ਪੜ੍ਹਾਈ ਦਾ ਤਣਾਅ, ਜੰਕ ਫੂਡ ਤੇ ਮੋਬਾਈਲ ਵਧਾ ਰਹੇ ਨੇ ਨਾਬਾਲਗ ਕੁੜੀਆਂ ’ਚ ਹਾਰਮੋਨ ਅਸੰਤੁਲਨ
Friday, Sep 25, 2026 - 09:59 AM (IST)
ਨਵੀਂ ਦਿੱਲੀ (ਇੰਟ.)- ਮੋਬਾਈਲ ਸਕ੍ਰੀਨ ’ਤੇ ਦੇਰ ਤੱਕ ਸਰਗਰਮ ਰਹਿਣਾ, ਪੜ੍ਹਾਈ ਦਾ ਵਧਦਾ ਤਣਾਅ, ਪੂਰੀ ਨੀਂਦ ਨਾ ਲੈਣਾ, ਜੰਕ ਫੂਡ ਦੀ ਬਹੁਤੀ ਵਰਤੋਂ ਅਤੇ ਮੋਟਾਪਾ ਛੋਟੀ ਉਮਰ ਦੀਆਂ ਕੁੜੀਆਂ ਦੀ ਸਿਹਤ ’ਤੇ ਭਾਰੂ ਪੈ ਰਿਹਾ ਹੈ।
ਇਨ੍ਹਾਂ ਕਾਰਨਾਂ ਕਰ ਕੇ ਹਾਰਮੋਨਾਂ ਵਿਚ ਅਸੰਤੁਲਨ ਵਧ ਰਿਹਾ ਹੈ ਅਤੇ ਪੋਲੀਸਿਸਟਿਕ ਓਵਰੀਅਨ ਸਿੰਡਰੋਮ (ਪੀ. ਸੀ. ਓ. ਐੱਸ.) ਦਾ ਖ਼ਤਰਾ ਵੀ ਵਧ ਰਿਹਾ ਹੈ। ਏਮਜ਼ ਦੇ ਮਾਹਰਾਂ ਅਨੁਸਾਰ ਦਿੱਲੀ ਵਿਚ 19 ਸਾਲ ਤੋਂ ਘੱਟ ਉਮਰ ਦੀਆਂ ਕਰੀਬ 5 ਤੋਂ 8 ਫ਼ੀਸਦੀ ਕੁੜੀਆਂ ਪੀ. ਸੀ. ਓ. ਐੱਸ. ਤੋਂ ਪੀੜਤ ਹਨ। ਸਮਾਂ ਰਹਿੰਦਿਆਂ ਧਿਆਨ ਨਾ ਦਿੱਤਾ ਗਿਆ ਤਾਂ ਅੱਗੇ ਚੱਲ ਕੇ ਬਾਂਝਪਨ ਦੇ ਨਾਲ-ਨਾਲ ਹਾਈਪਰਟੈਨਸ਼ਨ, ਕੋਲੇਸਟ੍ਰੋਲ, ਸ਼ੂਗਰ ਅਤੇ ਦਿਲ ਦੇ ਰੋਗਾਂ ਦਾ ਖ਼ਤਰਾ ਵਧ ਸਕਦਾ ਹੈ।
4000 ਨਾਬਾਲਗ ਕੁੜੀਆਂ ’ਤੇ ਚੱਲ ਰਹੀ ਹੈ ਸਟੱਡੀ
ਪੀਡੀਆਟ੍ਰਿਕ ਐਂਡੋਕ੍ਰਿਨੋਲੋਜੀ ਮਾਹਰ ਡਾ. ਰਜਨੀ ਸ਼ਰਮਾ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਆਮ ਤੌਰ ’ਤੇ ਪੀ. ਸੀ. ਓ. ਐੱਸ. ਦੇ ਲੱਛਣ ਅੱਲੜ ਉਮਰ ਦੀ ਅਵਸਥਾ ਵਿਚ ਹੀ ਸ਼ੁਰੂ ਹੋ ਜਾਂਦੇ ਹਨ। ਇਕ ਗੈਰ-ਸਰਕਾਰੀ ਸੰਸਥਾ ਦੇ ਸਹਿਯੋਗ ਨਾਲ ਦਿੱਲੀ ਦੇ 6-7 ਸਕੂਲਾਂ ਦੀਆਂ ਕਰੀਬ 4000 ਕੁੜੀਆਂ ’ਤੇ ਪਿਛਲੇ ਤਿੰਨ ਸਾਲਾਂ ਤੋਂ ਅਧਿਐਨ ਕੀਤਾ ਜਾ ਰਹਾ ਹੈ।
ਇਸ ਦੀ ਫਾਈਨਲ ਰਿਪੋਰਟ ਦਸੰਬਰ ਵਿਚ ਆਉਣ ਦੀ ਉਮੀਦ ਹੈ। ਹੁਣ ਤੱਕ ਦੀ ਜਾਂਚ ਵਿਚ ਕਰੀਬ 20 ਫ਼ੀਸਦੀ ਕੁੜੀਆਂ ਵਿਚ ਅਨਿਯਮਿਤ ਮਾਹਵਾਰੀ ਦੀ ਸਮੱਸਿਆ ਮਿਲੀ ਹੈ, ਹਾਲਾਂਕਿ ਹਰ ਕੁੜੀ ਵਿਚ ਅਨਿਯਮਿਤ ਮਾਹਵਾਰੀ ਦਾ ਮਤਲਬ ਪੀ. ਸੀ. ਓ. ਐੱਸ. ਨਹੀਂ ਹੈ। ਅਧਿਐਨ ਵਿਚ 5 ਤੋਂ 8 ਫ਼ੀਸਦੀ ਕੁੜੀਆਂ ਵਿਚ ਪੀ. ਸੀ. ਓ. ਐੱਸ. ਪਾਇਆ ਗਿਆ ਹੈ।
ਯੋਗ ਤੇ ਰੋਜ਼ਾਨਾ ਇਕ ਘੰਟਾ ਖੇਡਣਾ ਜ਼ਰੂਰੀ
ਪ੍ਰੋਫ਼ੈਸਰ ਡਾ. ਵੰਦਨਾ ਜੈਨ ਨੇ ਦੱਸਿਆ ਕਿ ਜਨਮ ਦੇ ਸਮੇਂ ਵਜ਼ਨ ਆਮ ਨਾਲੋਂ ਘੱਟ ਹੋਣਾ ਅਤੇ ਬਾਅਦ ਵਿਚ ਤੇਜ਼ੀ ਨਾਲ ਵਜ਼ਨ ਵਧਣਾ ਵੀ ਪੀ. ਸੀ. ਓ. ਐੱਸ. ਦੇ ਖ਼ਤਰੇ ਨੂੰ ਵਧਾ ਸਕਦਾ ਹੈ। ਮਾਹਰਾਂ ਅਨੁਸਾਰ ਦੇਰ ਤੱਕ ਸਕ੍ਰੀਨ ’ਤੇ ਸਰਗਰਮ ਰਹਿਣ, ਜੰਕ ਫੂਡ ਖਾਣ ਅਤੇ ਸਰੀਰਕ ਗਤੀਵਿਧੀਆਂ ਘੱਟ ਹੋਣ ਨਾਲ ਮੋਟਾਪਾ ਵਧ ਰਿਹਾ ਹੈ, ਜਿਸ ਦਾ ਸਿੱਧਾ ਅਸਰ ਹਾਰਮੋਨਲ ਸੰਤੁਲਨ ’ਤੇ ਪੈਂਦਾ ਹੈ।
ਏਮਜ਼ ਦੇ ਐਨਾਟੋਮੀ ਵਿਭਾਗ ਦੀ ਪ੍ਰੋਫ਼ੈਸਰ ਡਾ. ਰੀਮਾ ਦਾਦਾ ਨੇ ਦੱਸਿਆ ਕਿ ਏਮਜ਼ ਵਿਚ ਹੋਈ ਖੋਜ ਵਿਚ ਸੂਰਜ ਨਮਸਕਾਰ ਸਮੇਤ ਯੋਗਾਸਨਾਂ ਨਾਲ ਤਣਾਅ ਘੱਟ ਹੋਣ ਦੇ ਸੰਕੇਤ ਮਿਲੇ ਹਨ। ਮਾਹਰਾਂ ਅਨੁਸਾਰ ਪੀ. ਸੀ. ਓ. ਐੱਸ. ਤੋਂ ਬਚਾਅ ਅਤੇ ਸ਼ੁਰੂਆਤੀ ਪੱਧਰ ’ਤੇ ਇਸ ਦੇ ਕੰਟਰੋਲ ਲਈ ਕੁੜੀਆਂ ਨੂੰ ਰੋਜ਼ਾਨਾ ਕਰੀਬ ਇਕ ਘੰਟਾ ਖੇਡਣਾ ਜਾਂ ਕਸਰਤ ਕਰਨੀ ਚਾਹੀਦੀ ਹੈ।
ਅਨਿਯਮਿਤ ਮਾਹਵਾਰੀ ਨੂੰ ਅਣਦੇਖਾ ਨਾ ਕਰੋ
ਅਨਿਯਮਿਤ ਮਾਹਵਾਰੀ ਅਤੇ ਐਂਡਰੋਜਨ ਹਾਰਮੋਨ ਵਧਣ ਕਰ ਕੇ ਚਿਹਰੇ ’ਤੇ ਵਾਲ ਆਉਣਾ ਸ਼ੁਰੂਆਤੀ ਸੰਕੇਤ ਹੋ ਸਕਦੇ ਹਨ। ਮਾਹਰਾਂ ਅਨੁਸਾਰ ਛੋਟੀ ਉਮਰੇ ਇਕ ਸਾਲ ਵਿਚ ਅਨਿਯਮਿਤ ਮਾਹਵਾਰੀ ਨੂੰ ਇਕੱਲੇ ਪੀ. ਸੀ. ਓ. ਐੱਸ. ਦਾ ਲੱਛਣ ਨਹੀਂ ਮੰਨਿਆ ਜਾਂਦਾ। ਹਾਲਾਂਕਿ ਇਕ ਸਾਲ ਬਾਅਦ ਜੇਕਰ ਲਗਾਤਾਰ ਤਿੰਨ ਮਹੀਨਿਆਂ ਤੱਕ ਮਾਹਵਾਰੀ ਅਨਿਯਮਿਤ ਰਹੇ ਤਾਂ ਡਾਕਟਰੀ ਸਲਾਹ ਲੈਣਾ ਜ਼ਰੂਰੀ ਹੈ। ਏਮਜ਼ ਦੇ ਪੀਡੀਆਟ੍ਰਿਕ ਵਿਭਾਗ ਵਿਚ ਪੀ. ਸੀ. ਓ. ਐੱਸ. ਲਈ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਵਿਸ਼ੇਸ਼ ਕਲੀਨਿਕ ਚਲਾਇਆ ਜਾਂਦਾ ਹੈ।
ਸਮੱਸਿਆ ਦੇ ਵੱਡੇ ਕਾਰਨ
- ਦੇਰ ਤੱਕ ਮੋਬਾਈਲ ਸਕ੍ਰੀਨ ’ਤੇ ਸਰਗਰਮ ਰਹਿਣਾ
- ਜੰਕ ਫੂਡ ਦੀ ਬਹੁਤੀ ਵਰਤੋਂ
- ਪੜ੍ਹਾਈ ਦਾ ਦਬਾਅ ਅਤੇ ਵਧਦਾ ਤਣਾਅ
- ਖੇਡਾਂ ਤੇ ਸਰੀਰਕ ਗਤੀਵਿਧੀਆਂ ਵਿਚ ਕਮੀ
- ਮੋਟਾਪਾ ਵਧਣਾ
- ਸ਼ੁਰੂਆਤੀ ਲੱਛਣ
- ਅਨਿਯਮਿਤ ਮਾਹਵਾਰੀ
- ਚਿਹਰੇ ’ਤੇ ਵਾਧੂ ਵਾਲ ਆਉਣਾ
- ਹਾਰਮੋਨਲ ਅਸੰਤੁਲਨ ਦੇ ਸੰਕੇਤ
