ਸਹੇਲੀ ਨੇ ਛੱਡਿਆਂ ਤਾਂ ਉਸ ਦੇ ਪੁੱਤ ਨੂੰ ਅਗਵਾ ਕਰ ਲੈ ਗਿਆ ਪ੍ਰਵਾਸੀ, ਯੂਪੀ ਤੋਂ ਫੜ੍ਹ ਲੈ ਆਈ ਪੰਜਾਬ ਪੁਲਸ

Tuesday, Sep 30, 2025 - 06:28 PM (IST)

ਸਹੇਲੀ ਨੇ ਛੱਡਿਆਂ ਤਾਂ ਉਸ ਦੇ ਪੁੱਤ ਨੂੰ ਅਗਵਾ ਕਰ ਲੈ ਗਿਆ ਪ੍ਰਵਾਸੀ, ਯੂਪੀ ਤੋਂ ਫੜ੍ਹ ਲੈ ਆਈ ਪੰਜਾਬ ਪੁਲਸ

ਪ੍ਰਯਾਗਰਾਜ/ਮੋਗਾ: ਪਿਆਰ ਵਿੱਚ ਧੋਖਾ ਮਿਲਣ 'ਤੇ ਇੱਕ ਸਿਰਫਿਰੇ ਆਸ਼ਿਕ ਵੱਲੋਂ ਆਪਣੀ ਸਹੇਲੀ (ਪ੍ਰੇਮਿਕਾ) ਦੇ 13 ਸਾਲਾ ਪੁੱਤ ਨੂੰ ਅਗਵਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੋਬਾਈਲ ਲੋਕੇਸ਼ਨ ਦੇ ਆਧਾਰ 'ਤੇ ਮੁਲਜ਼ਮ ਦਾ ਪਿੱਛਾ ਕੀਤਾ ਅਤੇ ਉਸਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਗ੍ਰਿਫ਼ਤਾਰ ਕਰਕੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਹੈ।

ਜਾਣਕਾਰੀ ਅਨੁਸਾਰ, ਦੋਸ਼ੀ ਫਰਹਾਨ ਸਿੱਦੀਕੀ, ਜੋ ਕਿ ਪ੍ਰਯਾਗਰਾਜ ਦਾ ਰਹਿਣ ਵਾਲਾ ਹੈ, ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਕੰਮ ਕਰਦਾ ਸੀ।ਉੱਥੇ ਉਸਦੇ ਇੱਕ ਦਰਜਾ ਚਾਰ ਕਰਮਚਾਰੀ ਦੀ ਪਤਨੀ ਨਾਲ ਪ੍ਰੇਮ ਸੰਬੰਧ ਬਣ ਗਏ। ਕੁਝ ਸਮਾਂ ਪਹਿਲਾਂ ਉਸ ਔਰਤ ਨੂੰ ਲੈ ਕੇ ਪ੍ਰਯਾਗਰਾਜ ਵੀ ਆਇਆ ਸੀ, ਜਿਥੇ ਉਹ ਦੋਵੇਂ 20 ਦਿਨ ਰਹੇ। 20 ਦਿਨਾਂ ਬਾਅਦ ਉਕਤ ਔਰਤ ਵਾਪਸ ਧਰਮਕੋਟ ਆ ਗਈ। ਜਦ ਫਰਹਾਨ ਨੇ ਉਸਨੂੰ ਮੁੜ ਤੋਂ ਆਪਣੇ ਨਾਲ ਪ੍ਰਯਾਗਰਾਜ ਜਾਣ ਲਈ ਆਖਿਆ ਤਾਂ ਉਸਨੇ ਦੁਬਾਰਾ ਉਸ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ।ਇਸ ਗੱਲ ਤੋਂ ਗੁੱਸੇ ਵਿਚ ਆਏ ਫਰਨਹਾਨ ਨੇ ਸੋਮਵਾਰ ਸਵੇਰੇ ਮੋਗਾ ਦੇ ਧਰਮਕੋਟ ਇਲਾਕੇ ਤੋਂ ਉਕਤ ਸਹੇਲੀ ਦੇ 13 ਸਾਲ ਦੇ ਪੁੱਤ ਸਾਰਥਕ ਨੂੰ ਅਗਵਾ ਕਰ ਲਿਆ। ਜਿਸ ਪਿੱਛੋਂ ਉਹ ਸਾਰਥਕ ਨੂੰ ਲੈ ਕੇ ਪ੍ਰਯਾਗਰਾਜ ਆ ਗਿਆ। ਅਗਵਾ ਕਰਨ ਪਿੱਛੋਂ ਉਸਨੇ ਬੱਚੇ ਦੀ ਮਾਂ ਨੂੰ ਫੋਨ ਉੱਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਫਰਹਾਨ ਨੇ ਧਮਕੀ ਦਿੱਤੀ ਕਿ ਜੇਕਰ ਉਹ ਉਸ ਕੋਲ ਨਾਲ ਆਈ ਤਾਂ ਉਹ ਉਸ ਦੇ ਪੁੱਤਰ ਨੂੰ ਮਾਰ ਦੇਵੇਗਾ। 

ਪਰਿਵਾਰ ਦੀ ਸ਼ਿਕਾਇਤ ਮਿਲਣ 'ਤੇ ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਲਖਵਿੰਦਰ ਸਿੰਘ ਨੇ ਤਕਨੀਕੀ ਸਰਵੀਲੈਂਸ ਅਤੇ ਮੋਬਾਈਲ ਲੋਕੇਸ਼ਨ ਦੀ ਮਦਦ ਨਾਲ ਜਾਂਚ ਸ਼ੁਰੂ ਕੀਤੀ। ਪਤਾ ਲੱਗਾ ਕਿ ਬੱਚੇ ਨੂੰ ਉੱਤਰ ਪ੍ਰਦੇਸ਼ ਲਿਜਾਇਆ ਗਿਆ ਹੈ, ਜਿਸ ਤੋਂ ਬਾਅਦ ਪੰਜਾਬ ਪੁਲਸ ਦੀ ਟੀਮ ਤੁਰੰਤ ਪ੍ਰਯਾਗਰਾਜ ਲਈ ਰਵਾਨਾ ਹੋ ਗਈ। ਪ੍ਰਯਾਗਰਾਜ ਦੇ ਸ਼ਿਵਕੁਟੀ ਥਾਣਾ ਖੇਤਰ ਦੇ ਆਲੂ ਮਿੱਲ ਤਿਰਾਹੇ 'ਤੇ ਸਥਾਨਕ ਪੁਲਸ ਦੀ ਮਦਦ ਨਾਲ ਘੇਰਾਬੰਦੀ ਕਰਕੇ ਮੁਲਜ਼ਮ ਨੂੰ ਉਸਦੀ ਕਾਰ ਸਮੇਤ ਕਾਬੂ ਕਰ ਲਿਆ ਗਿਆ। ਬੱਚਾ ਪੂਰੀ ਤਰ੍ਹਾਂ ਸੁਰੱਖਿਅਤ ਮਿਲਿਆ, ਜਿਸ ਨੂੰ ਮੈਡੀਕਲ ਜਾਂਚ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।

ਫਰਹਾਨ ਸਿੱਦੀਕੀ 'ਤੇ ਅਗਵਾ, ਫਿਰੌਤੀ ਅਤੇ ਸਾਈਬਰ ਕ੍ਰਾਈਮ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਪੁਲਸ ਦਾ ਕਹਿਣਾ ਹੈ ਕਿ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਸਨੂੰ ਟਰਾਂਜ਼ਿਟ ਰਿਮਾਂਡ 'ਤੇ ਪੰਜਾਬ ਲਿਆਂਦਾ ਜਾਵੇਗਾ। 


author

DILSHER

Content Editor

Related News