ਜਾਣੋ ਗੰਜੇਪਣ ਦੇ ਕਾਰਨ ਤੇ ਇਸ ਨੂੰ ਦੂਰ ਕਰਨ ਦੇ ਘਰੇਲੂ ਨੁਸਖ਼ੇ

Tuesday, Sep 03, 2024 - 01:27 PM (IST)

ਜਲੰਧਰ- ਚਿਹਰੇ ਦੇ ਨਾਲ-ਨਾਲ ਵਾਲ ਵੀ ਸਾਡੀ ਪਰਸਨੈਲਿਟੀ ਨੂੰ ਵਧਾਉਂਦੇ ਹਨ। ਇਨ੍ਹਾਂ ਤੋਂ ਬਿਨਾਂ ਸਾਡੀ ਖੂਬਸੂਰਤੀ ਅਧੂਰੀ ਜਿਹੀ ਲੱਗਦੀ ਹੈ ਪਰ ਕਈ ਵਾਰ ਉਮਰ ਵਧਣ ਤੋਂ ਪਹਿਲਾਂ ਹੀ ਸਾਡੇ ਵਾਲ ਲੋੜ ਤੋਂ ਵੱਧ ਝੜਨ ਲੱਗਦੇ ਹਨ, ਜਿਸ ਨਾਲ ਗੰਜੇਪਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਨੂੰ ਪਲੋਪੇਸੀਆ ਵੀ ਕਹਿੰਦੇ ਹਨ। ਔਰਤ ਹੋਵੇ ਜਾਂ ਮਰਦ ਦੋਵੇਂ ਹੀ ਗੰਜੇਪਣ ਦਾ ਸ਼ਿਕਾਰ ਹੋ ਸਕਦੇ ਹਨ। ਜਦੋਂ ਵਾਲ ਤੇਜ਼ੀ ਨਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਤਾਂ ਨਵੇਂ ਵਾਲ ਪਹਿਲਾਂ ਦੇ ਮੁਕਾਬਲੇ ਛੇਤੀ ਨਹੀਂ ਉੱਗਦੇ ਅਤੇ ਕਮਜ਼ੋਰ ਉੱਗਦੇ ਹਨ ਤਾਂ ਅਜਿਹੇ ਵਿਚ ਅੱਗੇ ਜਾ ਕੇ ਗੰਜੇਪਣ ਦੀ ਸਮੱਸਿਆ ਬਹੁਤ ਵਧ ਜਾਂਦੀ ਹੈ।

ਵਾਲ ਝੜਨ ਦੇ ਕਾਰਨ
ਵਾਲਾਂ ਦਾ ਝੜਨਾ ਇਕ ਗੰਭੀਰ ਸਮੱਸਿਆ ਹੈ, ਜਿਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਜਿਵੇਂ ਵਧਦੀ ਉਮਰ ਕਾਰਨ ਵਾਲਾਂ ਦੀਆਂ ਜੜ੍ਹਾਂ ਦਾ ਕਮਜ਼ੋਰ ਹੋਣਾ, ਜੱਦੀ ਕਾਰਨ, ਗੰਭੀਰ ਬੁਖਾਰ, ਪਿਟਯੂਟਰੀ ਗਲੈਂਡ (ਪਿਯੂਸ਼ ਗ੍ਰੰਥੀ) ਵਿਚ ਹਾਰਮੋਨਜ਼ ਦੀ ਕਮੀ, ਸਿਰ ਵਿਚ ਬਹੁਤ ਜ਼ਿਆਦਾ ਸਿੱਕਰੀ, ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ, ਮਾਨਸਿਕ ਅਤੇ ਸਰੀਰਕ ਤਣਾਅ, ਰੇਸ਼ਾ, ਲਗਾਤਾਰ ਸਿਰਦਰਦ ਰਹਿਣ ਨਾਲ ਖੂਨ ਸੰਚਾਰ ਵਿਚ ਕਮੀ, ਖਾਣੇ ਦਾ ਸਹੀ ਢੰਗ ਨਾਲ ਨਾ ਪਚਣਾ ਆਦਿ ਇਸ ਦੇ ਮੁੱਖ ਕਾਰਨ ਹੋ ਸਕਦੇ ਹਨ। ਇਸ ਦੇ ਨਾਲ ਹੀ ਵਾਲਾਂ ਦਾ ਲੰਮੇ ਸਮੇਂ ਤਕ ਇਕ ਹੀ ਪਾਸੇ ਖਿੱਚੇ ਰੱਖਣ ਨਾਲ ਵੀ ਵਾਲ ਘੱਟ ਹੁੰਦੇ ਹਨ। ਕਿਸੇ ਖਾਸ ਮੈਡੀਕਲੀ ਕਾਰਨ, ਜਿਵੇਂ ਕੈਂਸਰ ਕੀਮੋਥੈਰੇਪੀ ਜਾਂ ਬਹੁਤ ਜ਼ਿਆਦਾ ਵਿਟਾਮਿਨ-ਏ ਕਾਰਨ ਵੀ ਵਾਲ ਝੜ ਜਾਂਦੇ ਹਨ।

ਗੰਜੇਪਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਮੈਡੀਕਲ ਟ੍ਰੀਟਮੈਂਟ ਕਰਵਾਉਂਦੇ ਹਨ। ਹੇਅਰ ਟ੍ਰਾਂਸਪਲਾਂਟੇਸ਼ਨ ਮਸਲਨ ਵਾਲ ਟ੍ਰਾਂਸਪਲਾਂਟ ਵੀ ਉਨ੍ਹਾਂ ''ਚੋਂ ਇਕ ਹੈ। ਇਸ ਦੇ ਤਹਿਤ ਸਿਰ ਦੇ ਉਨ੍ਹਾਂ ਹਿੱਸਿਆਂ ਵਿਚ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ, ਜਿਥੇ ਵਾਲ ਆਮ ਤੌਰ ''ਤੇ ਉਘ ਰਹੇ ਹੁੰਦੇ ਹਨ ਅਤੇ ਉਨ੍ਹਾਂ ਗ੍ਰੰਥੀਆਂ ਨੂੰ ਗੰਜੇਪਨ ਤੋਂ ਪ੍ਰਭਾਵਿਤ ਹਿੱਸਿਆਂ ਵਿਚ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ। ਇਹ ਪ੍ਰਕਿਰਿਆ ਬਹੁਤ ਹੀ ਸੁਰੱਖਿਅਤ ਹੁੰਦੀ ਹੈ। ਇਸ ਨਾਲ ਨਾ ਤਾਂ ਕਿਸੇ ਤਰ੍ਹਾਂ ਦੀ ਸਕਿਨ ਇਨਫੈਕਸ਼ਨ ਹੁੰਦੀ ਹੈ ਅਤੇ ਨਾ ਹੀ ਉਨ੍ਹਾਂ ਹਿੱਸਿਆਂ ਵਿਚ ਕੋਈ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ, ਜਿਥੋਂ ਵਾਲਾਂ ਦੀਆਂ ਗ੍ਰੰਥੀਆਂ ਲਈਆਂ ਜਾਂਦੀਆਂ ਹਨ ਪਰ ਇਹ ਟ੍ਰੀਟਮੈਂਟ ਕਾਫੀ ਮਹਿੰਗਾ ਹੁੰਦਾ ਹੈ, ਜਿਸ ਨੂੰ ਕਰਵਾਉਣਾ ਹਰ ਕਿਸੇ ਦੇ ਵੱਸ ''ਚ ਨਹੀਂ ਹੁੰਦਾ। ਉਥੇ ਹੀ ਕੁਝ ਲੋਕ ਮੈਡੀਕਲ ਦਵਾਈਆਂ ਅਤੇ ਤੇਲ ਦਾ ਇਸਤੇਮਾਲ ਵੀ ਕਰਦੇ ਹਨ। ਮਾਈਨੋਕਿਸਡਿਲ ਨਾਂ ਦੀ ਦਵਾਈ ਦਾ ਇਸਤੇਮਾਲ ਘੱਟ ਵਾਲਾਂ ਵਾਲੇ ਹਿੱਸੇ ''ਤੇ ਰੋਜ਼ ਕਰਨ ਨਾਲ ਵਾਲਾਂ ਦੇ ਡਿਗਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਉਥੇ ਵਾਲ ਮੁੜ ਉੱਗਣ ਲੱਗਦੇ ਹਨ ਪਰ ਜ਼ਿਆਦਾਤਰ ਮਾਮਲਿਆਂ ਵਿਚ ਇਹ ਵੀ ਦੇਖਿਆ ਗਿਆ ਹੈ ਕਿ ਦਵਾਈ ਦਾ ਇਸਤੇਮਾਲ ਬੰਦ ਕਰਨ ''ਤੇ ਉੱਗੇ ਹੋਏ ਵਾਲ ਮੁੜ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਖੋਪੜੀ ''ਤੇ ਖਾਰਸ਼ ਹੋਣ ਵਰਗੇ ਕੁਝ ਮਾੜੇ ਪ੍ਰਭਾਵ ਸਾਹਮਣੇ ਆਉਣਾ ਵੀ ਆਮ ਜਿਹੀ ਗੱਲ ਹੁੰਦੀ ਹੈ।

ਗੰਜਾਪੁਣ ਦੂਰ ਕਰਨ ਦੇ ਘਰੇਲੂ ਨੁਸਖ਼ੇ
ਜੇ ਇਨ੍ਹਾਂ ਮਹਿੰਗੇ ਟ੍ਰੀਟਮੈਂਟਸ ਦੀ ਥਾਂ ਗੰਜੇਪਣ ਦੀ ਸਮੱਸਿਆ ਨਾਲ ਲੜਨ ਲਈ ਘਰੇਲੂ ਇਲਾਜ ਦੀ ਮਦਦ ਲਈ ਜਾਵੇ ਤਾਂ ਜ਼ਿਆਦਾ ਫਾਇਦਾ ਹੋ ਸਕਦਾ ਹੈ। ਭਾਵੇਂ ਇਹ ਪ੍ਰਕਿਰਿਆ ਬਹੁਤ ਹੌਲੀ ਹੁੰਦੀ ਹੈ ਪਰ ਵਾਲਾਂ ਦੀ ਸਮੱਸਿਆ ਇਨ੍ਹਾਂ ਘਰੇਲੂ ਇਲਾਜਾਂ ਨਾਲ ਜੜ੍ਹ ਤੋਂ ਖਤਮ ਹੋ ਸਕਦੀ ਹੈ। ਸਾਡੇ ਖਾਣੇ ਵਿਚ ਪਾਏ ਜਾਣ ਵਾਲੇ ਤੱਤ ਜ਼ਿੰਕ, ਕਾਪਰ, ਲੋਹ ਅਤੇ ਸਿਲਿਕਾ ਗੰਜੇਪਣ ਨੂੰ ਦੂਰ ਕਰ ਸਕਦੇ ਹਨ। ਕਾਪਰ ਸਾਡਾ ਇਮਿਊਨ ਸਿਸਟਮ ਠੀਕ ਕਰਕੇ ਵਾਲਾਂ ਨੂੰ ਮਜ਼ਬੂਤੀ ਦਿੰਦਾ ਹੈ। ਕੇਲੇ, ਅੰਜੀਰ, ਬੈਂਗਣ, ਆਲੂ ਅਤੇ ਸਟ੍ਰਾਅਬੇਰੀ ਵਿਚ ਜ਼ਿੰਕ ਭਰਪੂਰ ਮਾਤਰਾ ਵਿਚ ਹੁੰਦਾ ਹੈ। ਮਟਰ, ਗਾਜਰ, ਚਿਕੋਰੀ, ਕਕੜੀ ਅਤੇ ਪਾਲਕ ਵਿਚ ਭਰਪੂਰ ਮਾਤਰਾ ਵਿਚ ਆਇਰਨ ਹੁੰਦਾ ਹੈ, ਇਸ ਲਈ ਖਾਣੇ ਵਿਚ ਇਨ੍ਹਾਂ ਨੂੰ ਸ਼ਾਮਲ ਕਰੋ।
► ਪਿਆਜ਼ ਨੂੰ ਦੋ ਹਿੱਸਿਆਂ ''ਚ ਕੱਟ ਲਓ ਅਤੇ ਅੱਧੇ ਪਿਆਜ਼ ਨੂੰ ਰੋਜ਼ ਪੰਜ ਮਿੰਟ ਤਕ ਵਾਲਾਂ ਵਿਚ ਰਗੜੋ, ਇਸ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਵੇਗਾ। ਪਿਆਜ਼ ਦੇ ਰਸ ਨੂੰ 15 ਮਿੰਟ ਲਈ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਓ। ਫਿਰ ਤਾਜ਼ੇ ਪਾਣੀ ਨਾਲ ਉਸ ਨੂੰ ਧੋ ਲਓ। ਅਜਿਹਾ ਹਫਤੇ ਵਿਚ ਇਕ-ਦੋ ਵਾਰੀ ਕਰਨ ਨਾਲ ਵਾਲ ਮੁੜ ਉੱਗਣੇ ਸ਼ੁਰੂ ਹੋ ਜਾਂਦੇ ਹਨ।
►ਮਾਹ ਦੀ ਦਾਲ ਨੂੰ ਚੰਗੀ ਤਰ੍ਹਾਂ ਉਬਾਲ ਕੇ ਪੀਸ ਲਓ। ਰਾਤ ਨੂੰ ਸੌਂਦੇ ਸਮੇਂ ਇਸ ਪੇਸਟ ਨੂੰ ਸਿਰ ''ਤੇ ਕੁਝ ਦਿਨਾਂ ਤਕ ਲਗਾਓ। ਇਸ ਨਾਲ ਗੰਜੇਪਣ ਦੀ ਸਮੱਸਿਆ ਦੂਰ ਹੋ ਜਾਵੇਗੀ.
► ਮੇਥੀ ਵਿਚ ਨਿਕੋਟਿਨਿਕ ਐਸਿਡ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਵਾਲਾਂ ਦੀਆਂ ਜੜ੍ਹਾਂ ਨੂੰ ਪੋਸ਼ਣ ਦਿੰਦਾ ਹੈ ਅਤੇ ਗ੍ਰੋਥ ਨੂੰ ਵੀ ਵਧਾਉਂਦਾ ਹੈ। ਇਸ ਦੀ ਵਰਤੋਂ ਨਾਲ ਸੁੱਕੇ ਅਤੇ ਡੈਮੇਜ ਵਾਲ ਵੀ ਠੀਕ ਹੋ ਜਾਂਦੇ ਹਨ। ਮੇਥੀ ਨੂੰ ਪੂਰੀ ਰਾਤ ਭਿਉਂ ਕੇ ਰੱਖੋ ਅਤੇ ਸਵੇਰੇ ਦਹੀਂ ਵਿਚ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਓ। ਇਸ ਤੋਂ ਬਾਅਦ ਵਾਲਾਂ ਨੂੰ ਤਾਜ਼ੇ ਪਾਣੀ ਨਾਲ ਧੋ ਲਓ।
►ਸਿਰ ''ਤੇ ਜਿਸ ਥਾਂ ਤੋਂ ਵਾਲ ਉੱਡ ਗਏ ਹਨ, ਉਥੇ ਹਰੇ ਧਨੀਏ ਦਾ ਲੇਪ ਲਗਾਓ।
►ਕੇਲੇ ਦੇ ਗੁੱਦੇ ਵਿਚ ਨਿੰਬੂ ਦਾ ਰਸ ਮਿਲਾ ਕੇ ਸਿਰ ''ਤੇ ਲਗਾਉਣ ਨਾਲ ਵਾਲਾਂ ਦਾ ਝੜਨਾ ਘੱਟ ਹੋ ਜਾਂਦਾ ਹੈ। 
► ਅਨਾਰ ਦੀਆਂ ਪੱਤੀਆਂ ਨੂੰ ਪੀਸ ਕੇ ਪ੍ਰਭਾਵਿਤ ਖੇਤਰ ਵਿਚ ਲਗਾਉਣ ਨਾਲ ਗੰਜੇਪਣ ਤੋਂ ਛੁਟਕਾਰਾ ਮਿਲਦਾ ਹੈ। 


Tarsem Singh

Content Editor

Related News