Health Tips : ਵਾਰ-ਵਾਰ ਢਿੱਡ ''ਚ ਹੋ ਰਿਹਾ ਦਰਦ, ਤਾਂ ਜ਼ਰੂਰ ਅਜ਼ਮਾਓ ਇਹ ਨੁਸਖ਼ੇ, ਜਲਦੀ ਮਿਲੇਗੀ ਰਾਹਤ

Friday, Mar 08, 2024 - 06:11 PM (IST)

ਜਲੰਧਰ (ਬਿਊਰੋ)– ਕਿਸੇ ਨਾ ਕਿਸੇ ਕਾਰਨ ਜਾਂ ਗ਼ਲਤ ਚੀਜ਼ਾਂ ਦਾ ਸੇਵਨ ਕਰਨ ਕਰਕੇ ਢਿੱਡ ਵਿਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਮਾੜੀ ਜੀਵਨ ਸ਼ੈਲੀ, ਜੰਕ ਫੂਡ ਦਾ ਜ਼ਿਆਦਾ ਸੇਵਨ, ਲੋੜੀਂਦਾ ਪਾਣੀ ਨਾ ਪੀਣਾ, ਗ਼ਲਤ ਖਾਣ-ਪੀਣ ਦੀਆਂ ਆਦਤਾਂ, ਬਦਹਜ਼ਮੀ ਆਦਿ ਕਾਰਨ ਢਿੱਡ ਵਿਚ ਦਰਦ ਹੋ ਸਕਦਾ ਹੈ। ਜਦੋਂ ਕਿਸੇ ਵਿਅਕਤੀ ਦੇ ਢਿੱਡ ’ਚ ਦਰਦ ਹੁੰਦਾ ਹੈ ਤਾਂ ਉਸ ਨੂੰ ਬਹੁਤ ਦੁੱਖ ਹੁੰਦਾ ਹੈ ਤੇ ਕੋਈ ਕੰਮ ਕਰਨ ਨੂੰ ਮਨ ਨਹੀਂ ਕਰਦਾ। ਢਿੱਡ ਦਰਦ ਤੋਂ ਰਾਹਤ ਪਾਉਣ ਲਈ ਲੋਕ ਕਈ ਦਵਾਈਆਂ ਦਾ ਸੇਵਨ ਕਰਦੇ ਹਨ, ਜੋ ਸਹੀ ਨਹੀਂ ਹੈ। ਦਵਾਈਆਂ ਦਾ ਵਾਰ-ਵਾਰ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਅਜਿਹੀ ਸਥਿਤੀ ’ਚ ਤੁਸੀਂ ਢਿੱਡ ਦਰਦ ਨੂੰ ਦੂਰ ਕਰਨ ਲਈ ਕੁਝ ਆਸਾਨ ਘਰੇਲੂ ਨੁਸਖ਼ਿਆਂ ਦੀ ਮਦਦ ਲੈ ਸਕਦੇ ਹੋ, ਜਿਵੇਂ....

ਢਿੱਡ ਦਰਦ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖ਼ੇ

ਸੌਂਫ
ਸੌਂਫ ਨਾ ਸਿਰਫ ਢਿੱਡ ਦਰਦ ਤੋਂ ਰਾਹਤ ਦਿੰਦੀ ਹੈ, ਸਗੋਂ ਪਾਚਨ ਕਿਰਿਆ ਨੂੰ ਵੀ ਸੁਧਾਰਦੀ ਹੈ। ਸੌਂਫ ’ਚ ਮੌਜੂਦ ਗੁਣ ਢਿੱਡ ਦੇ ਹਾਨੀਕਾਰਕ ਬੈਕਟੀਰੀਆ ਨੂੰ ਖ਼ਤਮ ਕਰਨ ’ਚ ਮਦਦ ਕਰਦੇ ਹਨ। ਇਸ ਨਾਲ ਢਿੱਡ ’ਚ ਗੈਸ ਤੇ ਸੋਜ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਸ ਦੀ ਵਰਤੋਂ ਕਰਨ ਲਈ ਇਕ ਕੱਪ ਪਾਣੀ ’ਚ ਇਕ ਚਮਚਾ ਸੌਂਫ ਮਿਲਾ ਕੇ 10 ਮਿੰਟਾਂ ਤੱਕ ਉਬਾਲੋ। ਫਿਰ ਇਸ ਨੂੰ ਠੰਡਾ ਕਰਕੇ ਸੇਵਨ ਕਰੋ। ਦਿਨ ’ਚ ਦੋ ਤੋਂ ਤਿੰਨ ਵਾਰ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਢਿੱਡ ਦਰਦ ਤੋਂ ਬਹੁਤ ਰਾਹਤ ਮਿਲੇਗੀ।

ਅਦਰਕ
ਢਿੱਡ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਅਦਰਕ ਦਾ ਸੇਵਨ ਕਰ ਸਕਦੇ ਹੋ। ਇਸ ’ਚ ਐਂਟੀ-ਬੈਕਟੀਰੀਅਲ ਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਢਿੱਡ ਦਰਦ ਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ’ਚ ਮਦਦ ਕਰਦੇ ਹਨ। ਇਸ ਦੇ ਲਈ ਅਦਰਕ ਦੇ ਇਕ ਟੁਕੜੇ ਨੂੰ ਪੀਸ ਕੇ ਇਕ ਗਲਾਸ ਪਾਣੀ ’ਚ ਮਿਲਾ ਲਓ। ਇਸ ਨੂੰ ਉਬਾਲੋ ਤੇ ਫਿਰ ਗੈਸ ਬੰਦ ਕਰ ਦਿਓ। ਇਸ ’ਚ ਇਕ ਚਮਚਾ ਸ਼ਹਿਦ ਮਿਲਾ ਕੇ ਦਿਨ ’ਚ ਦੋ ਤੋਂ ਤਿੰਨ ਵਾਰ ਪੀਓ।

ਹੀਂਗ
ਢਿੱਡ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਸਦੀਆਂ ਤੋਂ ਹੀਂਗ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਢਿੱਡ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਹੀਂਗ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ। ਇਸ ਦੇ ਲਈ ਇਕ ਗਲਾਸ ਕੋਸੇ ਪਾਣੀ ’ਚ ਇਕ ਚੁਟਕੀ ਹੀਂਗ ਮਿਲਾ ਲਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਦਿਨ ’ਚ ਦੋ ਤੋਂ ਤਿੰਨ ਵਾਰ ਪੀਓ। ਇਸ ਨਾਲ ਤੁਹਾਨੂੰ ਢਿੱਡ ਦਰਦ ਤੋਂ ਜਲਦੀ ਰਾਹਤ ਮਿਲੇਗੀ।

ਪੁਦੀਨਾ
ਪੁਦੀਨੇ ਨੂੰ ਢਿੱਡ ਦਰਦ ਦੇ ਘਰੇਲੂ ਨੁਸਖ਼ੇ ਵਜੋਂ ਵਰਤਿਆ ਜਾ ਸਕਦਾ ਹੈ। ਇਸ ਦੇ ਲਈ ਇਕ ਕੱਪ ਪਾਣੀ ’ਚ 5-6 ਪੁਦੀਨੇ ਦੀਆਂ ਪੱਤੀਆਂ ਪਾਓ ਤੇ 10 ਮਿੰਟ ਤੱਕ ਉਬਾਲੋ। ਫਿਰ ਇਸ ਨੂੰ ਛਾਣ ਲਓ ਤੇ ਇਸ ’ਚ ਥੋੜ੍ਹਾ ਸ਼ਹਿਦ ਮਿਲਾਓ। ਦਿਨ ’ਚ ਦੋ ਤੋਂ ਤਿੰਨ ਵਾਰ ਇਸ ਦਾ ਸੇਵਨ ਕਰੋ। ਇਸ ਨਾਲ ਢਿੱਡ ਦਰਦ ਤੇ ਗੈਸ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

ਗਰਮ ਸੇਕਾ
ਜੇ ਤੁਹਾਨੂੰ ਢਿੱਡ ’ਚ ਹਲਕਾ ਦਰਦ ਹੋ ਰਿਹਾ ਹੈ ਤਾਂ ਤੁਸੀਂ ਗਰਮ ਸੇਕਾ ਦੇ ਸਕਦੇ ਹੋ। ਇਸ ਦੇ ਲਈ ਕੁਝ ਦੇਰ ਆਪਣੇ ਢਿੱਡ ’ਤੇ ਹੀਟਿੰਗ ਪੈਡ ਰੱਖੋ। ਗਰਮ ਸੇਕਾ ਦੇਣ ਨਾਲ ਮਾਸਪੇਸ਼ੀਆਂ ਨੂੰ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਦਰਦ ਤੇ ਕੜਵੱਲ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।


rajwinder kaur

Content Editor

Related News