ਜਾਣੋ ਆਈ ਫਲੂ ਦੇ ਲੱਛਣ, ਫੈਲਣ ਤੋਂ ਕਿਵੇਂ ਰੋਕੀਏ ਤੇ ਕੀ ਹੈ ਇਸ ਦਾ ਇਲਾਜ?

Wednesday, Aug 16, 2023 - 01:01 PM (IST)

ਜਾਣੋ ਆਈ ਫਲੂ ਦੇ ਲੱਛਣ, ਫੈਲਣ ਤੋਂ ਕਿਵੇਂ ਰੋਕੀਏ ਤੇ ਕੀ ਹੈ ਇਸ ਦਾ ਇਲਾਜ?

ਜਲੰਧਰ (ਬਿਊਰੋ)– ਆਈ ਫਲੂ ਅੱਖਾਂ ਨਾਲ ਜੁੜੀ ਅਜਿਹੀ ਬੀਮਾਰੀ ਹੈ, ਜਿਸ ਦੀ ਰੋਕਥਾਮ ਜ਼ਰੂਰੀ ਹੈ। ਨਹੀਂ ਤਾਂ ਇਹ ਸਮੱਸਿਆ ਤੁਹਾਨੂੰ ਵੀ ਪ੍ਰੇਸ਼ਾਨ ਕਰ ਸਕਦੀ ਹੈ। ਤੁਸੀਂ ਅਕਸਰ ਕੁਝ ਅਜਿਹੇ ਲੋਕਾਂ ਨੂੰ ਦੇਖਿਆ ਹੋਵੇਗਾ, ਜਿਨ੍ਹਾਂ ਨੂੰ ਆਮ ਤੌਰ ’ਤੇ ਐਨਕਾਂ ਪਹਿਨਣ ਦੀ ਆਦਤ ਨਹੀਂ ਹੁੰਦੀ ਪਰ ਫਿਰ ਅਚਾਨਕ ਉਹ ਐਨਕਾਂ ਪਹਿਨਦੇ ਦਿਖਾਈ ਦਿੰਦੇ ਹਨ, ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਅੱਖਾਂ ਦੇ ਫਲੂ ਦੀ ਸਮੱਸਿਆ ਹੈ, ਇਸ ਲਈ ਉਹ ਅਜਿਹੇ ਚਸ਼ਮੇ ਪਹਿਨ ਰਹੇ ਹਨ।

ਬੀਮਾਰੀ ਕਿਉਂ ਹੈ?
ਕੰਜਕਟੀਵਾਈਟਿਸ ਇਕ ਖ਼ਾਸ ਕਿਸਮ ਦੀ ਐਲਰਜੀ ਦੇ ਕਾਰਨ ਹੁੰਦਾ ਹੈ। ਦੇਖਿਆ ਗਿਆ ਹੈ ਕਿ ਕਈ ਮਾਮਲਿਆਂ ’ਚ ਬੈਕਟੀਰੀਆ ਦਾ ਇਨਫੈਕਸ਼ਨ ਵੀ ਇਸ ਲਈ ਜ਼ਿੰਮੇਵਾਰ ਹੁੰਦਾ ਹੈ। ਸਾਹ ਪ੍ਰਣਾਲੀ ਜਾਂ ਨੱਕ-ਕੰਨ, ਗਲੇ ’ਚ ਕਿਸੇ ਵੀ ਤਰ੍ਹਾਂ ਦੀ ਲਾਗ ਕਾਰਨ ਵੀ ਲੋਕਾਂ ਨੂੰ ਵਾਇਰਲ ਕੰਜਕਟੀਵਾਈਟਿਸ ਹੋ ਜਾਂਦਾ ਹੈ। ਇਹ ਇਨਫੈਕਸ਼ਨ ਸਿਰਫ ਇਕ ਅੱਖ ਤੋਂ ਸ਼ੁਰੂ ਹੁੰਦੀ ਹੈ ਪਰ ਜਲਦ ਹੀ ਦੂਜੀ ਅੱਖ ਵੀ ਪ੍ਰਭਾਵਿਤ ਹੋ ਜਾਂਦੀ ਹੈ।

ਕਾਰਨ ਕੀ ਹੈ?
ਆਈ ਫਲੂ ਨੂੰ ਪਿੰਕ ਆਈ ਤੇ ਕੰਜਕਟੀਵਾਈਟਿਸ ਵੀ ਕਿਹਾ ਜਾਂਦਾ ਹੈ। ਵੈਸੇ ਤਾਂ ਇਹ ਕੋਈ ਬਹੁਤੀ ਖ਼ਤਰਨਾਕ ਬੀਮਾਰੀ ਨਹੀਂ ਹੈ ਪਰ ਅੱਖਾਂ ’ਚ ਇਨਫੈਕਸ਼ਨ ਹੋਣ ਕਾਰਨ ਇਹ ਜ਼ਿਆਦਾ ਦਰਦਨਾਕ ਹੋ ਜਾਂਦੀ ਹੈ। ਜਿਥੇ ਸਾਫ਼-ਸਫ਼ਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ, ਉਥੇ ਵਾਤਾਵਰਣ ’ਚ ਮੌਜੂਦ ਨਮੀ, ਧੂੜ-ਮਿੱਟੀ, ਉੱਲੀ ਤੇ ਮੱਖੀਆਂ ਕਾਰਨ ਬੈਕਟੀਰੀਆ ਨੂੰ ਤੇਜ਼ੀ ਨਾਲ ਵਧਣ ਦਾ ਮੌਕਾ ਮਿਲਦਾ ਹੈ। ਅੱਖ ਦਾ ਚਿੱਟਾ ਹਿੱਸਾ, ਜਿਸ ਨੂੰ ਕੰਜਕਟੀਵਾ ਕਿਹਾ ਜਾਂਦਾ ਹੈ, ਬੈਕਟੀਰੀਆ ਜਾਂ ਵਾਇਰਸਾਂ ਲਈ ਲੁਕਣ ਲਈ ਸਭ ਤੋਂ ਸੁਰੱਖਿਅਤ ਥਾਂ ਹੈ। ਇਸ ਕਾਰਨ ਜ਼ਿਆਦਾਤਰ ਲੋਕਾਂ ਨੂੰ ਗਰਮੀਆਂ ਤੇ ਬਰਸਾਤ ਦੇ ਮੌਸਮ ’ਚ ਅੱਖਾਂ ਦੇ ਫਲੂ ਦੀ ਸਮੱਸਿਆ ਹੁੰਦੀ ਹੈ।

ਜਾਣੋ ਇਸ ਦੇ ਲੱਛਣ

  • ਅੱਖਾਂ ’ਚ ਲਾਲੀ ਤੇ ਸਾੜ ਪੈਣਾ
  • ਲਗਾਤਾਰ ਪਾਣੀ ਨਿਕਲਣਾ
  • ਅੱਖਾਂ ’ਚ ਸੋਜ
  • ਪਲਕਾਂ ’ਤੇ ਚਿਪਕਣ ਮਹਿਸੂਸ ਹੋਣਾ
  • ਅੱਖਾਂ ’ਚ ਖਾਜ ਤੇ ਚੁਭਣ ਹੋਣਾ
  • ਜੇਕਰ ਇਹ ਇਨਫੈਕਸ਼ਨ ਡੂੰਘਾ ਹੈ ਤਾਂ ਇਸ ਕਾਰਨ ਅੱਖਾਂ ਰਾਹੀਂ ਦੇਖਣ ’ਚ ਸਮੱਸਿਆ ਹੋ ਸਕਦੀ ਹੈ।

ਜਾਣੋ ਇਸ ਨੂੰ ਕਿਵੇਂ ਰੋਕਿਆ ਜਾਵੇ ਤੇ ਇਸ ਦਾ ਇਲਾਜ ਕੀ ਹੈ?

  • ਅੱਖਾਂ ਦੇ ਫਲੂ ਤੋਂ ਛੁਟਕਾਰਾ ਪਾਉਣ ਲਈ ਲਿਊਬ੍ਰਿਕੇਟਿੰਗ ਆਈ ਡ੍ਰਾਪ ਤੇ ਐਂਟੀਬਾਇਟੀਕਲ ਮਲਮ ਦੀ ਲੋੜ ਹੁੰਦੀ ਹੈ। ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਆਪਣੇ ਆਪ ਨਾ ਲਓ।
  • ਆਪਣੇ ਹੱਥਾਂ ਨੂੰ ਹੈਂਡਵਾਸ਼ ਨਾਲ ਨਿਯਮਿਤ ਤੌਰ ’ਤੇ ਸਾਫ਼ ਕਰਦੇ ਰਹੋ
  • ਅੱਖਾਂ ਦੀ ਸਫਾਈ ਦਾ ਪੂਰਾ ਧਿਆਨ ਰੱਖੋ ਤੇ ਠੰਡੇ ਪਾਣੀ ਨਾਲ ਵਾਰ-ਵਾਰ ਧੋਵੋ
  • ਸੰਕਰਮਿਤ ਵਿਅਕਤੀ ਦੇ ਸੰਪਰਕ ’ਚ ਆਉਣ ਤੋਂ ਬਚੋ
  • ਜੇਕਰ ਕੋਈ ਸਮੱਸਿਆ ਹੈ ਤਾਂ ਆਪਣੀਆਂ ਅੱਖਾਂ ਨੂੰ ਵਾਰ-ਵਾਰ ਨਾ ਛੂਹੋ ਤੇ ਅੱਖਾਂ ’ਚ ਆਈ ਡ੍ਰੌਪਸ ਪਾਉਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਓ
  • ਜਲਨ ਹੋਣ ’ਤੇ ਅੱਖਾਂ ’ਤੇ ਬਰਫ਼ ਮਲੋ
  • ਗੰਦੀਆਂ ਤੇ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚੋ
  • ਸੰਕਰਮਿਤ ਵਿਅਕਤੀ ਨਾਲ ਹੱਥ ਨਾ ਮਿਲਾਓ ਤੇ ਉਨ੍ਹਾਂ ਦੇ ਸਮਾਨ ਜਿਵੇਂ ਐਨਕਾਂ, ਤੌਲੀਆ, ਸਿਰਹਾਣਾ ਆਦਿ ਨੂੰ ਨਾ ਛੂਹੋ
  • ਆਪਣਾ ਤੌਲੀਆ, ਰੁਮਾਲ ਤੇ ਐਨਕਾਂ ਆਦਿ ਕਿਸੇ ਨਾਲ ਸਾਂਝੀਆਂ ਨਾ ਕਰੋ

ਨੋਟ
ਇਹ ਉਪਾਅ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।


author

sunita

Content Editor

Related News