ਕਬਜ਼ ਤੋਂ ਨਿਜ਼ਾਤ ਪਾਉਣ ਲਈ ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ, ਮਿਲਣਗੇ ਹੋਰ ਵੀ ਲਾਭ
Friday, Jan 22, 2021 - 11:08 AM (IST)
ਨਵੀਂ ਦਿੱਲੀ-ਸਰਦੀਆਂ ਦੇ ਮੌਸਮ ਵਿੱਚ ਘੱਟ ਪਾਣੀ ਪੀਣ ਅਤੇ ਗਰਮ ਮਸਾਲੇਦਾਰ ਖਾਣਾ ਖਾਣ ਨਾਲ ਬਹੁਤ ਸਾਰੇ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ। ਕਬਜ਼ ਦੀ ਸਮੱਸਿਆ ਹੋ ਜਾਣ ਨਾਲ ਢਿੱਡ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਲਗਭਗ ਬਿਮਾਰੀਆਂ ਕਬਜ਼ ਦੇ ਕਾਰਨ ਹੁੰਦੀਆਂ ਹਨ ਕਿਉਂਕਿ ਢਿੱਡ ਸਹੀ ਤਰ੍ਹਾਂ ਸਾਫ਼ ਨਾ ਹੋਣ ਦੇ ਕਾਰਨ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਲਈ ਕਬਜ਼ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਸਾਨੂੰ ਆਪਣੇ ਖਾਣੇ ਵਿੱਚ ਫਾਈਬਰ ਵਾਲੀਆਂ ਚੀਜ਼ਾਂ ਦੀ ਮਾਤਰਾ ਵਧਾਉਣੀ ਚਾਹੀਦੀ ਹੈ। ਫਾਈਬਰ ਵਾਲੀਆਂ ਚੀਜ਼ਾਂ ਖਾਣ ਨਾਲ ਪੁਰਾਣੀ ਤੋਂ ਪੁਰਾਣੀ ਕਬਜ਼ ਵੀ ਦੂਰ ਹੋ ਜਾਂਦੀ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਚੀਜ਼ਾਂ ਜੋ ਫਾਈਬਰ ਨਾਲ ਭਰਪੂਰ ਹੁੰਦੀਆਂ ਹਨ। ਕਬਜ਼ ਦੀ ਸਮੱਸਿਆ ਹੋਣ ਤੇ ਇਨ੍ਹਾਂ ਚੀਜ਼ਾਂ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ।
ਫਾਈਬਰ ਵਾਲੀਆਂ ਚੀਜ਼ਾਂ
ਦਾਲਾਂ ਅਤੇ ਸਾਬਤ ਅਨਾਜ: ਦਾਲਾਂ ਅਤੇ ਸਾਬਤ ਅਨਾਜ ਫਾਈਬਰ ਨਾਲ ਭਰਪੂਰ ਹੋਣ ਦੇ ਕਾਰਨ ਡਾਈਜੇਸ਼ਨ ਵਿਚ ਮਦਦ ਕਰਦੇ ਹਨ। ਇਸ ਲਈ ਉਨ੍ਹਾਂ ਚੀਜ਼ਾਂ ਦੀ ਵਰਤੋਂ ਕਰੋ। ਜੋ ਅਸਾਨੀ ਨਾਲ ਪਚ ਜਾਣ ਅਤੇ ਨਾਲ ਵਿਟਾਮਿਨਸ ਅਤੇ ਮਿਨਰਲਸ ਨਾਲ ਭਰਪੂਰ ਹੋਣ। ਜੇਕਰ ਤੁਹਾਨੂੰ ਵੀ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਮੂੰਗੀ ਦੀ ਦਾਲ ਦੀ ਵਰਤੋਂ ਕਰੋ। ਮੂੰਗੀ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਕਬਜ਼ ਦੀ ਸਮੱਸਿਆ ਜਲਦੀ ਠੀਕ ਹੋ ਜਾਂਦੀ ਹੈ।
ਬ੍ਰਾਊਨ ਰਾਈਸ: ਬ੍ਰਾਊਨ ਰਾਈਸ ਖਾਣ ਨਾਲ ਕਬਜ਼ ਦੀ ਸਮੱਸਿਆ ਤੋਂ ਜਲਦੀ ਛੁਟਕਾਰਾ ਮਿਲ ਸਕਦਾ ਹੈ। ਇਸਦੇ ਲਈ ਤੁਸੀਂ ਪੁਰਾਣੇ ਚੌਲ ਜਾਂ ਫਿਰ ਬ੍ਰਾਊਨ ਰਾਈਸ ਖਾ ਸਕਦੇ ਹੋ ਕਿਉਂਕਿ ਇਸ ਵਿਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਹ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ।
ਓਟਸ: ਓਟਸ ਵਿੱਚ ਬੀਟਾ ਗਲੂਟੇਨ ਫਾਈਬਰ ਹੁੰਦਾ ਹੈ। ਇਸ ਤੋਂ ਇਲਾਵਾ ਓਟਸ ਵਿੱਚ ਪਾਏ ਜਾਣ ਵਾਲਾ ਅਣਸੋਲਉਬਲ ਫਾਈਬਰ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਅਤੇ ਪਾਚਨ ਸ਼ਕਤੀ ਵਧਾਉਂਦਾ ਹੈ। ਓਟਸ ਵਿੱਚ ਕੈਲਸ਼ੀਅਮ , ਪੋਟਾਸ਼ੀਅਮ , ਵਿਟਾਮਿਨ ਬੀ ਕੰਪਲੈਕਸ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਜੋ ਬਲੱਡ ਸ਼ੂਗਰ ਨੂੰ ਸਹੀ ਰੱਖਣ ਵਿੱਚ ਮਦਦਗਾਰ ਹਨ।
ਹਰੀਆਂ ਪੱਤੇਦਾਰ ਸਬਜ਼ੀਆਂ: ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਘੁਲਣਸ਼ੀਲ ਫਾਈਬਰ ਹੁੰਦਾ ਹੈ। ਜੋ ਸਰੀਰ ਵਿੱਚੋਂ ਖਰਾਬ ਤੱਤਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦੇ ਹਨ। ਇਸ ਲਈ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਦੀ ਆਪਣੀ ਖੁਰਾਕ ਵਿਚ ਫਾਈਬਰ ਵਾਲੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਸ਼ਾਮਲ ਕਰੋ। ਜਿਵੇਂ ਪਾਲਕ , ਬੰਦਗੋਭੀ, ਮੇਥੀ ਅਤੇ ਬਾਥੂ।
ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਸਲਾਦ ਖਾਓ:ਕੱਚੀਆਂ ਸਬਜ਼ੀਆਂ ਅਤੇ ਫ਼ਲਾਂ ਨਾਲ ਬਣੇ ਸਲਾਦ ਢਿੱਡ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ ਕਿਉਂਕਿ ਇਸ ਵਿਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਵਿਚ ਮੌਜੂਦ ਫ਼ਲ ਅਤੇ ਸਬਜ਼ੀਆਂ ਸਾਡੇ ਸਰੀਰ ਨੂੰ ਸਾਰੇ ਜ਼ਰੂਰੀ ਪੋਸ਼ਕ ਤੱਤ ਦਿੰਦੇ ਹਨ ਅਤੇ ਪਾਚਨ ਤੰਤਰ ਨੂੰ ਮਜ਼ਬੂਤ ਕਰਦੇ ਹਨ ।
ਰਾਗੀ:ਜੇਕਰ ਤੁਹਾਨੂੰ ਬਹੁਤ ਜ਼ਿਆਦਾ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਰਾਗੀ ਦੀ ਵਰਤੋਂ ਜ਼ਰੂਰ ਕਰੋ। ਰਾਗੀ ਵਿੱਚ ਡਾਈਟਰੀ ਫਾਈਬਰ ਹੁੰਦਾ ਹੈ ਜੋ ਪਾਚਨ ਠੀਕ ਕਰਨ ਅਤੇ ਢਿੱਡ ਨੂੰ ਤੰਦਰੁਸਤ ਰੱਖਣ ਲਈ ਬਹੁਤ ਜ਼ਰੂਰੀ ਪੋਸ਼ਕ ਤੱਤ ਹੈ। ਰਾਗੀ ਵਿਚ ਮੌਜੂਦ ਫਾਈਬਰ ਸਾਡੇ ਪਾਚਨ ਨੂੰ ਠੀਕ ਰੱਖਦਾ ਹੈ। ਇਸ ਲਈ ਕਬਜ਼ ਦੀ ਸਮੱਸਿਆ ਹੋਣ ਤੇ ਰਾਗੀ ਨੂੰ ਆਟੇ ਵਿੱਚ ਮਿਲਾ ਕੇ ਰੋਟੀ ਬਣਾ ਕੇ ਖਾਓ।
ਇਹ ਵੀ ਪੜ੍ਹੋ:ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲੋਕ ਭੁੱਲ ਕੇ ਵੀ ਨਾ ਖਾਣ ਸੰਤਰਾ, ਫ਼ਾਇਦੇ ਦੀ ਜਗ੍ਹਾ ਹੋਵੇਗਾ ਨੁਕਸਾਨ
ਪੁੰਗਰੀਆਂ ਹੋਈਆਂ ਚੀਜ਼ਾਂ: ਪੁੰਗਰੇ ਹੋਏ ਛੋਲੇ ਅਤੇ ਮੂੰਗੀ ਖਾਣ ਨਾਲ ਕਬਜ਼ ਅਤੇ ਗੈਸ ਦੀ ਬਿਮਾਰੀ ਤੋਂ ਰਾਹਤ ਮਿਲਦੀ ਹੈ। ਇਹ ਡਾਈਜੇਸ਼ਨ ਨੂੰ ਠੀਕ ਰੱਖਦੇ ਹਨ। ਇਹ ਪੁੰਗਰੀਆਂ ਹੋਈਆਂ ਚੀਜ਼ਾਂ ਸਰੀਰ ਨੂੰ ਡੀਟੌਕਸ ਕਰਕੇ , ਉਸ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੀਆਂ ਹਨ।
ਜੜ੍ਹਾਂ ਵਾਲੀਆਂ ਸਬਜ਼ੀਆਂ: ਜੜ੍ਹਾਂ ਵਾਲੀਆਂ ਸਬਜ਼ੀਆਂ ਜਿਵੇਂ ਮੂਲੀ , ਸ਼ਲਗਮ , ਗਾਜਰ ਅਤੇ ਚੁਕੰਦਰ ਇਨ੍ਹਾਂ ਵਿੱਚ ਰਫੇਜ਼ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਸ ਦੇ ਨਾਲ ਹੋਰ ਪੌਸ਼ਟਿਕ ਤੱਤ ਜਿਵੇਂ ਵਿਟਾਮਿਨ ਅਤੇ ਮਿਨਰਲਸ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ। ਜਿਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ।
ਛੱਲੀ: ਛੱਲੀ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਇਸ ਵਿਚ ਫਾਈਬਰ ਹੁੰਦਾ ਹੈ। ਜੋ ਸਾਡੀ ਅੰਤੜੀਆਂ ਵਿਚ ਜਮ੍ਹਾਂ ਗੰਦਗੀ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ। ਇਸ ਨੂੰ ਖਾਣ ਨਾਲ ਖ਼ੂਨ ਦੀ ਕਮੀ ਵੀ ਦੂਰ ਹੁੰਦੀ ਹੈ ਕਿਉਂਕਿ ਛੱਲੀ ਵਿੱਚ ਵਿਟਾਮਿਨ ਬੀ ਅਤੇ ਫੋਲਿਕ ਐਸਿਡ ਹੁੰਦਾ ਹੈ।
ਪਪੀਤਾ: ਪਪੀਤੇ ਵਿੱਚ ਵਿਟਾਮਿਨ ਏ , ਪੋਟਾਸ਼ੀਅਮ ਅਤੇ ਕੈਲਸ਼ੀਅਮ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ। ਪਪੀਤਾ ਇਕ ਰੇਸ਼ੇਦਾਰ ਫ਼ਲ ਹੈ ਇਸ ਲਈ ਇਹ ਸਾਡੀਆਂ ਅੰਤੜੀਆਂ ਦੀ ਸਫ਼ਾਈ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਪੁਰਾਣੀ ਕਬਜ਼ ਹੈ ਉਸ ਨੂੰ ਪਪੀਤੇ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਦੇ ਲਈ ਉਨ੍ਹਾਂ ਨੂੰ ਸਵੇਰੇ ਖਾਲੀ ਢਿੱਡ ਪਪੀਤਾ ਖਾਣਾ ਚਾਹੀਦਾ ਹੈ। ਜਿਸ ਨਾਲ ਪਾਚਨ ਤੰਤਰ ਸਹੀ ਤਰ੍ਹਾਂ ਕੰਮ ਕਰਦਾ ਹੈ ਅਤੇ ਬਲੱਡ ਸ਼ੂਗਰ ਸਹੀ ਰਹਿੰਦੀ ਹੈ।
ਸੰਤਰਾ: ਸੰਤਰਾ ਖਾਣ ਨਾਲ ਅਤੇ ਇਸ ਦਾ ਜੂਸ ਪੀਣ ਨਾਲ ਕਬਜ਼ ਤੋਂ ਛੁਟਕਾਰਾ ਮਿਲਦਾ ਹੈ। ਸੰਤਰੇ 'ਚ ਵਿਟਾਮਿਨ ਸੀ, ਮਿਨਰਲਸ ਅਤੇ ਡਾਈਟਰੀ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਕਬਜ਼ ਦੀ ਸਮੱਸਿਆ ਹੋਣ ਤੇ ਰੋਜ਼ਾਨਾ ਇਕ ਸੰਤਰੇ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਪਾਚਨ ਤੰਤਰ ਤੰਦਰੁਸਤ ਅਤੇ ਢਿੱਡ ਸਾਫ ਰਹਿੰਦਾ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।