Health Tips: ‘ਬਰਸਾਤ’ ਦੇ ਮੌਸਮ ’ਚ ਆਪਣੀ ਸਿਹਤ ਦਾ ਇੰਝ ਰੱਖੋ ਧਿਆਨ, ਇਨ੍ਹਾਂ ਸਾਵਧਾਨੀਆਂ ਦੀ ਕਰੋ ਵਰਤੋਂ

Saturday, Jul 06, 2024 - 05:33 PM (IST)

Health Tips: ‘ਬਰਸਾਤ’ ਦੇ ਮੌਸਮ ’ਚ ਆਪਣੀ ਸਿਹਤ ਦਾ ਇੰਝ ਰੱਖੋ ਧਿਆਨ, ਇਨ੍ਹਾਂ ਸਾਵਧਾਨੀਆਂ ਦੀ ਕਰੋ ਵਰਤੋਂ

ਜਲੰਧਰ (ਬਿਊਰੋ)- ਗਰਮੀ ਦੇ ਮੌਸਮ ਤੋਂ ਬਾਅਦ ਬਰਸਾਤ ਸ਼ੁਰੂ ਹੋ ਜਾਣੀ ਹੈ। ਬਰਸਾਤ ਦੇ ਮੌਸਮ ’ਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਜਿਵੇਂ ਢਿੱਡ ਪੀੜ, ਇਨਫੈਕਸ਼ਨ, ਐਲਰਜੀ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ, ਜੋ ਆਮ ਗੱਲ ਹੈ। ਇਸ ਮੌਸਮ ਵਿਚ ਬਾਹਰ ਦਾ ਖਾਣਾ ਖਾਣ ਨਾਲ ਗਲੇ ਵਿਚ ਦਰਦ, ਸੋਜਿਸ਼, ਆਵਾਜ਼ ਬੈਠ ਜਾਣਾ ਜਾਂ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਨ੍ਹਾਂ ਸਭ ਤੋਂ ਬਚਣ ਲਈ ਘਰੇਲੂ ਉਪਾਅ ਬਹੁਤ ਫਾਇਦੇਮੰਦ ਹਨ। ਇਨ੍ਹਾਂ ਦੀ ਵਰਤੋਂ ਨਾਲ ਬਰਸਾਤ ਵਿਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ।
ਦਾਲਚੀਨੀ, ਕਾਲੀ ਮਿਰਚ ਅਤੇ ਸ਼ਹਿਦ
ਇਕ ਗਲਾਸ ਪਾਣੀ ਵਿਚ ਇਕ ਛੋਟਾ ਚਮਚਾ ਦਾਲਚੀਨੀ ਪਾਊਡਰ, ਕਾਲੀ ਮਿਰਚ ਪਾਊਡਰ ਅਤੇ ਅੱਧਾ ਚੱਮਚ ਸ਼ਹਿਦ ਪਾ ਕੇ ਅੱਧੇ ਘੰਟੇ ਤੱਕ ਉਬਾਲੋ ਅਤੇ ਥੋੜ੍ਹਾ ਠੰਡਾ ਹੋਣ 'ਤੇ ਪੀ ਲਓ।
ਸ਼ਹਿਦ
ਰਾਤ ਨੂੰ ਸੌਣ ਤੋਂ ਪਹਿਲਾਂ ਇਕ ਚੱਮਚ ਸ਼ਹਿਦ ਖਾਓ। ਇਸ ਵਿਚ ਐਂਟੀ-ਬੈਕਟੀਰੀਅਲ ਗੁਣ ਗਲੇ ਦੀ ਖਰਾਸ਼ ਅਤੇ ਦਰਦ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।
ਹਰਬਲ ਚਾਹ
ਇਕ ਕੱਪ ਪਾਣੀ ਵਿਚ ਥੋੜ੍ਹਾ ਜਿਹਾ ਕਾਲੀ ਮਿਰਚ ਪਾਊਡਰ, ਕੱਦੂਕਸ ਕੀਤਾ ਹੋਇਆ ਅਦਰਕ, ਚੁਟਕੀ ਭਰ ਹਲਦੀ ਅਤੇ ਸ਼ਹਿਦ ਮਿਲਾ ਕੇ 3-4 ਮਿੰਟ ਲਈ ਉਬਾਲ ਲਓ। ਦਿਨ ਵਿਚ 3-4 ਵਾਰ ਚਾਹ ਪੀਣ ਨਾਲ ਗਲੇ ਦੀ ਖਰਾਸ਼, ਦਰਦ, ਸੋਜ ਅਤੇ ਇਨਫੈਕਸ਼ਨ ਤੋਂ ਰਾਹਤ ਮਿਲਦੀ ਹੈ।
ਸ਼ਹਿਦ ਅਤੇ ਨਿੰਬੂ
ਇਕ ਚੱਮਚ ਸ਼ਹਿਦ ਵਿਚ ਅੱਧਾ ਛੋਟਾ ਚੱਮਚ ਨਿੰਬੂ ਦਾ ਰਸ ਮਿਲਾ ਕੇ ਰੋਜ਼ ਰਾਤ ਨੂੰ ਪੀਓ।
ਮੇਥੀ ਦਾਣਾ
ਦੋ ਗਲਾਸ ਪਾਣੀ ਵਿਚ ਦੋ ਚੱਮਚ ਮੇਥੀ ਦਾਣਾ ਪਾ ਕੇ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਵਿਚ ਇਕ ਛੋਟਾ ਚੱਮਚ ਹਲਦੀ ਅਤੇ ਨਮਕ ਮਿਲਾਓ। ਕੋਸਾ ਹੋਣ 'ਤੇ ਦਿਨ ਵਿਚ 3-4 ਵਾਰ ਗਰਾਰੇ ਕਰਨ ਨਾਲ ਗਲੇ ਦੀ ਦਰਦ ਦੂਰ ਹੋ ਜਾਂਦੀ ਹੈ।
ਲੌਂਗ
ਇਕ ਗਲਾਸ ਪਾਣੀ ਵਿਚ 6-7 ਲੌਂਗ ਪਾ ਕੇ ਉਬਾਲੋ ਅਤੇ ਪੀ ਲਓ। ਇਸ ਨਾਲ ਗਲੇ ਦੀ ਦਰਦ ਅਤੇ ਇਨਫੈਕਸ਼ਨ ਦੂਰ ਹੋ ਜਾਂਦੀ ਹੈ।
ਲਸਣ
ਲਸਣ ਵਿਚ ਪਾਇਆ ਜਾਣ ਵਾਲਾ ਐਂਟੀ-ਬੈਕਟੀਰੀਅਲ ਅਤੇ ਐਂਟੀ-ਇਨਫਲਾਮੇਟਰੀ ਗੁਣ ਗਲੇ ਦੀ ਦਰਦ, ਇਨਫੈਕਸ਼ਨ ਅਤੇ ਸੋਜ ਤੋਂ ਰਾਹਤ ਦਿਵਾਉਂਦਾ ਹੈ। ਦਿਨ ਵਿਚ 2-3 ਵਾਰ ਲਸਣ ਦੀਆਂ ਤੁਰੀਆਂ ਚੂਸੋ ਜਾਂ ਫਿਰ ਇਨ੍ਹਾਂ ਨੂੰ ਚਬਾ ਕੇ ਗਰਮ ਪਾਣੀ ਪੀ ਲਓ।
ਬਰਸਾਤ ਦੇ ਮੌਸਮ ’ਚ ਵਰਤੋਂ ਇਹ ਸਾਵਧਾਨੀਆਂ 
ਬਰਸਾਤ ਦੇ ਮੌਸਮ 'ਚ ਮੱਛਰ-ਮੱਖੀਆਂ ਦੀ ਭਰਮਾਰ ਹੋ ਜਾਂਦੀ ਹੈ। ਮੱਛਰ ਦੇ ਕੱਟਣ ਨਾਲ ਮਲੇਰੀਆ ਫੈਲਣ ਦਾ ਖ਼ਤਰਾ ਹੋ ਜਾਂਦਾ ਹੈ ਜਦਕਿ ਮੱਖੀਆਂ ਨਾਲ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਤੇਜ਼ੀ ਨਾਲ ਫੈਲਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਇਸੇ ਲਈ ਇਸ ਮੌਸਮ ’ਚ ਆਪਣਾ ਖ਼ਾਸ ਧਿਆਨ ਰੱਖੋ। 
ਬਰਸਾਤ ਦੇ ਮੌਸਮ 'ਚ ਖਾਣ-ਪੀਣ ਤੋਂ ਲੈ ਕੇ ਰਹਿਣ-ਸਹਿਣ ਤਕ ਦਾ ਖ਼ਾਸ ਖ਼ਿਆਲ ਰੱਖਣਾ ਪੈਂਦਾ ਹੈ।
ਬਰਸਾਤ ਦੇ ਮੌਸਮ 'ਚ ਇਮਿਊਨਿਟੀ ਵਧਾਉਣ ਵਾਲੇ ਭੋਜਨ ਪਦਾਰਥਾਂ ਦੀ ਵਰਤੋਂ ਵਧੇਰੇ ਕਰਨੀ ਚਾਹੀਦੀ ਹੈ। ਇਮਿਊਨਿਟੀ ਤੁਹਾਡੇ ਸਰੀਰ ਦੀ ਬੁਨਿਆਦ ਹੈ, ਇਸ ਲਈ ਅਪਣੇ ਭੋਜਨ ਵਿਚ ਇਮਿਊਨਿਟੀ ਵਧਾਉਣ 'ਚ ਮਦਦ ਕਰਦੇ ਪਦਾਰਥਾਂ ਨੂੰ ਵਿਸ਼ੇਸ਼ ਥਾਂ ਦੇਣੀ ਚਾਹੀਦੀ ਹੈ। 
ਬਰਸਾਤ 'ਚ ਬ੍ਰੋਕਲੀ, ਗਾਜਰ, ਹਲਦੀ, ਲਸਣ ਅਤੇ ਅਦਰਕ ਨੂੰ ਅਪਣੇ ਖਾਣੇ 'ਚ ਸ਼ਾਮਲ ਕਰਨਾ ਲਾਹੇਵੰਦ ਸਾਬਤ ਸਕਦਾ ਹੈ। ਇਹ ਚਮੜੀ ਦੇ ਨਾਲ-ਨਾਲ ਵਾਲਾਂ ਨੂੰ ਸਿਹਤਮੰਦ ਰੱਖਣ 'ਚ ਸਹਾਈ ਹੁੰਦਾ ਹੈ। 
ਅਦਰਕ ਅਤੇ ਲਸਣ 'ਚ ਐਂਟੀਬੈਕਟੀਰੀਅਲ ਤੱਤ ਪਾਏ ਜਾਂਦੇ ਹਨ, ਜੋ ਸਾਹ, ਚਮੜੀ ਅਤੇ ਸਰਦੀ-ਜ਼ੁਕਾਮ ਦੀ ਸਮੱਸਿਆ ਨੂੰ ਦੂਰ ਕਰਦੇ ਹਨ।
 


author

Aarti dhillon

Content Editor

Related News