Child Care: ਜੇਕਰ ਬੱਚਿਆਂ ਨੂੰ ਭੁੱਖ ਨਹੀਂ ਲੱਗ ਰਹੀ ਤਾਂ ਮਾਪੇ ਜ਼ਰੂਰ ਅਜ਼ਮਾਉਣ ਇਹ ਸੌਖੇ ਤਰੀਕੇ

07/19/2023 12:41:35 PM

ਜਲੰਧਰ - ਅੱਜ ਦੇ ਸਮੇਂ 'ਚ ਬੱਚੇ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਬਹੁਤ ਨੱਖਰੇ ਕਰਦੇ ਹਨ। ਸਰੀਰ ਨੂੰ ਤੰਦਰੁਸਤ ਅਤੇ ਦਿਮਾਗ ਨੂੰ ਤੇਜ਼ ਕਰਨ ਲਈ ਬੱਚਿਆਂ ਨੂੰ ਚੰਗੀ ਡਾਈਟ ਜ਼ਰੂਰ ਲੈਣੀ ਚਾਹੀਦੀ ਹੈ। ਚੰਗੀ ਅਤੇ ਪੌਸ਼ਟਿਕ ਖੁਰਾਕ ਖਾਣ ਨਾਲ ਬੱਚਿਆਂ ਦਾ ਸਹੀ ਵਿਕਾਸ ਹੋ ਸਕਦਾ ਹੈ। ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹਨ, ਜਿਹਨਾਂ ਦੇ ਬੱਚੇ ਖਾਣਾ ਨਹੀਂ ਖਾਂਦੇ ਅਤੇ ਉਹ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਤ ਰਹਿੰਦੀਆਂ ਹਨ। ਖਾਣਾ ਨਾ ਖਾਣ ਨਾਲ ਬੱਚਿਆਂ ਨੂੰ ਭੁੱਖ ਲੱਗਣੀ ਬੰਦ ਹੋ ਜਾਂਦੀ, ਜਿਸ ਕਰਕੇ ਉਨ੍ਹਾਂ ਦਾ ਸਰੀਰਕ ਵਾਧਾ ਰੁੱਕ ਜਾਂਦਾ ਹੈ। ਅੱਜ ਦੇ ਸਮੇਂ 'ਚ ਬਹੁਤ ਸਾਰੇ ਬੱਚੇ ਚਿਪਸ, ਬਰਗਰ, ਪੀਜ਼ਾ, ਜੰਕ ਫੂਡ, ਚਾਕਲੇਟ, ਕੋਲਡ ਡਰਿੰਕਸ ਦੇ ਸ਼ੌਂਕੀਨ ਹਨ, ਜਿਸ ਨਾਲ ਕਈ ਬੀਮਾਰੀਆਂ ਹੋ ਜਾਂਦੀਆਂ ਹਨ। ਇਹਨਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਬੱਚਿਆਂ ਨੂੰ ਭੁੱਖ ਨਹੀਂ ਲੱਗਦੀ ਅਤੇ ਉਹ ਭੋਜਨ ਖਾਣਾ ਛੱਡ ਦਿੰਦੇ ਹਨ। ਜੇਕਰ ਤੁਹਾਡੇ ਬੱਚਿਆਂ ਨੂੰ ਵੀ ਭੁੱਖ ਨਹੀਂ ਲੱਗਦੀ ਤਾਂ ਤੁਸੀਂ ਉਕਤ ਨੁਸਖ਼ੇ ਅਪਣਾ ਸਕਦੇ ਹੋ....

ਪੌਸ਼ਟਿਕ ਤੱਤਾਂ ਨਾਲ ਭਰਪੂਰ ਚੀਜ਼ਾਂ
ਜੇਕਰ ਤੁਹਾਡੇ ਬੱਚੇ ਨੂੰ ਭੁੱਖ ਨਹੀਂ ਲੱਗਦੀ ਤਾਂ ਉਸ ਦੀ ਖੁਰਾਕ ਵਿੱਚ ਪਾਲਕ, ਸਾਬਤ ਅਨਾਜ, ਪਾਸਤਾ, ਚਾਵਲ, ਮਟਰ, ਛੋਲੇ ਅਤੇ ਬਰੋਕਲੀ ਆਦਿ ਨੂੰ ਸ਼ਾਮਲ ਕਰੋ। ਇਹਨਾਂ ਸਾਰੀਆਂ ਚੀਜ਼ਾਂ ਨਾਲ ਸਰੀਰ ਨੂੰ ਪੌਸ਼ਟਿਕ ਤੱਤ ਮਿਲਦੇ ਹਨ ਅਤੇ ਬੱਚੇ ਨੂੰ ਭੁੱਖ ਵੀ ਲੱਗਦੀ ਹੈ। 

ਵੱਖ-ਵੱਖ ਰੰਗਾਂ ਦੇ ਫਲ ਅਤੇ ਸਬਜ਼ੀਆਂ
ਜੇਕਰ ਤੁਹਾਡੇ ਬੱਚਿਆਂ ਨੂੰ ਭੁੱਖ ਨਹੀਂ ਲੱਗਦੀ ਤਾਂ ਮਾਪੇ ਉਹਨਾਂ ਨੂੰ ਵੱਖ-ਵੱਖ ਰੰਗਾਂ ਦੇ ਫਲ ਅਤੇ ਸਬਜ਼ੀਆਂ ਖੁਆਉਣ ਦੀ ਕੋਸ਼ਿਸ਼ ਕਰਨ। ਬੱਚਿਆਂ ਨੂੰ ਸਟ੍ਰਾਬੇਰੀ, ਸ਼ਹਿਦ, ਕੇਲਾ, ਦਹੀਂ, ਅੰਬ ਜਾਂ ਹੋਰ ਮਨਪਸੰਦ ਫਲਾਂ ਦਾ ਮਿਲਕਸ਼ੇਕ ਬਣਾ ਕੇ ਵੀ ਦੇ ਸਕਦੇ ਹੋ। 

ਇਮਲੀ
ਜੇਕਰ ਤੁਹਾਡੇ ਬੱਚੇ ਨੂੰ ਭੁੱਖ ਨਹੀਂ ਲੱਗਦੀ ਤਾਂ ਮਾਪੇ ਬੱਚਿਆਂ ਨੂੰ ਇਮਲੀ ਦੀ ਚਟਨੀ ਬਣਾ ਕੇ ਦਿਓ। ਇਮਲੀ ਦੀ ਚਟਨੀ ਖਾਣ ਨਾਲ ਬੱਚਿਆਂ ਦੀ ਪਾਚਨ ਸ਼ਕਤੀ ਵਧੇਗੀ ਅਤੇ ਭੁੱਖ ਵੀ ਲੱਗੇਗੀ।

ਪਨੀਰ ਅਤੇ ਦਹੀਂ
ਬਹੁਤ ਸਾਰੇ ਬੱਚੇ ਅਜਿਹੇ ਹਨ, ਜੋ ਦੁੱਧ ਨਹੀਂ ਪੀਂਦੇ। ਦੁੱਧ ਨਾ ਪੀਣ ਕਾਰਨ ਬੱਚਿਆਂ ਦੇ ਸਰੀਰ ਵਿੱਚ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਹੈ। ਇਸੇ ਲਈ ਬੱਚਿਆਂ ਨੂੰ ਦੁੱਧ ਤੋਂ ਬਣੇ ਪਨੀਰ, ਦਹੀਂ, ਕਰੀਮ ਆਦਿ ਖੁਆਉਣ ਦੀ ਕੋਸ਼ਿਸ਼ ਕਰੋ।

ਤਰਬੂਜ਼ ਦੇ ਬੀਜ
ਜੇਕਰ ਤੁਹਾਡੇ ਬੱਚੇ ਨੂੰ ਭੁੱਖ ਨਹੀਂ ਲੱਗਦੀ ਤਾਂ ਮਾਪੇ ਬੱਚਿਆਂ ਦੀ ਭੁੱਖ ਵਧਾਉਣ ਲਈ ਉਹਨਾਂ ਨੂੰ ਤਰਬੂਜ ਦੇ ਬੀਜ ਦੇਣ। ਤਰਬੂਜ ਦੇ ਬੀਜ ਖਾਣ ਨਾਲ ਬੱਚੇ ਦੀ ਭੁੱਖ ਵੱਧਦੀ ਹੈ ਅਤੇ ਬੱਚੇ ਸਿਹਤਮੰਦ ਰਹਿੰਦੇ ਹਨ।

ਲੀਚੀ
ਜੇਕਰ ਬੱਚੇ ਨੂੰ ਭੁੱਖ ਨਹੀਂ ਲੱਗਦੀ ਤਾਂ ਬੱਚਿਆਂ ਨੂੰ ਖਾਣਾ ਖਵਾਉਣ ਤੋਂ ਪਹਿਲਾਂ ਲੀਚੀ ਖਾਣ ਲਈ ਦਿਓ। ਲੀਚੀ ਖਾਣ ਨਾਲ ਬੱਚਿਆਂ ਨੂੰ ਭੁੱਖ ਲੱਗਦੀ ਹੈ ਅਤੇ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ।

ਡਰਾਈ ਫਰੂਟਸ
ਬੱਚਿਆਂ ਨੂੰ ਭੁੱਖ ਨਾ ਲੱਗਣ 'ਤੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਖਾਣ ਲਈ ਸੁੱਕੇ ਮੇਵੇ ਦੇਣ। ਕਾਜੂ, ਬਾਦਾਮ, ਸੌਂਗੀ, ਅੰਜੀਰ, ਪਿਸਤਾ ਆਦਿ ਖਾਣ ਨਾਲ ਬੱਚਿਆਂ ਨੂੰ ਭੁੱਖ ਵੀ ਜਲਦੀ ਲੱਗਦੀ ਹੈ।


rajwinder kaur

Content Editor

Related News