Health Tips: ਜ਼ਿਆਦਾ ਚਾਹ ਪੀਣ ਵਾਲੇ ਲੋਕ ਹੋ ਜਾਣ ਸਾਵਧਾਨ, ਸਰੀਰ ਨੂੰ ਹੋ ਸਕਦੇ ਨੇ ਇਹ ਨੁਕਸਾਨ
Saturday, Jun 03, 2023 - 05:40 PM (IST)
ਜਲੰਧਰ (ਬਿਊਰੋ) : ਭਾਰਤੀ ਲੋਕਾਂ ਨੂੰ ਚਾਹ ਪੀਣ ਦਾ ਬਹੁਤ ਸ਼ੌਂਕ ਹੁੰਦਾ ਹੈ। ਘੱਟ ਤੋਂ ਘੱਟ ਸਵੇਰੇ-ਸ਼ਾਮ ਤਾਂ ਇਨ੍ਹਾਂ ਨੂੰ ਚਾਹ ਜ਼ਰੂਰ ਚਾਹੀਦੀ ਹੈ। ਬਹੁਤ ਸਾਰੇ ਅਜਿਹੇ ਲੋਕ ਹਨ, ਜੋ ਆਪਣੇ ਦਿਨ ਦੀ ਸ਼ੁਰੂਆਤ ਚਾਹ ਦੇ ਨਾਲ ਕਰਦੇ ਹਨ। ਥਕਾਵਟ ਉਤਾਰਣ ਲਈ ਵੀ ਲੋਕ ਦਿਨ ’ਚ ਕਈ ਵਾਰ ਚਾਹ ਪੀਂਦੇ ਹਨ, ਜਿਸ ਨਾਲ ਚਾਹ ਪੀਣ ਦੀ ਆਦਤ ਬਣ ਜਾਂਦੀ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਤੁਹਾਡੀ ਸਿਹਤ ਲਈ ਸਹੀ ਹੈ ਜਾਂ ਨਹੀਂ। ਜ਼ਿਆਦਾ ਮਾਤਰਾ ’ਚ ਚਾਹ ਪੀਣ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ, ਜਿਸ ਨਾਲ ਤੁਹਾਨੂੰ ਕਈ ਤਰਾਂ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਇਸੇ ਕਰਕੇ ਅੱਜ ਅਸੀਂ ਤੁਹਾਨੂੰ ਜ਼ਿਆਦਾ ਚਾਹ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਾਂਗੇ...
ਕਿੰਨੀ ਮਾਤਰਾ ’ਚ ਕਰਨੀ ਚਾਹੀਦੀ ਹੈ ਚਾਹ ਦੀ ਵਰਤੋਂ
ਇਕ ਕੱਪ ਚਾਹ ’ਚ 20 ਤੋਂ 60 ਮਿਲੀਗ੍ਰਾਮ ਦੇ ਵਿਚਕਾਰ ਕੈਫੀਨ ਦੀ ਮਾਤਰਾ ਪਾਈ ਜਾਂਦੀ ਹੈ। ਇਸ ਲਈ ਦਿਨ ’ਚ 3 ਕੱਪ ਤੋਂ ਜ਼ਿਆਦਾ ਚਾਹ ਨਹੀਂ ਪੀਣੀ ਚਾਹੀਦੀ, ਕਿਉਂਕਿ ਜ਼ਿਆਦਾ ਚਾਹ ਪੀਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ।
ਚਾਹ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਨੁਕਸਾਨ
ਢਿੱਡ ’ਚ ਗੈਸ
ਖਾਲੀ ਢਿੱਡ ਚਾਹ ਪੀਣ ਨਾਲ ਸੀਨੇ ’ਚ ਜਲਨ, ਢਿੱਡ ’ਚ ਗੈਸ ਅਤੇ ਇਨਡਾਈਜੇਸ਼ਨ ਵਰਗੀਆਂ ਪ੍ਰੇਸ਼ਾਨੀਆਂ ਤੁਹਾਨੂੰ ਝੱਲਣੀਆਂ ਪੈ ਸਕਦੀਆਂ ਹਨ।
ਚੱਕਰ ਆਉਣਾ
ਚਾਹ ’ਚ ਕੈਫੀਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਚੱਕਰ ਆਉਂਦੇ ਹਨ। ਅਜਿਹੀ ਸਥਿਤੀ ਉਦੋਂ ਬਣਦੀ ਹੈ ਜਦੋਂ ਤੁਸੀਂ 400-500 ਮਿਲੀਗ੍ਰਾਮ ਤੋਂ ਜ਼ਿਆਦਾ ਕੈਫੀਨ ਦੀ ਵਰਤੋਂ ਕਰ ਲੈਂਦੇ ਹੋ। ਹਾਲਾਂਕਿ ਤਣਾਅ ਨਾਲ ਜੂਝ ਰਿਹਾ ਵਿਅਕਤੀ ਜੇਕਰ ਘੱਟ ਮਾਤਰਾ ’ਚ ਚਾਹ ਦੀ ਵਰਤੋਂ ਕਰਦਾ ਹੈ ਤਾਂ ਵੀ ਉਸ ਨੂੰ ਚੱਕਰ ਆ ਸਕਦੇ ਹਨ।
ਨੀਂਦ ਨਾ ਆਉਣਾ
ਜੇਕਰ ਤੁਸੀਂ ਦਿਨ ’ਚ 2 ਤੋਂ ਜ਼ਿਆਦਾ ਕੱਪ ਚਾਹ ਪੀਂਦੇ ਹੋ ਤਾਂ ਤੁਹਾਨੂੰ ਰਾਤ ਦੇ ਸਮੇਂ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਕਈ ਲੋਕ ਰਾਤ ਦੇ ਖਾਣੇ ਤੋਂ ਬਾਅਦ ਚਾਹ ਪੀਂਦੇ ਹਨ। ਇਸ ਨਾਲ ਉਨ੍ਹਾਂ ਦਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ। ਨੀਂਦ ਨਾ ਆਉਣ ਕਾਰਨ ਤਣਾਅ, ਚਮੜੀ ਦੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਿਡਨੀ ’ਤੇ ਬੁਰਾ ਅਸਰ
ਜ਼ਿਆਦਾ ਚਾਹ ਪੀਣ ਦਾ ਅਸਰ ਕਿਡਨੀ ’ਤੇ ਵੀ ਪੈਂਦਾ ਹੈ। ਖ਼ਾਸ ਤੌਰ ’ਤੇ ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਮਾਤਰਾ ਅਤੇ ਜ਼ਿਆਦਾ ਗਰਮ ਚਾਹ ਬਿਲਕੁੱਲ ਨਹੀਂ ਪੀਣੀ ਚਾਹੀਦੀ। ਇਸ ਦਾ ਪੂਰਾ ਅਸਰ ਮਰੀਜ਼ ਦੀ ਕਿਡਨੀ ’ਤੇ ਪੈਂਦਾ ਹੈ।
ਚਿੜਚਿੜਾ ਬਣਾਉਂਦੀ ਹੈ ਚਾਹ
ਹੱਦ ਤੋਂ ਜ਼ਿਆਦਾ ਚਾਹ ਪੀਣਾ ਇਨਸਾਨ ਨੂੰ ਇਸ ਦਾ ਆਦੀ ਬਣਾ ਦਿੰਦੀ ਹੈ ਜਿਸ ਕਾਰਨ ਚਾਹ ਨਾ ਮਿਲਣ ’ਤੇ ਬੇਹੱਦ ਥਕਾਵਟ ਮਹਿਸੂਸ ਹੁੰਦੀ ਹੈ ਅਤੇ ਕਈ ਵਾਰ ਇਨਸਾਨ ਚਿੜਚਿੜਾਪਣ ਵੀ ਮਹਿਸੂਸ ਕਰਨ ਲੱਗਦਾ ਹੈ।
ਗਰਭਅਵਸਥਾ ’ਚ ਸਮੱਸਿਆ ਆਉਣਾ
ਗਰਭਅਵਸਥਾ ਦੌਰਾਨ ਚਾਹ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਗਰਭਪਾਤ ਅਤੇ ਜਨਮ ਦੇ ਸਮੇਂ ਬੱਚੇ ਦਾ ਭਾਰ ਘੱਟ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਪਾਚਨ ਤੰਤਰ 'ਤੇ ਬੁਰਾ ਅਸਰ
ਕਈ ਲੋਕ ਬੇਹੀ ਚਾਹ ਨੂੰ ਦੁਬਾਰਾ ਗਰਮ ਕਰਕੇ ਪੀ ਲੈਂਦੇ ਹਨ, ਜਿਸ ਨਾਲ ਪਾਚਨ ਤੰਤਰ 'ਤੇ ਬੁਰਾ ਅਸਰ ਪੈਂਦਾ ਹੈ। ਚਾਹ 'ਚ ਮੌਜੂਦ ਐਸਿਡਿਕ ਗੁਣ ਢਿੱਡ 'ਚ ਜਾ ਕੇ ਐਸਿਡ ਦੀ ਮਾਤਰਾ ਨੂੰ ਹੋਰ ਵਧਾ ਸਕਦੇ ਹਨ, ਜਿਸ ਨਾਲ ਅਪਚ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਛਾਤੀ 'ਚ ਜਲਨ
ਜੇਕਰ ਤੁਸੀਂ ਦਿਨ ’ਚ 2 ਤੋਂ ਜ਼ਿਆਦਾ ਕੱਪ ਚਾਹ ਪੀਂਦੇ ਹੋ ਤਾਂ ਤੁਹਾਡੇ ਅੰਤੜੀਆਂ 'ਚ ਐਸਿਡ ਦਾ ਉਤਪਾਦਨ ਵਧ ਜਾਂਦਾ ਹੈ। ਇਸ ਨਾਲ ਛਾਤੀ 'ਚ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਦਰਦ ਦੀ ਸਮੱਸਿਆ ਹੋਣ ਲੱਗਦੀ ਹੈ।