ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੈ ਹਰੀ ਮਿਰਚ ਤੇ ਲਸਣ ਦੀ ਚਟਣੀ, ਜਾਣੋ ਬਣਾਉਣ ਦੀ ਵਿਧੀ

Wednesday, Jun 05, 2024 - 05:05 PM (IST)

ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੈ ਹਰੀ ਮਿਰਚ ਤੇ ਲਸਣ ਦੀ ਚਟਣੀ, ਜਾਣੋ ਬਣਾਉਣ ਦੀ ਵਿਧੀ

ਜਲੰਧਰ (ਬਿਊਰੋ) - ਕਿਸੇ ਵੀ ਮੌਸਮ ਵਿਚ ਪਰੌਠਿਆਂ ਨਾਲ ਚਟਣੀ ਖਾਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ। ਹਰੀ ਮਿਰਚ ਅਤੇ ਲਸਣ ਦੀ ਮਸਾਲੇਦਾਰ ਚਟਣੀ ਵੇਖ ਕੇ ਭੁੱਖ ਨਾ ਹੁੰਦੇ ਹੋਏ ਵੀ ਤੁਹਾਡਾ ਦਿਲ ਰੋਟੀ ਖਾਣ ਨੂੰ ਕਰੇਗਾ। ਜੇਕਰ ਕਿਸੇ ਵਿਅਕਤੀ ਨੂੰ ਭੁੱਖ ਘੱਟ ਲੱਗ ਰਹੀ ਹੈ ਜਾਂ ਉਹ ਭੋਜਨ ਦਾ ਸਵਾਦ ਨਹੀਂ ਲੈ ਪਾ ਰਿਹਾ ਹੈ ਤਾਂ ਅਜਿਹੀ ਸਥਿਤੀ 'ਚ ਖਾਣੇ 'ਚ ਲਸਣ ਅਤੇ ਹਰੀ ਮਿਰਚ ਦੀ ਚਟਣੀ ਜ਼ਰੂਰ ਖਾਓ। ਲਸਣ ਅਤੇ ਹਰੀ ਮਿਰਚ ਦੀ ਚਟਣੀ ਤੁਹਾਡੇ ਮੂੰਹ ਦੇ ਸਵਾਦ ਨੂੰ ਸੁਧਾਰ ਕੇ ਤੁਹਾਡੇ ਭੋਜਨ ਦਾ ਸਵਾਦ ਵਧਾਏਗੀ। ਇਹ ਚਟਣੀ ਨਾ ਸਿਰਫ਼ ਖਾਣ 'ਚ ਸਵਾਦਿਸ਼ਟ ਹੁੰਦੀ ਹੈ ਸਗੋਂ ਇਹ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਨੂੰ ਬਣਾਉਣਾ ਵੀ ਕਾਫ਼ੀ ਆਸਾਨ ਹੁੰਦਾ ਹੈ। ਆਓ ਜਾਣਦੇ ਹਾਂ ਹਰੀ ਮਿਰਚ ਅਤੇ ਲਸਣ ਦੀ ਚਟਣੀ ਦੇ ਫ਼ਾਇਦੇ -

ਪੌਸ਼ਟਿਕ ਤੱਤਾਂ ਨਾਲ ਭਰਪੂਰ ਹਰੀ ਮਿਰਚ
ਹਰੀ ਮਿਰਚ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਬੀ6, ਆਇਰਨ, ਕਾਪਰ, ਪੋਟਾਸ਼ੀਅਮ, ਪ੍ਰੋਟੀਨ ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਹੁੰਦਾ ਹੈ। ਹਰੀ ਮਿਰਚ ਖਾਣ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ ਅਤੇ ਸਰੀਰ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ।

ਪਾਚਨ 'ਚ ਕਰਦੀ ਹੈ ਮਦਦ
ਖਾਣੇ ਦਾ ਸਵਾਦ ਵਧਾਉਣ ਲਈ ਲੋਕ ਅਕਸਰ ਹਰੀ ਮਿਰਚ ਦੀ ਵਰਤੋਂ ਕਰਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਹਰੀ ਮਿਰਚ ਖਾਣ ਨਾਲ ਕਈ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਅਸਲ 'ਚ ਹਰੀ ਮਿਰਚ 'ਚ ਖੁਰਾਕੀ ਫਾਈਬਰ ਭਰਪੂਰ ਹੁੰਦੇ ਹਨ, ਜੋ ਇੱਕ ਸਿਹਤਮੰਦ ਪਾਚਨ ਲਈ ਜ਼ਰੂਰੀ ਹੈ।

ਲਸਣ ਸਿਹਤ ਲਈ ਹੁੰਦਾ ਹੈ ਫ਼ਾਇਦੇਮੰਦ
ਲਸਣ 'ਚ ਪਾਇਆ ਜਾਣ ਵਾਲਾ ਅਲਾਰਸੀਨ ਕੰਪਾਊਂਡ ਬੀ. ਪੀ., ਸਰੀਰ 'ਚ ਸੋਜ ਅਤੇ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਲਸਣ ਨੂੰ ਸਬਜ਼ੀਆਂ 'ਚ ਪਕਾਉਣ ਅਤੇ ਦਾਲ 'ਚ ਪਕਾਉਣ ਨਾਲ ਨਾ ਸਿਰਫ਼ ਸਵਾਦ ਆਉਂਦਾ ਹੈ, ਸਗੋਂ ਇਸ ਨੂੰ ਕੱਚਾ ਖਾਣਾ ਸਿਹਤ ਲਈ ਵੀ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਹੁੰਦਾ ਹੈ। ਲੱਸਣ ਖਾਣ ਨਾਲ ਸਰਦੀ-ਜ਼ੁਕਾਮ ਦੀ ਸਮੱਸਿਆ ਨੂੰ ਵੀ ਦੂਰ ਰੱਖਿਆ ਜਾ ਸਕਦਾ ਹੈ।

ਬੀ. ਪੀ. ਨੂੰ ਕਰੇ ਕੰਟਰੋਲ
ਲਸਣ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਲੱਸਣ ਨੂੰ ਚਬਾ ਕੇ ਖਾਓ ਅਤੇ ਮੂੰਹ 'ਚ ਘੁਲਣ ਦਿਓ। ਦੱਸ ਦੇਈਏ ਕਿ ਰੋਜ਼ਾਨਾ ਅਜਿਹਾ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹੇਗਾ ਅਤੇ ਕੋਲੈਸਟ੍ਰੋਲ ਦਾ ਪੱਧਰ ਵੀ ਠੀਕ ਰਹੇਗਾ।

ਹਰੀ ਮਿਰਚ ਅਤੇ ਲੱਸਣ ਦੀ ਚਟਣੀ ਲਈ ਸਮੱਗਰੀ
- 2 ਚਮਚੇ ਤੇਲ
- 1 ਚਮਚਾ ਜੀਰਾ
- 12 ਤੋਂ 15 ਲਸਣ ਦੀਆਂ ਕਲੀਆਂ
- 15 ਤੋਂ 20 ਹਰੀਆਂ ਮਿਰਚਾਂ
- ਇਮਲੀ ਦੇ 4-5 ਛੋਟੇ ਟੁਕੜੇ
- ਕੁਝ ਹਰੇ ਧਨੀਏ ਦੀਆਂ ਪੱਤੀਆਂ
- ਸੁਆਦ ਮੁਤਾਬਕ ਲੂਣ

ਹਰੀ ਮਿਰਚ ਅਤੇ ਲਸਣ ਦੀ ਚਟਣੀ ਬਣਾਉਣ ਦੀ ਵਿਧੀ
ਮਸਾਲੇਦਾਰ ਹਰੀ ਮਿਰਚ ਅਤੇ ਲਸਣ ਦੀ ਚਟਣੀ ਬਣਾਉਣ ਲਈ, ਪਹਿਲਾਂ ਇੱਕ ਪੈਨ 'ਚ ਤੇਲ ਗਰਮ ਕਰੋ ਅਤੇ ਫਿਰ ਇਸ 'ਚ ਜੀਰਾ ਭੁੰਨ ਲਓ। ਇਸ ਤੋਂ ਬਾਅਦ ਇਸ 'ਚ ਲਸਣ ਪਾ ਕੇ ਥੋੜਾ ਜਿਹਾ ਭੁੰਨ ਲਓ। ਹੁਣ ਇਸ 'ਚ ਹਰੀ ਮਿਰਚ ਪਾ ਕੇ ਕੁਝ ਮਿੰਟਾਂ ਲਈ ਭੁੰਨ ਲਓ ਅਤੇ ਫਿਰ ਜਦੋਂ ਇਹ ਤਲ ਜਾਵੇ ਤਾਂ ਇਮਲੀ ਦੇ ਟੁਕੜੇ ਪਾ ਦਿਓ। ਜਦੋਂ ਇਹ ਸਭ ਚੰਗੀ ਤਰ੍ਹਾਂ ਤਲ ਜਾਵੇ ਤਾਂ ਇਸ 'ਚ ਧਨੀਆ ਪੱਤਾ ਅਤੇ ਨਮਕ ਪਾਓ। ਇਸ ਨੂੰ ਠੰਡਾ ਕਰ ਕੇ ਚੰਗੀ ਤਰ੍ਹਾਂ ਪੀਸ ਲਓ। ਤੁਹਾਡੀ ਮਿਰਚ ਅਤੇ ਲਸਣ ਦੀ ਚਟਣੀ ਤਿਆਰ ਹੈ।


author

sunita

Content Editor

Related News