ਕੈਂਸਰ ਦੇ ਇਲਾਜ ''ਚ ਮਿਲੀ ਵੱਡੀ ਸਫ਼ਲਤਾ, ਇਕ ਨਵਾਂ ਟੈਸਟ ਹੁਣ ਕੀਮੋਥੈਰੇਪੀ ਦੀ ਲੋੜ ਨੂੰ ਕਰੇਗਾ ਖ਼ਤਮ

Tuesday, Jun 02, 2026 - 12:43 PM (IST)

ਕੈਂਸਰ ਦੇ ਇਲਾਜ ''ਚ ਮਿਲੀ ਵੱਡੀ ਸਫ਼ਲਤਾ, ਇਕ ਨਵਾਂ ਟੈਸਟ ਹੁਣ ਕੀਮੋਥੈਰੇਪੀ ਦੀ ਲੋੜ ਨੂੰ ਕਰੇਗਾ ਖ਼ਤਮ

ਹੈਲਥ ਡੈਸਕ -  ਕੈਂਸਰ ਦੇ ਇਲਾਜ ਦੌਰਾਨ ਕੀਮੋਥੈਰੇਪੀ ਦੇ ਖੌਫਨਾਕ ਸਾਈਡ-ਇਫੈਕਟਸ ਜਿਵੇਂ ਕਿ ਵਾਲਾਂ ਦਾ ਝੜਨਾ, ਕਮਜ਼ੋਰੀ ਅਤੇ ਮਾਨਸਿਕ ਤਣਾਅ ਹੁਣ ਬੀਤੇ ਦੀ ਗੱਲ ਹੋ ਸਕਦੇ ਹਨ। ਇਕ ਯੂਨੀਵਰਸਿਟੀ ਦੀ ਅਗਵਾਈ ਹੇਠ ਕੀਤੇ ਗਏ ਇਕ ਅੰਤਰਰਾਸ਼ਟਰੀ ਕਲੀਨਿਕਲ ਟਰਾਇਲ 'ਓਪਟੀਮਾ' ਦੇ ਨਤੀਜਿਆਂ ਨੇ ਲੱਖਾਂ ਔਰਤਾਂ ਲਈ ਨਵੀਂ ਉਮੀਦ ਜਗਾਈ ਹੈ।

ਕੀ ਹੈ 'ਪ੍ਰੋਜਿਗਨਾ' ਟੈਸਟ?
ਇਸ ਖੋਜ 'ਚ 'ਪ੍ਰੋਜਿਗਨਾ' ਨਾਮਕ ਇਕ ਜੀਨੋਮਿਕ ਟੈਸਟ ਦੀ ਵਰਤੋਂ ਕੀਤੀ ਗਈ ਹੈ। ਇਹ ਟੈਸਟ ਟਿਊਮਰ ਦੇ ਟਿਸ਼ੂਆਂ 'ਚ 50 ਜੀਨਾਂ ਦੀ ਸਰਗਰਮੀ ਦਾ ਵਿਸ਼ਲੇਸ਼ਣ ਕਰਦਾ ਹੈ। ਇਸ ਰਾਹੀਂ ਡਾਕਟਰ ਇਹ ਸਹੀ ਢੰਗ ਨਾਲ ਪਤਾ ਲਗਾ ਸਕਦੇ ਹਨ ਕਿ ਅਗਲੇ 10 ਸਾਲਾਂ 'ਚ ਕੈਂਸਰ ਦੇ ਵਾਪਸ ਆਉਣ ਦਾ ਖਤਰਾ ਕਿੰਨਾ ਹੈ। ਜੇਕਰ ਟੈਸਟ ਦਾ ਸਕੋਰ 'ਲੋਅ' (ਘੱਟ) ਆਉਂਦਾ ਹੈ, ਤਾਂ ਮਰੀਜ਼ ਨੂੰ ਕੀਮੋਥੈਰੇਪੀ ਦੀ ਜ਼ਰੂਰਤ ਨਹੀਂ ਪੈਂਦੀ।

ਟਰਾਇਲ ਦੇ ਹੈਰਾਨੀਜਨਕ ਨਤੀਜੇ
ਇਸ ਟਰਾਇਲ 'ਚ ਬ੍ਰਿਟੇਨ, ਨਾਰਵੇ, ਸਵੀਡਨ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਥਾਈਲੈਂਡ ਦੇ 4,429 ਮਰੀਜ਼ਾਂ (40 ਸਾਲ ਜਾਂ ਇਸ ਤੋਂ ਵੱਧ ਉਮਰ) ਨੂੰ ਸ਼ਾਮਲ ਕੀਤਾ ਗਿਆ ਸੀ। ਪੰਜ ਸਾਲਾਂ ਦੇ ਅੰਕੜਿਆਂ ਅਨੁਸਾਰ:

- ਕੀਮੋਥੈਰੇਪੀ ਅਤੇ ਹਾਰਮੋਨ ਥੈਰੇਪੀ ਦੋਵੇਂ ਲੈਣ ਵਾਲੇ 95% ਮਰੀਜ਼ ਕੈਂਸਰ ਮੁਕਤ ਰਹੇ।
- ਕੀਮੋਥੈਰੇਪੀ ਛੱਡ ਕੇ ਸਿਰਫ਼ ਹਾਰਮੋਨ ਥੈਰੇਪੀ ਲੈਣ ਵਾਲੇ 94% ਮਰੀਜ਼ ਵੀ ਬਿਲਕੁਲ ਸਿਹਤਮੰਦ ਰਹੇ।

ਵਿਅਕਤੀਗਤ ਇਲਾਜ ਦੀ ਰਾਹ
ਖੋਜਕਰਤਾ ਅਨੁਸਾਰ , ਇਹ ਟਰਾਇਲ ਰਵਾਇਤੀ ਲੱਛਣਾਂ ਦੀ ਬਜਾਏ ਟਿਊਮਰ ਦੀ ਬਾਇਓਲੋਜੀ ਦੇ ਆਧਾਰ 'ਤੇ ਵਿਅਕਤੀਗਤ ਇਲਾਜ ਦੇ ਰਸਤੇ ਖੋਲ੍ਹਦਾ ਹੈ। ਇਸ ਨਾਲ ਮਰੀਜ਼ਾਂ ਨੂੰ ਬੇਲੋੜੀ ਟੌਕਸੀਸਿਟੀ (ਜ਼ਹਿਰੀਲੇ ਪ੍ਰਭਾਵਾਂ) ਤੋਂ ਬਚਾਇਆ ਜਾ ਸਕੇਗਾ।

ਇਸ ਖੋਜ ਦੇ ਨਤੀਜੇ ਸ਼ਿਕਾਗੋ 'ਚ ਹੋਣ ਵਾਲੀ 'ਅਮਰੀਕਨ ਸੁਸਾਇਟੀ ਆਫ ਕਲੀਨਿਕਲ ਔਨਕੋਲੋਜੀ' ਦੀ ਸਾਲਾਨਾ ਮੀਟਿੰਗ 'ਚ ਪੇਸ਼ ਕੀਤੇ ਜਾਣਗੇ।


author

Sunaina

Content Editor

Related News