ਗਰਮੀ ਦਾ ਕਾਲ ਹੈ 'ਕੱਚਾ ਅੰਬ'! ਸਿਰਫ਼ ਸਵਾਦ ਨਹੀਂ, ਸਰੀਰ ਲਈ ਹੈ ਕੁਦਰਤੀ ਦਵਾਈ, ਜਾਣੋ ਇਸ ਦੇ ਫਾਇਦੇ
Thursday, May 14, 2026 - 10:45 AM (IST)
ਹੈਲਥ ਡੈਸਕ - ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਬਾਜ਼ਾਰਾਂ 'ਚ ਕੱਚੇ ਅੰਬਾਂ ਦੀ ਬਹਾਰ ਆ ਜਾਂਦੀ ਹੈ। ਲੋਕ ਅਕਸਰ ਇਸ ਦੀ ਵਰਤੋਂ ਚਟਨੀ, ਅਚਾਰ ਜਾਂ ਪੰਨੇ ਦੇ ਰੂਪ 'ਚ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਖੱਟਾ-ਮਿੱਠਾ ਕੱਚਾ ਅੰਬ ਸਿਰਫ ਜੀਭ ਦਾ ਸੁਆਦ ਹੀ ਨਹੀਂ ਵਧਾਉਂਦਾ, ਸਗੋਂ ਭਿਆਨਕ ਗਰਮੀ ਵਿੱਚ ਤੁਹਾਡੇ ਸਰੀਰ ਲਈ ਇਕ 'ਸੁਪਰਫੂਡ' ਵਜੋਂ ਵੀ ਕੰਮ ਕਰਦਾ ਹੈ?
ਮਾਹਿਰਾਂ ਅਨੁਸਾਰ ਕੱਚੇ ਅੰਬ 'ਚ ਵਿਟਾਮਿਨ-ਸੀ, ਏ, ਅਤੇ ਬੀ-6 ਤੋਂ ਇਲਾਵਾ ਆਇਰਨ ਅਤੇ ਮੈਗਨੀਸ਼ੀਅਮ ਵਰਗੇ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ। ਆਓ ਜਾਣਦੇ ਹਾਂ ਕੱਚਾ ਅੰਬ ਖਾਣ ਦੇ ਉਹ ਫਾਇਦੇ, ਜੋ ਤੁਹਾਨੂੰ ਹੈਰਾਨ ਕਰ ਦੇਣਗੇ:
ਲੂ ਤੋਂ ਬਚਾਅ
ਗਰਮੀ ਦੇ ਮੌਸਮ 'ਚ ਚੱਲਣ ਵਾਲੀ ਗਰਮ ਹਵਾ ਯਾਨੀ 'ਲੂ' ਤੋਂ ਬਚਣ ਲਈ ਕੱਚਾ ਅੰਬ ਸਭ ਤੋਂ ਵਧੀਆ ਇਲਾਜ ਹੈ। ਇਸ ਦਾ ਪੰਨਾ (ਜੂਸ) ਪੀਣ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੁੰਦੀ ਅਤੇ ਸਰੀਰ ਦਾ ਤਾਪਮਾਨ ਕੰਟਰੋਲ ਵਿੱਚ ਰਹਿੰਦਾ ਹੈ।
ਪਾਚਨ ਸ਼ਕਤੀ ਵਧਾਉਣ 'ਚ ਸਹਾਇਕ
ਜੇਕਰ ਤੁਹਾਨੂੰ ਗਰਮੀਆਂ 'ਚ ਬਦਹਜ਼ਮੀ, ਗੈਸ ਜਾਂ ਐਸੀਡਿਟੀ ਦੀ ਸ਼ਿਕਾਇਤ ਰਹਿੰਦੀ ਹੈ, ਤਾਂ ਕੱਚਾ ਅੰਬ ਤੁਹਾਡੇ ਲਈ ਰਾਮਬਾਣ ਹੈ। ਇਹ ਪਾਚਨ ਐਂਜ਼ਾਈਮਾਂ ਨੂੰ ਵਧਾਉਂਦਾ ਹੈ, ਜਿਸ ਨਾਲ ਖਾਣਾ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ।
ਇਮਿਊਨਿਟੀ ਨੂੰ ਕਰੇ ਮਜ਼ਬੂਤ
ਕੱਚੇ ਅੰਬ 'ਚ ਵਿਟਾਮਿਨ-ਸੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਹ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ, ਜਿਸ ਨਾਲ ਤੁਸੀਂ ਮੌਸਮੀ ਬਿਮਾਰੀਆਂ ਅਤੇ ਇਨਫੈਕਸ਼ਨ ਤੋਂ ਬਚੇ ਰਹਿੰਦੇ ਹੋ।
ਸ਼ੂਗਰ ਅਤੇ ਭਾਰ ਘਟਾਉਣ 'ਚ ਮਦਦਗਾਰ
ਪੱਕੇ ਹੋਏ ਅੰਬ ਦੇ ਮੁਕਾਬਲੇ ਕੱਚੇ ਅੰਬ 'ਚ ਸ਼ੂਗਰ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਜੋ ਭਾਰ ਘਟਾਉਣ 'ਚ ਮਦਦ ਕਰਦਾ ਹੈ। ਸ਼ੂਗਰ ਦੇ ਮਰੀਜ਼ ਵੀ ਸੀਮਤ ਮਾਤਰਾ 'ਚ ਇਸ ਦਾ ਸੇਵਨ ਕਰ ਸਕਦੇ ਹਨ।
ਚਮੜੀ ਅਤੇ ਦੰਦਾਂ ਲਈ ਫਾਇਦੇਮੰਦ
ਇਹ ਖੂਨ ਨੂੰ ਸਾਫ਼ ਕਰਨ 'ਚ ਮਦਦ ਕਰਦਾ ਹੈ, ਜਿਸ ਨਾਲ ਚਮੜੀ 'ਤੇ ਕੁਦਰਤੀ ਚਮਕ ਆਉਂਦੀ ਹੈ। ਇਸ ਤੋਂ ਇਲਾਵਾ, ਇਹ ਮਸੂੜਿਆਂ ਦੀਆਂ ਸਮੱਸਿਆਵਾਂ ਅਤੇ ਮੂੰਹ ਦੀ ਬਦਬੂ ਨੂੰ ਦੂਰ ਕਰਨ 'ਚ ਵੀ ਸਹਾਇਕ ਹੈ।
ਸਾਵਧਾਨੀ
- ਕੱਚਾ ਅੰਬ ਖਾਣ ਤੋਂ ਤੁਰੰਤ ਬਾਅਦ ਦੁੱਧ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਾਲ ਹੀ, ਇਸ ਦਾ ਬਹੁਤ ਜ਼ਿਆਦਾ ਸੇਵਨ ਪੇਟ 'ਚ ਦਰਦ ਦਾ ਕਾਰਨ ਵੀ ਬਣ ਸਕਦਾ ਹੈ, ਇਸ ਲਈ ਸੰਤੁਲਿਤ ਮਾਤਰਾ 'ਚ ਹੀ ਖਾਓ।
