ਗਰਭਵਤੀ ਜਨਾਨੀਆਂ ਖੇਡ ਰਹੀਆਂ ਹਨ ਹੋਲੀ ਦਾ ਤਿਉਹਾਰ ਤਾਂ ਜ਼ਰੂਰ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

Friday, Mar 18, 2022 - 02:54 PM (IST)

ਗਰਭਵਤੀ ਜਨਾਨੀਆਂ ਖੇਡ ਰਹੀਆਂ ਹਨ ਹੋਲੀ ਦਾ ਤਿਉਹਾਰ ਤਾਂ ਜ਼ਰੂਰ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

ਨਵੀਂ ਦਿੱਲੀ - ਰੰਗਾਂ ’ਚ ਡੁੱਬ ਜਾਣ ਦਾ ਤਿਓਹਾਰ, ਮੇਲ-ਜੋਲ, ਖਾਣ-ਪੀਣ ਅਤੇ ਮਸਤੀ ਦਾ ਤਿਓਹਾਰ ਹੋਲੀ ਆਉਣ ਵਾਲਾ ਹੈ। ਹਰ ਪਾਸੇ ਹੋਲੀ ਦੀ ਧੁੰਮ ਹੈ। ਹਰ ਕੋਈ ਰੰਗਾਂ ’ਚ ਭਿੱਜ ਜਾਣਾ ਚਾਹੁੰਦਾ ਹੈ ਪਰ ਆਮ ਲੋਕ ਹੋਲੀ ’ਤੇ ਜਿੰਨੀ ਮਸਤੀ ਕਰ ਸਕਦੇ ਹਨ, ਗਰਭਵਤੀ ਔਰਤਾਂ ਨੂੰ ਓਨੀ ਹੀ ਸਾਵਧਾਨੀ ਵਰਤਣੀ ਪੈਂਦੀ ਹੈ। ਹੋਲੀ ਦੌਰਾਨ ਥੋੜ੍ਹੀ ਜਿਹੀ ਲਾਪਰਵਾਹੀ ਕਾਰਣ ਉਨ੍ਹਾਂ ਦੇ ਪੇਟ ’ਚ ਪਲ ਰਹੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ।

ਕੈਮੀਕਲ ਵਾਲੇ ਸਿੰਥੈਟਿਕ ਰੰਗ ਸਿਹਤ ਲਈ ਨੁਕਸਾਨਦੇਹ

ਹੋਲੀ ਵਾਸਤੇ ਰੰਗ ਟੇਸੂ ਦੇ ਫੁੱਲ, ਮਸਾਲੇ ਅਤੇ ਕਈ ਦੂਸਰੇ ਬੂਟਿਆਂ ਦੀ ਵਰਤੋਂ ਕਰ ਕੇ ਬਣਾਏ ਜਾਂਦੇ ਸਨ, ਜੋ ਕਿ ਕੁਦਰਤੀ ਹੋਣ ਕਾਰਣ ਸਕਿਨ ਲਈ ਵੀ ਸੇਫ ਹੁੰਦਾ ਹੈ ਪਰ ਅੱਜ-ਕੱਲ ਜਿਨ੍ਹਾਂ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਪੂਰੀ ਤਰ੍ਹਾਂ ਕੈਮੀਕਲ ਨੂੰ ਮਿਲਾ ਕੇ ਤਿਆਰ ਕੀਤੇ ਜਾਂਦੇ ਹਨ, ਜਿਸ ਕਾਰਣ ਤੁਹਾਡੀ ਸਿਹਤ ਨੂੰ ਤਾਂ ਨੁਕਸਾਨ ਹੁੰਦਾ ਹੀ ਹੈ, ਬਲਕਿ ਇਸ ਨਾਲ ਗਰਭਵਤੀ ਔਰਤਾਂ ਦੇ ਗਰਭ ’ਚ ਪਲ ਰਹੇ ਬੱਚੇ ਨੂੰ ਗੰਭੀਰ ਖਤਰਾ ਵੀ ਹੋ ਸਕਦਾ ਹੈ। ਇਹ ਰੰਗ ਸਕਿਨ ਦੇ ਨਾਲ-ਨਾਲ ਅੱਖਾਂ ਅਤੇ ਫੇਫੜਿਆਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।

ਭਰੂਣ ਨੂੰ ਕਿਵੇਂ ਪਹੁੰਚ ਸਕਦੈ ਨੁਕਸਾਨ

ਗਰਭਵਤੀ ਔਰਤਾਂ ਦੀ ਇਮਿਊਨਿਟੀ ਦੂਸਰੇ ਲੋਕਾਂ ਦੇ ਮੁਕਾਬਲੇ ਕਮਜ਼ੋਰ ਹੁੰਦੀ ਹੈ। ਅਜਿਹੀਆਂ ਬੀਮਾਰੀਆਂ ਅਤੇ ਇਨਫੈਕਸ਼ਨ ਦਾ ਖਤਰਾ ਵੀ ਉਨ੍ਹਾਂ ਨੂੰ ਜ਼ਿਆਦਾ ਹੁੰਦਾ ਹੈ। ਨਾਲ ਹੀ ਗਰਭ ਦੌਰਾਨ ਤੁਹਾਡੀ ਸਕਿਨ ਵੀ ਬੇਹੱਦ ਸੈਂਸੇਟਿਵ ਰਹਿੰਦੀ ਹੈ। ਇਸ ਕਾਰਣ ਜਿਨ੍ਹਾਂ ਰੰਗਾਂ ਨਾਲ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ, ਉਨ੍ਹਾਂ ਰੰਗਾਂ ਨਾਲ ਗਰਭਵਤੀ ਔਰਤਾਂ ਸੰਵੇਦਨਸ਼ੀਲ ਹੋ ਸਕਦੀਆਂ ਹਨ। ਇੰਨਾ ਹੀ ਨਹੀਂ ਕੈਮੀਕਲ ਵਾਲੇ ਰੰਗਾਂ ਕਾਰਣ ਮਿਸਕੈਰੇਜ ਅਤੇ ਜਨਮ ਸਮੇਂ ਬੱਚੇ ਦਾ ਭਾਰ ਘੱਟ ਹੋਣ ਵਰਗੀਆਂ ਮੁਸ਼ਕਲਾਂ ਵੀ ਆ ਸਕਦੀਆਂ ਹਨ।

ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਵੀ ਰਹਿਣ ਚੌਕਸ

ਜੇਕਰ ਤੁਸੀਂ ਨਵੀਂ-ਨਵੀਂ ਮਾਂ ਬਣੇ ਹੋ ਅਤੇ ਬੱਚੇ ਨੂੰ ਬ੍ਰੈਸਟ ਫੀਡਿੰਗ ਕਰਵਾਉਂਦੇ ਹੋ ਤਾਂ ਤੁਹਾਨੂੰ ਵੀ ਹੋਲੀ ਦੌਰਾਨ ਕੈਮੀਕਲ ਵਾਲੇ ਨੁਕਸਾਨਦੇਹ ਰੰਗਾਂ ਤੋਂ ਬਿਲਕੁੱਲ ਦੂਰ ਰਹਿਣਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਜੇਕਰ ਇਹ ਰੰਗ ਤੁਹਾਡੇ ਦੁੱਧ ਰਾਹੀਂ ਬੱਚੇ ਦੇ ਸਰੀਰ ’ਚ ਪਹੁੰਚ ਜਾਣ ਤਾਂ ਬੱਚੇ ਦੀ ਸਿਹਤ ਖਰਾਬ ਹੋ ਸਕਦੀ ਹੈ।

ਹੋਲੀ ’ਤੇ ਰੰਗ ਤੋਂ ਵੀ ਬਣਾਓ ਦੂਰੀ

ਹੋਲੀ ਦੇ ਤਿਓਹਾਰ ’ਤੇ ਬਹੁਤ ਸਾਰੇ ਲੋਕ ਭੰਗ ਦਾ ਵੀ ਸੇਵਨ ਕਰਦੇ ਹਨ। ਭੰਗ ਮਿਲੀ ਹੋਈ ਠੰਡਈ, ਗੁਜੀਆ ਅਤੇ ਕਈ ਹੋਰ ਖਾਣ ਵਾਲੀਆਂ ਵਸਤੂਆਂ ਹੋਲੀ ਮੌਕੇ ਬਣਾਈਆਂ ਜਾਂਦੀਆਂ ਹਨ ਪਰ ਜੇਕਰ ਤੁਸੀਂ ਗਰਭਵਤੀ ਹੋ ਜਾਂ ਫਿਰ ਛੋਟੇ ਬੱਚੇ ਦੀ ਮਾਂ ਹੋ ਅਤੇ ਬੱਚੇ ਨੂੰ ਬ੍ਰੈਸਟ ਫੀਡਿੰਗ ਕਰਵਾਉਂਦੇ ਹੋ ਤਾਂ ਭੰਗ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੋ। ਭੰਗ ਦਾ ਸਿੱਧਾ ਅਸਰ ਗਰਭ ’ਚ ਪਲ ਰਹੇ ਬੱਚੇ ’ਤੇ ਪੈਂਦਾ ਹੈ।

ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਪਾਣੀ ਵਾਲੀ ਹੋਲੀ ਤੋਂ ਬਚੋ

ਹੋਲੀ ’ਚ ਲੋਕ ਰੰਗ ਖੇਡਣ ਲਈ ਪਾਣੀ ਬਹੁਤ ਵਰਤਦੇ ਹਨ, ਜਿਸ ਨਾਲ ਪੈਰ ਤਿਲਕਣ ਦਾ ਖਤਰਾ ਹੋ ਸਕਦਾ ਹੈ। ਇਹ ਗਰਭਵਤੀ ਔਰਤ ਅਤੇ ਉਸ ਦੇ ਹੋਣ ਵਾਲੇ ਬੱਚੇ ਲਈ ਬੇਹੱਦ ਖਤਰਨਾਕ ਹੈ।

ਖਾਣ-ਪੀਣ ਦਾ ਰੱਖੋ ਧਿਆਨ

ਹੋਲੀ ’ਚ ਰੰਗ ਖੇਡਣ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਖਾਣ-ਪੀਣ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਬਹੁਤ ਜ਼ਿਆਦਾ ਤੇਲਯੁਕਤ ਖਾਣਾ ਤੁਹਾਡੀ ਸਿਹਤ ਵਿਗਾੜ ਸਕਦਾ ਹੈ। ਠੰਡਈ ਜਾਂ ਇਸ ਤਰ੍ਹਾਂ ਦੀ ਡ੍ਰਿੰਕਸ ’ਚ ਭੰਗ ਮਿਲੀ ਹੋ ਸਕਦੀ ਹੈ। ਇਸ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ।

ਪੂਰੀਆਂ ਬਾਹਾਂ ਦੇ ਕੱਪੜੇ ਪਹਿਨੋ

ਹੋਲੀ ਦੌਰਾਨ ਗਰਭਵਤੀ ਔਰਤਾਂ ਪੂਰੀਆਂ ਬਾਹਾਂ ਦੇ ਕੱਪੜੇ ਪਾਉਣ ਅਤੇ ਐਨਕਾਂ ਲਾ ਕੇ ਰੱਖਣ। ਅਜਿਹਾ ਕਰਨ ਨਾਲ ਤੁਹਾਡੀ ਸਕਿਨ ਨੁਕਸਾਨਦੇਹ ਰੰਗਾਂ ਤੋਂ ਬਚੀ ਰਹੇਗੀ ਅਤੇ ਅੱਖਾਂ ’ਚ ਰੰਗ ਪੈ ਜਾਣ ਦਾ ਖਤਰਾ ਵੀ ਨਹੀਂ ਰਹੇਗਾ।

ਸਰੀਰ ’ਤੇ ਤੇਲ ਜਾਂ ਕ੍ਰੀਮ ਲਾ ਲਓ

ਭਾਵੇਂ ਹੀ ਤੁਸੀਂ ਹਰਬਲ ਜਾਂ ਹੋਮਮੇਡ ਰੰਗਾਂ ਨਾਲ ਹੋਲੀ ਖੇਡਣ ਜਾ ਰਹੇ ਹੋ ਤਾਂ ਵੀ ਸਰੀਰ ’ਤੇ ਪੈਟਰੋਲੀਅਮ ਜੈੱਲੀ, ਨਾਰੀਅਲ ਤੇਲ ਜਾਂ ਸਰ੍ਹੋਂ ਦਾ ਤੇਲ ਜ਼ਰੂਰ ਲਾ ਲਓ। ਵਾਲਾਂ ਨੂੰ ਉੱਚਾ ਕਰ ਕੇ ਘੁੱਟ ਕੇ ਬੰਨ੍ਹ ਲਓ। ਅਜਿਹਾ ਕਰਨ ਨਾਲ ਤੁਹਾਨੂੰ ਰੰਗ ਲਾਉਣ ’ਚ ਮੁਸ਼ਕਲ ਨਹੀਂ ਹੋਵੇਗੀ।


author

Harinder Kaur

Content Editor

Related News