Health Tips : ਸਰੀਰ ਨੂੰ ਗਰਮ ਰੱਖਣ ਲਈ ਸਰਦੀ ਦੇ ਮੌਸਮ ''ਚ ਜ਼ਰੂਰ ਖਾਓ ਇਹ ਚੀਜ਼ਾਂ, ਹੋਵੇਗਾ ਫਾਇਦਾ
Sunday, Jan 09, 2022 - 12:36 PM (IST)
ਨਵੀਂ ਦਿੱਲੀ- ਸਰਦੀਆਂ ਦੇ ਮੌਸਮ 'ਚ ਸਰੀਰ ਨੂੰ ਗਰਮ ਰੱਖਣ ਲਈ ਅਸੀਂ ਜ਼ਿਆਦਾਤਰ ਗਰਮ ਤਸੀਰ ਵਾਲੇ ਫਲ-ਸਬਜ਼ੀਆਂ ਦਾ ਸੇਵਨ ਕਰਦੇ ਹਾਂ। ਇਨ੍ਹਾਂ 'ਚ ਵੱਖ-ਵੱਖ ਪ੍ਰਕਾਰ ਦੇ ਸੁੱਕੇ ਮੇਵੇ ਅਤੇ ਕਈ ਹੋਰ ਚੀਜ਼ਾਂ ਸ਼ਾਮਲ ਹਨ। ਪਰ ਅਸੀਂ ਜ਼ਿਆਦਾ ਪਹਿਲ ਵੱਖ ਵੱਖ ਡ੍ਰਾਈ ਫਰੂਟ ਨੂੰ ਦਿੰਦੇ ਹਾਂ। ਇਸ ਕਰਕੇ ਅੱਜ ਅਸੀਂ ਤੁਹਾਨੂੰ ਕੁਝ ਅਜਿਹੀ ਫਲ ਅਤੇ ਸਬਜ਼ੀਆਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਤਸੀਰ ਗਰਮ ਹੁੰਦੀ ਹੈ ਅਤੇ ਇਹ ਸਰਦੀਆਂ 'ਚ ਆਸਾਨੀ ਨਾਲ ਮਿਲ ਜਾਂਦੀਆਂ ਹਨ। ਇਨ੍ਹਾਂ ਦੀ ਵਰਤੋਂ ਅਸੀਂ ਰੋਜ਼ਾਨਾ ਆਪਣੇ ਘਰ ਦੀ ਰਸੋਈ 'ਚ ਕਰਦੇ ਹਾਂ। ਪਰ ਕੁਝ ਲੋਕਾਂ ਨੂੰ ਇਹ ਖਾਣੀਆਂ ਪਸੰਦ ਨਹੀਂ ਹੁੰਦੀਆਂ। ਇਸ ਕਰਕੇ ਅਸੀਂ ਤੁਹਾਨੂੰ ਇਨ੍ਹਾਂ ਦੇ ਸਿਹਤ ਉੱਤੇ ਹੋਣ ਵਾਲੇ ਪ੍ਰਭਾਵ ਬਾਰੇ ਦੱਸਾਂਗੇ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।
ਲੱਸਣ
ਲੱਸਣ ਦੀ ਤਸੀਰ ਬਹੁਤ ਗਰਮ ਹੁੰਦੀ ਹੈ। ਇਸ ਕਰਕੇ ਸਰਦੀਆਂ ਦੇ ਮੌਸਮ 'ਚ ਇਸ ਨੂੰ ਆਪਣੀ ਰੋਜ਼ ਦੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਜ਼ਿਆਦਾਤਰ ਲੋਕ ਸਬਜ਼ੀ, ਗਾਰਲਿਕ ਬਰੈੱਡ ਅਤੇ ਕਈ ਤਰ੍ਹਾਂ ਦੇ ਪਕਵਾਨਾਂ ਰਾਹੀਂ ਇਸ ਦਾ ਸੇਵਨ ਕਰਦੇ ਹਨ ਪਰ ਜੇਕਰ ਤੁਸੀਂ ਲੱਸਣ ਦੀਆਂ ਕਲੀਆਂ ਨੂੰ ਖਾਸ ਤੌਰ 'ਤੇ ਆਪਣੀ ਖੁਰਾਕ 'ਚ ਸ਼ਾਮਲ ਕਰਦੇ ਹੋ ਤਾਂ ਇਸ ਦਾ ਪ੍ਰਭਾਵ ਸਰੀਰ ਤੇ ਜ਼ਿਆਦਾ ਹੋਵੇਗਾ ਕਿਉਂਕਿ ਇਹ ਸਰੀਰ ਨੂੰ ਗਰਮ ਰੱਖਣ ਦੇ ਨਾਲ-ਨਾਲ ਤੁਹਾਡੇ ਖੂਨ ਦੇ ਸੰਚਾਰ ਨੂੰ ਬਿਹਤਰ ਬਣਾਉਣ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਣ 'ਚ ਵੀ ਮਦਦਗਾਰ ਹੈ।

ਅਦਰਕ
ਅਦਰਕ ਦੀ ਤਸੀਰ ਵੀ ਬਹੁਤ ਗਰਮ ਹੁੰਦੀ ਹੈ। ਇਸ ਕਰਕੇ ਅਸੀਂ ਸਰਦੀਆਂ ਦੇ ਦਿਨਾਂ 'ਚ ਅਦਰਕ ਦੀ ਵਰਤੋਂ ਜ਼ਿਆਦਾ ਕਰਦੇ ਹਾਂ। ਕਈ ਘਰਾਂ 'ਚ ਚਾਹ ਅਤੇ ਕਾੜ੍ਹੇ ਰਾਹੀਂ ਇਸ ਦਾ ਸੇਵਨ ਕੀਤਾ ਜਾਂਦਾ ਹੈ। ਤੁਸੀਂ ਇਸ ਨੂੰ ਸਬਜ਼ੀ, ਸਲਾਦ, ਦੁੱਧ ਵਰਗੀਆਂ ਚੀਜ਼ਾਂ 'ਚ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋ। ਅਦਰਕ 'ਚ ਐਂਟੀ-ਆਕਸੀਡੈਂਟਸ ਤੋਂ ਇਲਾਵਾ ਵੀ ਕਈ ਹੋਰ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਨਾ ਸਿਰਫ ਤੁਹਾਡੇ ਸਰੀਰ ਨੂੰ ਗਰਮ ਰੱਖਣ 'ਚ ਮਦਦ ਕਰਦੇ ਹਨ, ਬਲਕਿ ਇਸ ਤੋਂ ਇਲਾਵਾ ਵੀ ਇਸ ਦੇ ਕਈ ਹੋਰ ਲਾਭ ਹਨ ਜਿਵੇਂ ਕਿ ਮੋਟਾਪਾ ਘਟਾਉਣਾ, ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਣਾ, ਦਿਲ ਦੀ ਸੰਭਾਲ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਸਰੀਰ ਨੂੰ ਸੁਰੱਖਿਅਤ ਰੱਖਣਾ।

ਸਾਬਤ ਲਾਲ ਮਿਰਚਾਂ
ਸਾਬਤ ਲਾਲ ਮਿਰਚ ਵੀ ਬਹੁਤ ਗਰਮ ਹੁੰਦੀ ਹੈ, ਇਸ ਲਈ ਇਹ ਸਰਦੀਆਂ ਦੇ ਮੌਸਮ 'ਚ ਤੁਹਾਡੇ ਸਰੀਰ ਨੂੰ ਗਰਮ ਰੱਖਣ 'ਚ ਵੀ ਲਾਭਦਾਇਕ ਹੁੰਦੀ ਹੈ ਕਿਉਂਕਿ ਸਾਬਤ ਲਾਲ ਮਿਰਚ 'ਚ ਪੋਟਾਸ਼ੀਅਮ ਅਤੇ ਮੈਂਗਨੀਜ਼ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਖੂਨ ਦੇ ਜੰਮਣ ਨੂੰ ਰੋਕਦੇ ਹਨ ਅਤੇ ਸ਼ੂਗਰ ਦੀ ਬਿਮਾਰੀ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਕਈ ਹੋਰ ਲਾਭ ਵੀ ਪ੍ਰਦਾਨ ਕਰਦੀਆਂ ਹਨ।
ਖਜੂਰਾਂ
ਖਜੂਰ ਫਲ ਅਤੇ ਡ੍ਰਾਈ ਫਰੂਟ ਦੋਵਾਂ ਸ਼੍ਰੇਣੀਆਂ 'ਚ ਆਉਂਦੀ ਹੈ। ਇਸ ਦੀ ਤਸੀਰ ਵੀ ਬਹੁਤ ਗਰਮ ਹੁੰਦੀ ਹੈ। ਇਸ ਦੇ ਨਾਲ ਇਸ 'ਚ ਬਹੁਤ ਸਾਰੇ ਪੌਸ਼ਟਿਕ ਤੱਤ ਵੀ ਹੁੰਦੇ ਹਨ ਜੋ ਤੁਹਾਡੇ ਸਰੀਰ ਨੂੰ ਗਰਮ ਰੱਖਣ 'ਚ ਮਦਦਗਾਰ ਹੁੰਦੇ ਹਨ ਅਤੇ ਹੱਡੀਆਂ ਨੂੰ ਮਜ਼ਬੂਤਰੱਖਣ ਦੇ ਨਾਲ-ਨਾਲ ਖੂਨ ਦੀ ਘਾਟ ਨੂੰ ਪੂਰਾ ਕਰਨ 'ਚ ਵੀ ਮਦਦ ਕਰਦੇ ਹਨ।

ਚਕੋਤਰਾ
ਚਕੋਤਰਾ ਨਿੰਬੂ ਦੇ ਪਰਿਵਾਰ ਦਾ ਇਕ ਫ਼ਲ ਹੈ। ਸਰਦੀਆਂ 'ਚ ਸਰੀਰ ਨੂੰ ਗਰਮ ਰੱਖਣ ਲਈ ਤੁਸੀਂ ਚਕੋਤਰੇ ਦਾ ਸੇਵਨ ਵੀ ਕਰ ਸਕਦੇ ਹੋ। ਇਸ 'ਚ ਵਿਟਾਮਿਨ ਸੀ ਦੇ ਨਾਲ-ਨਾਲ ਕਈ ਪੋਸ਼ਕ ਤੱਤ ਵੀ ਮੌਜੂਦ ਹਨ ਜੋ ਕਿ ਸਿਹਤ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਨ 'ਚ ਵੀ ਮਦਦਗਾਰ ਹਨ। ਇਹ ਸਰੀਰ ਨੂੰ ਗਰਮ ਰੱਖਣ ਦੇ ਨਾਲ-ਨਾਲ ਸਰਦੀ-ਖਾਂਸੀ ਦੀ ਸਮੱਸਿਆ ਤੋਂ ਵੀ ਕਾਫੀ ਰਾਹਤ ਪ੍ਰਦਾਨ ਕਰਦਾ ਹੈ।
