ਦਿਲ ਦਾ ਦੌਰਾ ਅਤੇ ਸ਼ੂਗਰ ਦੇ ਖ਼ਤਰੇ ਨੂੰ ਘੱਟ ਕਰਦੈ ਜੈਤੂਨ ਦਾ ਤੇਲ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

02/23/2023 11:56:36 AM

ਜਲੰਧਰ (ਬਿਊਰੋ) - ਜੈਤੂਨ ਦੇ ਤੇਲ ਦੀ ਵਰਤੋਂ ਸਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ 'ਚ ਵਿਟਾਮਿਨ-ਈ ਅਤੇ ਵਿਟਾਮਿਨ-ਕੇ ਤੋਂ ਇਲਾਵਾ ਚੰਗੀ ਮਾਤਰਾ 'ਚ ਓਮੇਗਾ-3 ਅਤੇ ਓਮੇਗਾ-6 ਐਸਿਡ ਅਤੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ। ਇਸ ਨਾਲ ਸਾਡਾ ਸਰੀਰ ਕਈ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਜੈਤੂਨ ਦੇ ਤੇਲ ਦੀ ਵਰਤੋਂ ਭੋਜਨ ਪਕਾਉਣ ਲਈ ਕੀਤੀ ਜਾਂਦੀ ਹੈ। ਇਸ ਨਾਲ ਖਾਣੇ ਦਾ ਸੁਆਦ ਤਾਂ ਵਧਦਾ ਹੈ, ਨਾਲ ਹੀ ਇਹ ਸਿਹਤ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਤੁਸੀਂ ਹਾਰਟ ਅਟੈਕ ਅਤੇ ਖੂਨ ਜੰਮਣ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ ਪਰ ਜੈਤੂਨ ਦੇ ਤੇਲ 'ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਤੁਸੀਂ ਕਈ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਤੋਂ ਬਚੇ ਰਹਿ ਸਕਦੇ ਹੋ। ਜੈਤੂਨ ਦੇ ਤੇਲ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਆਓ ਵਿਸਥਾਰ ਨਾਲ ਜਾਣਦੇ ਹਾਂ....

1. ਮੋਟਾਪਾ : ਜੈਤੂਨ ਤੇਲ ਦੀ ਵਰਤੋਂ ਨਾਲ ਤੁਹਾਨੂੰ ਸਿਹਤਮੰਦ ਫੈਟ ਮਿਲਦੀ ਹੈ। ਜੇਕਰ ਤੁਸੀਂ ਸਲਾਦ ਦੇ ਉੱਪਰ ਜੈਤੂਨ ਦਾ ਤੇਲ ਪਾ ਕੇ ਖਾਂਦੇ ਹੋ ਤਾਂ ਇਸ ਨਾਲ ਭੁੱਖ ਘੱਟ ਲੱਗਦੀ ਹੈ। ਇਸ ਨਾਲ ਤੁਹਾਡਾ ਮੋਟਾਪਾ ਜਲਦੀ ਘੱਟ ਹੋਵੇਗਾ।

2. ਤਣਾਅ : ਅੱਜ-ਕੱਲ੍ਹ ਦੀ ਜੀਵਨ ਸ਼ੈਲੀ ਦੇ ਕਾਰਨ ਲੋਕਾਂ 'ਚ ਤਣਾਅ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਜੇਕਰ ਤੁਸੀਂ ਰੋਜ਼ਾਨਾਂ ਆਪਣੀ ਖ਼ੁਰਾਕ 'ਚ ਜੈਤੂਨ ਦੇ ਤੇਲ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਤਾਜ਼ਾ ਮਹਿਸੂਸ ਕਰੋਗੇ।

3. ਸ਼ੂਗਰ : ਜੇਕਰ ਤੁਸੀਂ ਆਪਣੇ ਖਾਣੇ 'ਚ ਜੈਤੂਨ ਦੇ ਤੇਲ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਸਿਰਫ਼ ਸ਼ੂਗਰ ਹੀ ਨਹੀਂ ਸਗੋਂ ਜੋ ਲੋਕ ਇਸ ਤੋਂ ਦੂਰ ਰਹਿਣਾ ਚਾਹੁੰਦੇ ਹਨ, ਉਨ੍ਹਾਂ ਲਈ ਵੀ ਵਧੀਆ ਹੈ। ਇਸ ਨੂੰ ਲਗਾਤਾਰ ਲੈਣ ਨਾਲ ਦਿਲ ਸੰਬੰਧੀ ਰੋਗ ਵੀ ਠੀਕ ਹੋ ਜਾਂਦੇ ਹਨ।

4. ਦਿਮਾਗ : ਜੈਤੂਨ ਦੇ ਤੇਲ ਨੂੰ ਦਿਮਾਗ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਇਸ 'ਚ ਵਿਟਾਮਿਨ-ਈ ਕਾਫ਼ੀ ਮਾਤਰਾ 'ਚ ਮੌਜੂਦ ਹੁੰਦਾ ਹੈ, ਜੋ ਦਿਮਾਗ ਤੇਜ਼ ਕਰਨ 'ਚ ਮਦਦ ਕਰਦਾ ਹੈ।

5. ਛਾਤੀ ਦੇ ਕੈਂਸਰ ਤੋਂ ਬਚਾਅ : ਰੋਜ਼ਾਨਾ ਜੈਤੂਨ ਤੇਲ ਨੂੰ ਆਪਣੀ ਖ਼ੁਰਾਕ 'ਚ ਸ਼ਾਮਲ ਕਰਨ ਨਾਲ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਕਾਫੀ ਘੱਟ ਜਾਂਦੀ ਹੈ। ਇਸ 'ਚ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਜਨਾਨੀਆਂ ਨੂੰ ਛਾਤੀ ਦੇ ਕੈਂਸਰ ਤੋਂ ਬਚਾਉਂਦੇ ਹਨ।

6. ਜੋੜਾਂ ਦਾ ਦਰਦ ਕਰੇ ਠੀਕ : ਜੋੜਾਂ ਦੇ ਦਰਦ ਨੂੰ ਠੀਕ ਕਰਨ ਲਈ ਤੁਸੀਂ 2 ਚੱਮਚ ਸੇਬ ਦੇ ਸਿਰਕੇ 'ਚ ਜੈਤੂਨ ਦਾ ਤੇਲ ਪਾ ਕੇ ਮਿਕਸ ਕਰ ਲਓ। ਹੁਣ ਇਸ ਨੂੰ ਦਰਦ ਵਾਲੀ ਥਾਂ 'ਤੇ ਲਗਾਓ। ਇਕ ਹਫਤੇ ਤੱਕ ਇਸੇ ਤਰ੍ਹਾਂ ਕਰਨ ਨਾਲ ਦਰਦ ਠੀਕ ਹੋ ਜਾਵੇਗਾ।

7. ਕਬਜ਼ ਤੋਂ ਰਾਹਤ : ਗਲਤ ਖਾਣ-ਪੀਣ ਕਾਰਨ ਕਬਜ਼ ਦੀ ਸਮੱਸਿਆ ਹੋਣਾ ਆਮ ਗੱਲ ਹੈ। ਇਨ੍ਹਾਂ ਦੋਵਾਂ 'ਚ ਮੌਜੂਦ ਲੈਕਸਟਿਵ ਅਤੇ ਇੰਫਿਲੀਮੇਟਰੀ ਗੁਣ ਤੁਹਾਡੀ ਇਸ ਸਮੱਸਿਆ ਨੂੰ ਦੂਰ ਕਰਦੇ ਹਨ। ਇਸ ਦੀ ਵਰਤੋਂ ਨਾਲ ਗੈਸ, ਪੇਟ 'ਚ ਕਸਾਅ ਅਤੇ ਐਸਿਡ ਬਣਨਾ ਬੰਦ ਹੋ ਜਾਂਦਾ ਹੈ।

8. ਕੋਲੈਸਟਰੋਲ ਨੂੰ ਕਾਬੂ ਕਰਦਾ  : ਜੈਤੂਨ ਦੇ ਤੇਲ 'ਚ ਮੌਜੂਦ ਵਸਾ ਖੂਨ 'ਚ ਲਿਪਿਡ ਨੂੰ ਬਣਾਈ ਰੱਖਦਾ ਹੈ। ਇਸ ਲਈ ਰੋਜ਼ਾਨਾ ਇਸ ਨੂੰ ਲੈਣ ਨਾਲ ਖ਼ਰਾਬ ਕੋਲੈਸਟਰੋਲ ਦਾ ਸਤਰ ਘੱਟ ਹੋ ਜਾਂਦਾ ਹੈ। ਇਹ ਟ੍ਰਾਈਗਿਲਸਰਾਈਡਸ ਨੂੰ ਕੰਟਰੋਲ ਕਰਕੇ ਚੰਗੇ ਕੋਲੈਸਟਰੋਲ ਦੇ ਸਤਰ ਨੂੰ ਵਧਾਉਂਦਾ ਹੈ।

9. ਤਾਜ਼ਗੀ : ਜਵਾਨੀ ਅਤੇ ਸੁੰਦਰਤਾ ਦੇ ਉਤਪਾਦਾਂ ਵਿਚ ਜੈਤੂਨ ਦਾ ਤੇਲ ਪਹਿਲੇ ਸਥਾਨਾਂ ਵਿਚੋਂ ਇਕ ਹੈ। ਇਸ ’ਚ ਪਾਏ ਜਾਣ ਵਾਲੇ ਵਿਟਾਮਿਨ-ਈ, ਫੀਨੋਲ ਅਤੇ ਵਿਟਾਮਿਨ-ਏ ਇੱਕ ਦੂਜੇ ਨੂੰ ਬਿਹਤਰ ਰੂਪ ਵਿੱਚ ਜਜ਼ਬ ਕਰਨ ਵਿੱਚ ਸਹਾਇਤਾ ਕਰਦੇ ਹਨ। ਵਿਟਾਮਿਨ-ਈ ਸਰੀਰ ਨੂੰ ਤੇਜ਼ੀ ਨਾਲ ਵਧਣ ਤੋਂ ਰੋਕਦਾ ਹੈ। ਵਿਟਾਮਿਨ-ਏ ਵਾਲਾਂ ਨੂੰ ਚਮਕਦਾਰ ਬਣਾਉਂਦਾ, ਨਹੁੰਆਂ ਦੀ ਤਾਕਤ ਵਧਾਉਂਦਾ ਅਤੇ ਚਮੜੀ ਨੂੰ ਚਮਕਦਾਰ ਕਰਦਾ ਹੈ।

10. ਵਾਲ ਕਰਦੇ ਮਜ਼ਬੂਤ ​​ : ਜੈਤੂਨ ਦਾ ਤੇਲ ਵਾਲਾਂ ਦਾ ਮਾਸਕ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਕਰਨ ਨਾਲ ਵਾਲ ਮਜ਼ਬੂਤ ਹੁੰਦੇ ਹਨ ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News