ਜੇਕਰ ਤੁਸੀਂ ਵੀ ਹੋ ਤਣਾਓ ਦੇ ਸ਼ਿਕਾਰ ਤਾਂ ਜਾਣੋ ਕਿਵੇਂ ਪਾਈਏ ਇਸ ਤੋਂ ਮੁਕਤੀ

Thursday, Jul 16, 2020 - 02:10 PM (IST)

ਮਨੁੱਖ ਜਿੰਨਾ ਬੇਚੈਨ ਅਤੇ ਤਣਾਓ-ਗ੍ਰਸਤ ਅੱਜ ਦਿਖਾਈ ਦੇ ਰਿਹਾ ਹੈ, ਸ਼ਾਇਦ ਇੰਨਾ ਕਦੇ ਵੀ ਨਹੀਂ ਰਿਹਾ ਹੋਣਾ। ਬੇਸ਼ੱਕ ਵਿਗਿਆਨਕ ਖੋਜ-ਕਾਰਜਾਂ ਕਾਰਨ ਜੀਵਨ ਦੇ ਹਰੇਕ ਖੇਤਰ ਵਿੱਚ ਹੋਈ ਹੈਰਾਨੀਜਨਕ ਤਰੱਕੀ ਨਾਲ ਮਨੁੱਖ ਨੇ ਬੜੀਆਂ ਸੁੱਖ-ਸਹੂਲਤਾਂ ਵੀ ਹਾਸਲ ਕਰ ਲਈਆਂ ਹਨ ਅਤੇ ਕਾਫ਼ੀ ਹੱਦ ਤੱਕ ਉਸ ਦੇ ਜਿਊਣ-ਪੱਧਰ ਵਿੱਚ ਸੁਧਾਰ ਵੀ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਅਜੋਕਾ ਮਨੁੱਖ ਕਿਸੇ ਪੱਖੋਂ ਵੀ ਸੰਤੁਸ਼ਟ ਨਜ਼ਰ ਨਹੀਂ ਆ ਰਿਹਾ। ਗੁੱਸਾ, ਕ੍ਰੋਧ, ਈਰਖਾ ਅਤੇ ਚਿੜਚਿੜਾਪਣ ਤਾਂ ਉਸ ਦੇ ਸੁਭਾਅ ਦਾ ਅੰਗ ਹੀ ਬਣ ਚੁੱਕੇ ਹਨ। ਵਿਸ਼ਵ-ਮੰਡੀ ਦੇ ਪਦਾਰਥਵਾਦੀ ਦੌਰ ਵਿੱਚ ਉਸ ਨੇ ਪਦਾਰਥਕ ਵਸਤੂਆਂ ਤਾਂ ਵੱਡੀ ਮਾਤਰਾ ਵਿੱਚ ਇਕੱਠੀਆਂ ਕਰ ਲਈਆਂ ਹਨ ਪਰ ਇਸ ਭੰਬਲਭੂਸੇ ਵਿੱਚ ਉਹ ਆਪਣੇ ਮਨ ਦੀ ਸ਼ਾਂਤੀ ਹੀ ਗਵਾ ਬੈਠਾ ਹੈ।

ਮਾਨਸਿਕ ਤੌਰ ’ਤੇ ਬੁਰੀ ਤਰ੍ਹਾਂ ਖਿੰਡਾਅ ਦਾ ਸ਼ਿਕਾਰ ਵੀ ਹੋ ਚੁੱਕਿਆ ਹੈ। ਇੰਨਾ ਬੇਚੈਨ ਤਾਂ ਉਹ ਉਦੋਂ ਵੀ ਨਹੀਂ ਸੀ, ਜਦੋਂ ਟਰੈਕਰ ਦੀ ਥਾਂ ਉਸ ਨੂੰ ਆਪ ਹਲ ਨਾਲ ਜੁੜਨਾ ਪੈਂਦਾ ਸੀ, ਕਈ ਕਈ ਮੀਲ ਦਾ ਸਫ਼ਰ ਪੈਦਲ ਤਹਿ ਕਰਨਾ ਪੈਂਦਾ ਸੀ ਅਤੇ ਗਰਮੀ-ਸਰਦੀ ਦੇ ਅੰਨ੍ਹੇ ਪ੍ਰਕੋਪ ਨੂੰ ਆਪਣੇ ਪਿੰਡੇ ’ਤੇ ਸਹਾਰਨਾ ਪੈਂਦਾ ਸੀ। ਉਦੋਂ ਵੀ ਕਦੇ ਕਿਸੇ ਕਿਸਾਨ ਨੇ ਫਾਹਾ ਨਹੀਂ ਸੀ ਲਿਆ ਅਤੇ ਨਾ ਹੀ ਕਦੇ ਕਿਸੇ ਮਜ਼ਦੂਰ ਨੇ ਖ਼ੁਦਕੁਸ਼ੀ ਕੀਤੀ ਸੀ। ਸਾਨੂੰ ਇਨ੍ਹਾਂ ਸਵਾਲਾਂ ਤੋਂ ਟਾਲਾ ਵੱਟਣ ਦੀ ਥਾਂ, ਇਨ੍ਹਾਂ ਦੇ ਜਵਾਬ ਲੱਭਣ ਵਾਲੇ ਰਾਹ ਪੈਣਾ ਚਾਹੀਦਾ ਹੈ।

ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ’ਤੇ ਵਿਸ਼ੇਸ਼ : ‘ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ’

ਮੇਰੇ ਖ਼ਿਆਲ ਵਿੱਚ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਸਾਡੇ ਜੀਵਨ ਦਾ ਸੰਚਾਲਨ ਹੀ ਸਾਡੇ ਹੱਥ ਵਿੱਚ ਨਹੀਂ ਰਿਹਾ ਭਾਵ ਇਹ ਕਿ ਅਸੀਂ ਆਪਣਾ ਜੀਵਨ ਹੀ ਆਪਣੇ ਢੰਗ ਨਾਲ ਨਹੀਂ ਜਿਊਂ ਰਹੇ ਬਲਕਿ ਅਸੀਂ ਤਾਂ ਹੋਰਨਾਂ ਨੂੰ ਦੇਖ-ਦੇਖ ਕੇ ਹੀ ਆਪਣੇ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਾਂ। ਹਰੇਕ ਬੰਦੇ ਨੂੰ ਦਰਪੇਸ਼ ਸਮੱਸਿਆਵਾਂ, ਚੁਣੌਤੀਆਂ ਜਾਂ ਸੀਮਾਵਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਅਤੇ ਹਰੇਕ ਬੰਦੇ ਨੇ ਫ਼ੈਸਲੇ ਵੀ ਆਪਣੀਆਂ ਪ੍ਰਸਥਿਤੀਆਂ ਮੁਤਾਬਕ ਹੀ ਲੈਣੇ ਹੁੰਦੇ ਹਨ। ਹੋਣਾ ਵੀ ਇਸੇ ਤਰ੍ਹਾਂ ਹੀ ਚਾਹੀਦਾ ਹੈ, ਕਿਉਂਕਿ ਹੋਰਨਾਂ ਦੀ ਰੀਸ ਕਰਨ ਦੀ ਬਜਾਏ ਆਪਣੀ ਸਮਰੱਥਾ ਅਨੁਸਾਰ ਲਏ ਗਏ ਫ਼ੈਸਲੇ ਹੀ ਸਹੀ ਅਤੇ ਕਲਿਆਣਕਾਰੀ ਹੁੰਦੇ ਹਨ।

ਅਸਲ ਵਿੱਚ ਮਨੁੱਖ ਦੀਆਂ ਲੋੜਾਂ ਇੰਨੀਆਂ ਜ਼ਿਆਦਾ ਨਹੀਂ ਹੁੰਦੀਆਂ, ਜਿੰਨੀਆਂ ਉਸ ਨੇ ਆਪਣੀਆਂ ਇੱਛਾਵਾਂ ਖੜ੍ਹੀਆਂ ਕਰ ਲਈਆਂ ਹਨ। ਇੱਛਾਵਾਂ ਵੀ ਉਹ ਕਿ ਜਿਨ੍ਹਾਂ ਨੂੰ ਪੂਰਾ ਕਰਨਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੁੰਦਾ। ਜਦੋਂ ਅਸੀਂ ਆਪਣਾ ਅਸੀਂ ਮਕਾਨ ਬਣਾਉਂਦੇ ਹਾਂ ਜਾਂ ਆਪਣੇ ਬੱਚਿਆਂ ਦੇ ਵਿਆਹ ਕਰਦੇ ਹਾਂ ਤਾਂ ਅਸੀਂ ਬਿਲਕੁਲ ਵੀ ਆਪਣੀ ਹੈਸੀਅਤ ਨੂੰ ਧਿਆਨ ਵਿੱਚ ਨਹੀਂ ਰੱਖਦੇ, ਜਦ ਕਿ ਅਜਿਹਾ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ। ਆਪਣੀ ਹੈਸੀਅਤ ਤੋਂ ਬਾਹਰ ਹੋ ਕੇ ਕੀਤੇ ਗਏ ਕਾਰਜ ਸਾਨੂੰ ਕਰਜ਼ਈ ਕਰ ਦਿੰਦੇ ਹਨ। ਸਿਰ ਚੜ੍ਹੇ ਕਰਜ਼ੇ ਦੀਆਂ ਕਿਸ਼ਤਾਂ ਭਰਨ ਦੇ ਚੱਕਰ ਵਿੱਚ ਹੀ ਅਸੀਂ ਆਪਣਾ ਮਾਨਸਿਕ ਸੰਤੁਲਨ ਗਵਾ ਬੈਠਦੇ ਹਾਂ।

ਲੋਕਤੰਤਰ ਦੇ ਚੌਥੇ ਥੰਮ ਅਜੋਕੀ ਪੱਤਰਕਾਰੀ ਨੂੰ ਕੁੜੀਆਂ ਦੀ ਦੇਣ

ਸਾਨੂੰ ਆਪਣੇ ਬਜ਼ੁਰਗਾਂ ਦੇ ਕਹੇ ਇਹ ਵਚਨ ਹਮੇਸ਼ਾ ਹੀ ਯਾਦ ਰੱਖਣੇ ਚਾਹੀਦੇ ਹਨ ਕਿ “ਕਿਸੇ ਦੀ ਪੱਕੀ ਦੇਖ ਕੇ ਆਪਣੀ ਕੱਚੀ ਨਹੀਂ ਢਾਹੀਦੀ।” ਜੇਕਰ ਅਸੀਂ ਆਪਣੇ ਫ਼ੈਸਲੇ ਆਪ ਕਰਨ ਲੱਗ ਜਾਈਏ ਅਤੇ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ-ਮਿੱਤਰਾਂ ਦੇ ਹੱਥ ਆਪਣਾ ਰਿਮੋਟ ਨਾ ਫੜਾਈਏ ਤਾਂ ਅਸੀਂ ਕਾਫ਼ੀ ਹੱਦ ਤੱਕ ਆਪਣੀਆਂ ਮੁਸ਼ਕਲਾਂ ਨੂੰ ਘੱਟ ਕਰਨ ਵਿੱਚ ਸਫ਼ਲਤਾ ਹਾਸਲ ਕਰ ਸਕਦੇ ਹਾਂ।

ਹੋਰਨਾਂ ਦੇ ਇਸ਼ਾਰਿਆਂ ’ਤੇ ਨੱਚਦਿਆਂ-ਨੱਚਦਿਆਂ ਅਸੀਂ ਆਪਣਾ ਆਤਮ ਵਿਸ਼ਵਾਸ ਹੀ ਗਵਾ ਬੈਠੇ ਹਾਂ ਜਾਂ ਇਉਂ ਕਹਿ ਲਵੋ ਕਿ ਅਸੀਂ ਆਪਣੇ ਫ਼ੈਸਲੇ ਆਪ ਲੈਣ ਦੇ ਸਮਰੱਥ ਹੀ ਨਹੀਂ ਰਹੇ। ਜਦੋਂ ਅਸੀਂ ਕੋਈ ਨਿੱਕਾ-ਮੋਟਾ ਜਿਹਾ ਫ਼ੈਸਲਾ ਵੀ ਲੈਣਾ ਹੁੰਦਾ ਹੈ ਤਾਂ ਅਕਸਰ ਹੀ ਅਸੀਂ ਦੁਬਿਧਾ ਵਿੱਚ ਪੈ ਜਾਂਦੇ ਹਾਂ ਅਤੇ ਫਿਰ ਹੋਰਨਾਂ ਤੋਂ ਉਮੀਦ ਰੱਖਦੇ ਹਾਂ ਕਿ ਉਸ ਹਾਲਤ ਵਿੱਚ ਉਹੋ ਹੀ ਸਾਡਾ ਮਾਰਗ ਦਰਸ਼ਨ ਕਰਨ। ਅਸਲ ਵਿੱਚ ਹੋਰਨਾਂ ਵੱਲੋਂ ਸੁਝਾਏ ਗਏ ਢੰਗ-ਤਰੀਕੇ ਹੀ ਸਾਡੀ ਬਰਬਾਦੀ ਦੀ ਕਾਰਨ ਬਣਦੇ ਹਨ, ਕਿਉਂਕਿ ਉਹ ਫ਼ੈਸਲੇ ਸਾਡੀ ਸਮਰੱਥਾ ਅਨੁਸਾਰ ਤਾਂ ਹੁੰਦੇ ਹੀ ਨਹੀਂ।

ਜਦੋਂ ਇਕ ਰੰਗ-ਬਰੰਗੀ ਕਾਰ ਨੇ ਜਿੱਤੀ ਕਾਨੂੰਨੀ ਲੜਾਈ...(ਵੀਡੀਓ)

ਦੁਖਾਂਤ ਇਹ ਹੈ ਕਿ ਅਸੀਂ ਨਾ ਚਾਹੁੰਦੇ ਹੋਏ ਵੀ ਆਪ ਹੀ ਆਪਣੇ ਖ਼ਿਲਾਫ਼ ਹੋ ਚੁੱਕੇ ਹਾਂ। ਸਾਡਾ ਦੁਬਿਧਾ ਵਿੱਚ ਪੈਣ ਦਾ ਕਾਰਨ ਵੀ ਇਹੋ ਹੀ ਹੈ ਕਿ ਅਸੀਂ ਆਪ ਹੀ ਆਪਣੇ ਫ਼ੈਸਲਿਆਂ ਦਾ ਵਿਰੋਧ ਕਰਨ ਲੱਗ ਪਏ ਹਾਂ ਅਤੇ ਹੋਰਨਾਂ ਦੇ ਸੁਝਾਵਾਂ ਨੂੰ ਮਹੱਤਵ ਦੇਣ ਦੇ ਆਦੀ ਬਣ ਚੁੱਕੇ ਹਾਂ। ਇਹ ਰੁਝਾਨ ਸੱਚਮੁੱਚ ਹੀ ਸਾਡੇ ਲਈ ਬੜਾ ਘਾਤਕ ਸਾਬਤ ਹੋ ਸਕਦਾ ਹੈ ਅਤੇ ਜਿੱਥੋਂ ਤੱਕ ਹੋ ਸਕੇ, ਇਸ ਖ਼ਤਰਨਾਕ ਵਰਤਾਰੇ ਤੋਂ ਬਚਿਆ ਜਾਣਾ ਚਾਹੀਦਾ ਹੈ। ਜੇਕਰ ਅਸੀਂ ਕੋਸ਼ਿਸ਼ ਕਰਾਂਗੇ ਤਾਂ ਸਾਡਾ ਢੇਰੀ ਢਾਹ ਚੁੱਕਿਆ ਮਨੋਬਲ ਫਿਰ ਪੈਰਾਂ-ਸਿਰ ਹੋ ਸਕਦਾ ਹੈ ਅਤੇ ਅਸੀਂ ਨਿੱਕੀ-ਨਿੱਕੀ ਗੱਲ ’ਤੇ ਹੋਰਨਾਂ ਤੋਂ ਸਲਾਹਾਂ ਮੰਗਣ ਦੀ ਮਾਨਸਿਕ ਗ਼ੁਲਾਮੀ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ।

ਆਪ ਹੀ ਆਪਣੇ ਖ਼ਿਲਾਫ਼ ਹੋਣ ਦੇ ਕਾਰਨ ਅਸੀਂ ਸਮਾਜ ਵਿੱਚ ਵਾਪਰ ਰਹੇ ਲੋਕ-ਵਿਰੋਧੀ ਵਰਤਾਰਿਆਂ ਦਾ ਵਿਰੋਧ ਕਰਨ ਦੀ ਹਾਲਤ ਵਿੱਚ ਵੀ ਨਹੀਂ ਰਹੇ, ਕਿਉਂਕਿ ਸਾਡੇ ਲਈ ਤਾਂ ਹੁਣ ਇਸ ਗੱਲ ਦਾ ਫ਼ੈਸਲਾ ਕਰਨਾ ਵੀ ਮੁਸ਼ਕਲ ਹੋ ਗਿਆ ਹੈ ਕਿ ਕੀ ਗਲਤ ਹੋ ਰਿਹਾ ਹੈ ਅਤੇ ਕੀ ਠੀਕ। ਸਾਡਾ ਮਾਨਸਿਕ ਸੰਤੁਲਨ ਇਸ ਹੱਦ ਤੱਕ ਤਬਾਹ ਹੋ ਚੁੱਕਿਆ ਹੈ ਕਿ ਅਸੀਂ ਜੋ ਵੀ ਕਰਦੇ ਹਾਂ, ਉਸ ਤੋਂ ਕਦੇ ਵੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦੇ।

‘ਗੋਲਡਨ ਬਰਡਵਿੰਗ’ ਐਲਾਨੀ ਗਈ ਭਾਰਤ ਦੀ ਸਭ ਤੋਂ ਵੱਡੀ ਤਿੱਤਲੀ (ਵੀਡੀਓ)

ਸਾਡਾ ਵਾਰ-ਵਾਰ ਗਲਤੀਆਂ ਕਰ ਕੇ ਪਛਤਾਉਣ ਦਾ ਕਾਰਨ ਵੀ ਤਾਂ ਇਹੋ ਹੀ ਹੈ ਕਿ ਹੁਣ ਸਾਡੇ ਕੋਲੋਂ ਕੁਝ ਠੀਕ ਨਹੀਂ ਹੋ ਰਿਹਾ, ਕਿਉਂਕਿ ਅਸੀਂ ਆਪਣੀ ਮਰਜ਼ੀ ਨਾਲ ਤਾਂ ਕੁੱਝ ਕਰਦੇ ਹੀ ਨਹੀਂ ਹਾਂ। ਹੋਰ ਤਾਂ ਹੋਰ ਅਸੀਂ ਤਾਂ ਆਪਣੇ ਮੇਜ਼ ਦੀ ਦਰਾਜ਼ ਨੂੰ ਜਿੰਦਾ ਲਗਾਉਣ ਤੋਂ ਬਾਅਦ ਵੀ ਵਾਰ-ਵਾਰ ਮੁੱਠਾ ਖਿੱਚ ਕੇ ਤਸੱਲੀ ਕਰਦੇ ਰਹਿੰਦੇ ਹਾਂ ਕਿ ਜਿੰਦਾ ਚੰਗੀ ਤਰ੍ਹਾਂ ਲੱਗ ਵੀ ਗਿਆ ਹੈ ਜਾਂ ਨਹੀਂ। ਜਦੋਂ ਸਾਡੇ ਦੇਸ਼ ਜਾਂ ਰਾਜ ਵਿੱਚ ਚੋਣਾਂ ਹੁੰਦੀਆਂ ਹਨ ਤਾਂ ਅਸੀਂ ਆਪਣੀ ਵੋਟ ਵੀ ਕਦੇ ਆਪਣੀ ਮਰਜ਼ੀ ਨਾਲ ਨਹੀਂ ਪਾਉਂਦੇ, ਕਿਉਂਕਿ ਅਸੀਂ ਉਸ ਹਾਲਤ ਵਿੱਚ ਵੀ ਹਮੇਸ਼ਾ ਹੋਰਨਾਂ ’ਤੇ ਨਿਰਭਰ ਰਹਿੰਦੇ ਹਾਂ ਕਿ ਚੋਣ ਲੜ ਰਹੇ ਨੇਤਾਵਾਂ ਵਿੱਚੋਂ ਕਿਹੜਾ ਉਮੀਦਵਾਰ ਵਧੀਆ ਹੈ, ਜਿਸ ਨੂੰ ਵੋਟ ਪਾ ਕੇ ਪਛਤਾਉਣਾ ਨਾ ਪਵੇ।

ਗਲਤ ਉਮੀਦਵਾਰ ਦੀ ਚੋਣ ਤੋਂ ਬਾਅਦ ਆਮ ਤੌਰ ’ਤੇ ਸਾਡੇ ਪਛਤਾਉਣ ਦਾ ਕਾਰਨ ਸਾਡੀ ਇਹੋ ਲਾਈਲੱਗਤਾ ਹੀ ਬਣਦੀ ਹੈ, ਕਿਉਂਕਿ ਜਿਸ ਨੂੰ ਵੀ ਅਸੀਂ ਆਪਣੀ ਵੋਟ ਪਾਉਂਦੇ ਹਾਂ, ਉਹ ਸਾਡੀ ਆਪਣੀ ਚੋਣ ਤਾਂ ਹੁੰਦੀ ਹੀ ਨਹੀਂ। ਕੁੱਝ ਫ਼ਰੇਬੀ ਜਾਂ ਚਲਾਕ ਕਿਸਮ ਦੇ ਲੋਕ ਸਾਡੀ ਇਸ ਤਰ੍ਹਾਂ ਦੀ ਗ਼ੁਲਾਮ ਮਾਨਸਿਕਤਾ ਦਾ ਫ਼ਾਇਦਾ ਵੀ ਰੱਜ ਕੇ ਉਠਾਉਂਦੇ ਹਨ ਅਤੇ ਸਾਡੇ ਤਣਾਓ-ਗ੍ਰਸਤ ਜੀਵਨ ਦਾ ਵੱਡਾ ਕਾਰਨ ਵੀ ਅਸਲ ਵਿੱਚ ਇਹੋ ਹੀ ਬਣਦੀ ਹੈ।

‘ਪੰਜਾਬੀ ਮਾਂ ਬੋਲੀ’ ਮਤਾ ਪਾਉਣ ਤੋਂ 4 ਮਹੀਨਿਆਂ ਬਾਅਦ ਵੀ ਕਾਨੂੰਨੀ ਭੰਬਲਭੂਸੇ ’ਚ ਫਸੀ 

ਆਤਮ-ਵਿਸ਼ਵਾਸ ਦੀ ਬਹਾਲੀ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਵਾਪਰਨ ਵਾਲੇ ਵਰਤਾਰਿਆਂ ਸਬੰਧੀ ਚਿੰਤਾ ਕਰਨੀ ਛੱਡ ਕੇ, ਚਿੰਤਨ ਕਰਨ ਦਾ ਰਾਹ ਅਖ਼ਤਿਆਰ ਕਰੀਏ। ਇਸ ਮਕਸਦ ਲਈ ਸਾਡੇ ਵਿਰਸੇ ਵਿੱਚ ਮੌਜੂਦ ਨਾਇਕਾਂ ਜਾਂ ਨਾਇਕਾਵਾਂ ਦੇ ਸੰਘਰਸ਼ਮਈ ਜੀਵਨ ਦੇ ਕਾਰਨਾਮੇ ਵੀ ਸਾਡੇ ਲਈ ਮਦਦਗਾਰ ਸਾਬਤ ਹੋ ਸਕਦੇ ਹਨ। ਉਸਾਰੂ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਲਿਖਿਆ ਸਾਹਿਤ ਵੀ ਸਾਨੂੰ ਇਸ ਪੱਖੋਂ ਅਮੀਰ ਕਰਨ ਦੀ ਸਮਰੱਥਾ ਰੱਖਦਾ ਹੈ।

ਜ਼ਰੂਰਤ ਤਾਂ ਇਸ ਗੱਲ ਦੀ ਹੈ ਕਿ ਸਾਨੂੰ ਹਰ ਹਾਲਤ ਵਿੱਚ ਆਪਣੀ ਚੜ੍ਹਦੀ ਕਲਾ ਦਾ ਜਜ਼ਬਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਸਾਡੇ ਜੀਵਨ ਵਿੱਚ ਚਿੰਤਾ ਦੀ ਜਗ੍ਹਾ ਚਿੰਤਨ ਆ ਜਾਵੇਗਾ ਤਾਂ ਅਸੀਂ ਆਪਣੀਆਂ ਗਲਤੀਆਂ ਦੀ ਪੜਚੋਲ ਕਰਨੀ ਸ਼ੁਰੂ ਕਰ ਦੇਵਾਂਗੇ ਅਤੇ ਉਨ੍ਹਾਂ ਤੋਂ ਸਬਕ ਸਿੱਖਣ ਦਾ ਹੁਨਰ ਹਾਸਲ ਕਰ ਲਵਾਂਗੇ। ਅਸਲ ਵਿੱਚ ਇਹ ਹੁਨਰ ਹੀ ਹਰ ਸਮੇਂ ਸਾਡੇ ਜੀਵਨ ਦੇ ਅੰਗ-ਸੰਗ ਰਹਿੰਦੇ ਤਣਾਓ ਤੋਂ ਮੁਕਤ ਹੋਣ ਦਾ ਮਾਰਗ ਹੈ। ਇਸ ਮਾਰਗ ’ਤੇ ਤੁਰਦਿਆਂ ਤੁਰਦਿਆਂ ਵਿਅਕਤੀ ਆਪਣੇ ਜੀਵਨ ਦਾ ਮਾਲਕ ਆਪ ਬਣ ਜਾਂਦਾ ਹੈ ਅਤੇ ਫਿਰ ਦੁਨੀਆ ਦੀ ਕੋਈ ਵੀ ਤਾਕਤ ਉਸ ਨੂੰ ਵਰਤਣ ਜਾਂ ਭਰਮਾਉਣ ਵਿੱਚ ਕਾਮਯਾਬ ਨਹੀਂ ਹੋ ਸਕਦੀ।

ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ

ਅਜਿਹੇ ਆਤਮ-ਵਿਸ਼ਵਾਸ ਨਾਲ ਭਰਪੂਰ ਵਿਅਕਤੀ ਹੀ ਆਪਣੇ ਜੀਵਨ ਨੂੰ ਸੰਗਰਾਮ ਸਮਝ ਕੇ ਜੂਝ ਸਕਦਾ ਹੈ ਅਤੇ ਆਪਣੀ ਹੀਣ-ਭਾਵਨਾ ਤੋਂ ਰਹਿਤ ਹੋ ਕੇ ਲੋਕਾਂ ਲਈ ਇੱਕ ਮਿਸਾਲ ਬਣ ਸਕਦਾ ਹੈ। ਜੀਵਨ ਵਿੱਚ ਕੁਝ ਵੀ ਅਸੰਭਵ ਨਹੀਂ ਹੁੰਦਾ ਅਤੇ ਅਸੰਭਵ ਨੂੰ ਸੰਭਵ ਬਣਾ ਦੇਣ ਵਾਲੀ ਸ਼ਕਤੀ ਦਾ ਹੀ ਦੂਜਾ ਨਾਂ ਆਤਮ-ਵਿਸ਼ਵਾਸ ਹੈ। ਆਤਮ-ਵਿਸ਼ਵਾਸ ਹੀ ਵਿਅਕਤੀ ਨੂੰ ਚੜ੍ਹਦੀ-ਕਲਾ ਵਿੱਚ ਜਿਊਣਾ ਸਿਖਾਉਂਦਾ ਹੈ ਅਤੇ ਚੜ੍ਹਦੀ-ਕਲਾ ਵਿੱਚ ਜਿਊਣਾ ਹੀ ਤਣਾਓ ਮੁਕਤ ਮਾਰਗ ਹੈ।

PunjabKesari

ਕਰਮ ਸਿੰਘ ਜ਼ਖ਼ਮੀ
ਗੁਰੂ ਤੇਗ ਬਹਾਦਰ ਨਗਰ,
ਹਰੇੜੀ ਰੋਡ, ਸੰਗਰੂਰ-148001
ਸੰਪਰਕ: 98146-28027


rajwinder kaur

Content Editor

Related News