖੰਘ, ਗਲੇ ਦੀ ਖਰਾਸ਼, ਜਲਨ, ਖੁਜਲੀ ਆਦਿ ਤੋਂ ਰਾਹਤ ਦਿਵਾਉਂਦੇ ਹਨ। ਇਸ ਲਈ ਇਕ ਕੱਪ ਕੋਸੇ ਪਾਣੀ 'ਚ 1/4 ਚਮਚ ਲੂਣ ਮਿਲਾ ਕੇ ਦਿਨ 'ਚ 2-3 ਵਾਰ ਗਰਾਰੇ ਕਰੋ।  

ਲਸਣ
ਸੁੱਕੀ ਖੰਘ ਨੂੰ ਠੀਕ ਕਰਨ ’ਚ ਲਸਣ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ। ਇਸ ਲਈ ਦੋ-ਤਿੰਨ ਲਸਣ ਦੀਆਂ ਤੁਰੀਆਂ ਨੂੰ ਇਕ ਕੱਪ ਪਾਣੀ 'ਚ ਉਬਾਲ ਲਓ। ਜਦੋਂ ਪਾਣੀ ਹਲਕਾ ਠੰਡਾ ਹੈ ਜਾਵੇ ਤਾਂ ਇਸ 'ਚ ਸ਼ਹਿਦ ਨੂੰ ਮਿਲਾ ਕੇ ਪੀ ਲਓ। ਅਜਿਹਾ ਕਰਨ ਨਾਲ ਤੁਹਾਨੂੰ ਰਾਹਤ ਮਿਲੇਗੀ।
 


rajwinder kaur

Content Editor

Related News