‘ਸਿਹਤਮੰਦ ਜੀਵਨ’ ਜਿਉਣਾ ਚਾਹੁੰਦੇ ਹੋ ਤਾਂ ਜ਼ਰੂਰ ਅਪਣਾਓ ਇਹ 10 ਮੰਤਰ, ਬੀਮਾਰੀਆਂ ਹੋ ਜਾਣਗੀਆਂ ਛੂ-ਮੰਤਰ
Tuesday, Mar 05, 2024 - 06:41 PM (IST)
ਜਲੰਧਰ - ਜੇਕਰ ਤੁਸੀਂ ਬਜ਼ੁਰਗ ਹੋ ਤਾਂ ਤੁਸੀਂ ਖੁਸ਼ਕਿਸਮਤ ਹੋ, ਕਿਉਂਕਿ ਅੱਜ ਦੇ ਸਮੇਂ ਵਿਚ 100 ਵਿਚੋਂ ਸਿਰਫ਼ 11 ਵਿਅਕਤੀ ਹੀ 60 ਸਾਲ ਦੀ ਉਮਰ ਪਾਰ ਕਰਦੇ ਹਨ। ਇਸ ਤੋਂ ਇਲਾਵਾ ਸਿਰਫ਼ 7 ਵਿਅਕਤੀ ਹੀ 65 ਅਤੇ 70 ਸਾਲ ਦੀ ਉਮਰ ਤੱਕ ਪਹੁੰਚਦੇ ਹਨ। ਇਸ ਲਈ ਉਨ੍ਹਾਂ ਸਾਰਿਆਂ ਨੂੰ ਸ਼ੁੱਭ ਕਾਮਨਾਵਾਂ, ਜੋ ਅੱਜ ਦੁਨੀਆ ਵਿਚ 60 ਸਾਲ ਦੇ ਹੋ ਗਏ ਹਨ। ਜੇਕਰ ਤੁਸੀਂ ਵੀ ਲੰਮੀ ਉਮਰ ਤੱਕ ਆਪਣੀ ਜ਼ਿੰਦਗੀ ਸਹੀ ਅਤੇ ਤੰਦਰੁਸਤ ਤਰੀਕੇ ਨਾਲ ਜਿਉਣਾ ਚਾਹੁੰਦੇ ਹੋ ਤਾਂ ਅੱਜ ਤੋਂ ਇਹ 10 ਮੰਤਰ ਅਪਣਾਉਣੇ ਸ਼ੁਰੂ ਕਰ ਦਿਓ। ਇਹ ਮੰਤਰ ਉਮਰ ਵਧਾਉਣ ਦਾ ਬਹੁਤ ਸਹੀ ਤਰੀਕਾ ਹੈ।
ਪਹਿਲਾ ਮੰਤਰ - ਚਾਹੇ ਤੁਹਾਨੂੰ ਪਿਆਸ ਲੱਗੇ ਜਾਂ ਨਾ ਲੱਗੇ, ਫਿਰ ਵੀ ਪਾਣੀ ਭਰਪੂਰ ਮਾਤਰਾ ’ਚ ਪੀਓ। ਇਕ ਦਿਨ ਵਿਚ ਘੱਟੋ-ਘੱਟ 2 ਲਿਟਰ ਪਾਣੀ ਪੀਣਾ ਮਹੱਤਵਪੂਰਨ ਹੈ। ਇਸ ਨਾਲ ਤੁਹਾਡਾ ਸਰੀਰ ਸਿਹਤਮੰਦ ਰਹਿੰਦਾ ਹੈ।
ਦੂਜਾ ਮੰਤਰ - ਆਪਣੇ ਸਰੀਰ ਤੋਂ ਜਿੰਨਾ ਹੋ ਸਕੇ ਕੰਮ ਲਓ। ਜੇ ਤੁਸੀਂ ਆਲਸੀ ਰਹੋਗੇ ਅਤੇ ਆਪਣੇ ਸਰੀਰ ਨੂੰ ਨਹੀਂ ਹਿਲਾਓਗੇ, ਤਾਂ ਤੁਹਾਡੇ ਸਰੀਰ ਦੇ ਪਹੀਏ ਜਾਮ ਹੋ ਜਾਣਗੇ। ਇਸ ਲਈ ਰੋਜ਼ਾਨਾ ਸੈਰ ਕਰੋ। ਤੈਰਾਕੀ ਕਰੋ। ਘਰ ਜਾਂ ਬਾਹਰ ਦਾ ਕੋਈ ਵੀ ਕੰਮ ਕਰੋ। ਸਰੀਰ ਨੂੰ ਫਿੱਟ ਰੱਖਣ ਲਈ ਸਰੀਰਕ ਗਤੀਵਿਧੀਆਂ ਬਹੁਤ ਜ਼ਰੂਰੀ ਹਨ।
ਤੀਸਰਾ ਮੰਤਰ- ਸਰੀਰ ਲਈ ਲੋੜੀਂਦਾ ਭੋਜਨ ਹੀ ਖਾਓ। ‘ਜਿਊਣ ਲਈ ਖਾਓ, ਖਾਣ ਲਈ ਨਾ ਜੀਓ’। ਇਹ ਮੰਤਰ ਬਹੁਤ ਮਹੱਤਵਪੂਰਨ ਹੈ। ਰੋਜ਼ਾਨਾ ਸਿਰਫ਼ ਪੌਸ਼ਟਿਕ ਭੋਜਨ ਦਾ ਹੀ ਸੇਵਨ ਕਰੋ। ਕਾਰਬੋਹਾਈਡਰੇਟ ਦੀ ਮਾਤਰਾ ਨੂੰ ਘੱਟ ਲਓ। ਜੇਕਰ ਤੁਸੀਂ 2 ਹਫ਼ਤਿਆਂ ਤੱਕ ਮਿੱਠਾ ਘੱਟ ਕਰਦੇ ਹੋ, ਤਾਂ ਚਿਹਰੇ ਸਮੇਤ ਸਰੀਰ ਵਿਚ ਕਿਸੇ ਵੀ ਹਿੱਸੇ ਵਿਚ ਮੌਜੂਦ ਸੋਜ ਦੂਰ ਹੋ ਜਾਵੇਗੀ। ਤੁਸੀਂ ਬਹੁਤ ਸਿਹਤਮੰਦ ਅਤੇ ਕਿਰਿਆਸ਼ੀਲ ਮਹਿਸੂਸ ਕਰੋਗੇ। ਜ਼ਿਆਦਾ ਪ੍ਰੋਟੀਨ ਅਤੇ ਘੱਟ ਕਾਰਬੋਹਾਈਡਰੇਟ ਖਾਓ।
ਚੌਥਾ ਮੰਤਰ - ਵਾਹਨ ਦੀ ਵਰਤੋਂ ਘੱਟ ਤੋਂ ਘੱਟ ਕਰੋ। ਜੇ ਤੁਸੀਂ ਕਿਤੇ ਨੇੜੇ ਜਾਣਾ ਹੈ, ਤਾਂ ਪੈਦਲ ਜਾਓ ਜਾਂ ਸੰਭਵ ਹੋਵੇ ਤਾਂ ਸਾਈਕਲ ਚਲਾਓ। ਲਿਫਟ ਦੀ ਬਜਾਏ ਪੌੜ੍ਹੀਆਂ ਦੀ ਵਰਤੋਂ ਕਰੋ।
5ਵਾਂ ਮੰਤਰ - ਤੁਹਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ। ਗੁੱਸੇ ’ਤੇ ਕਾਬੂ ਪਾਉਣ ਲਈ ਬੋਲਣ ਤੋਂ ਪਹਿਲਾਂ ਸੋਚੋ, ਕਿਉਂਕਿ ਕਈ ਵਾਰ ਜ਼ੁਬਾਨ ਦਿਮਾਗ ਨਾਲੋਂ ਤੇਜ਼ ਚੱਲਦੀ ਹੈ, ਜਿਸ ਕਾਰਨ ਗੁੱਸਾ ਅਤੇ ਚਿੜਚਿੜਾਪਨ ਪੈਦਾ ਹੁੰਦਾ ਹੈ। ਆਪਣੇ ਕੰਮ ਵਾਲੀ ਥਾਂ ’ਤੇ ‘ਨੋ ਐਂਗਰ ਜ਼ੋਨ’ ਦਾ ਪੋਸਟਰ ਲਗਾਓ ਤਾਂ ਕਿ ਦੂਜਾ ਵਿਅਕਤੀ ਵੀ ਚੰਗਾ ਸੰਦੇਸ਼ ਪਹੁੰਚੇ।
6ਵਾਂ ਮੰਤਰ - ਪੈਸੇ ਦਾ ਮੋਹ ਛੱਡ ਦਿਓ। ਓਨਾ ਹੀ ਧਨ ਕਮਾਉਣਾ ਜ਼ਰੂਰੀ ਹੈ, ਜਿੰਨਾ ਜੀਵਨ ਬਤੀਤ ਕਰਨ ਲਈ ਜ਼ਰੂਰੀ ਹੈ। ਪੈਸਿਆਂ ਦੇ ਪਿੱਛੇ ਨਾ ਭੱਜੋ, ਪੈਸੇ ਨੂੰ ਆਪਣੇ ਮਗਰ ਭੱਜਣ ਦਿਓ, ਕਿਉਂਕਿ ਜੇਕਰ ਤੁਸੀਂ ਪੈਸੇ ’ਤੇ ਜ਼ਿਆਦਾ ਧਿਆਨ ਦਿੰਦੇ ਹੋ ਤਾਂ ਤੁਸੀਂ ਆਪਣੇ ਨਾਲ ਜੁੜੇ ਲੋਕਾਂ ਨੂੰ ਨਜ਼ਰਅੰਦਾਜ਼ ਕਰੋਗੇ, ਜਦਕਿ ਉਨ੍ਹਾਂ ਦੇ ਨਾਲ ਰਹਿਣਾ ਜ਼ਰੂਰੀ ਹੈ।
7ਵਾਂ ਮੰਤਰ - ਜੇਕਰ ਤੁਹਾਨੂੰ ਕੁਝ ਨਾ ਮਿਲੇ ਤਾਂ ਨਿਰਾਸ਼ ਨਾ ਹੋਵੋ। ਉਦਾਹਰਨ ਲਈ ਜੇਕਰ ਤੁਸੀਂ ਇਕ ਮਰਸਡੀਜ਼ ਖਰੀਦਣਾ ਚਾਹੁੰਦੇ ਹੋ ਪਰ ਖਰੀਦ ਨਹੀਂ ਪਾ ਰਹੇ ਤਾਂ ਇਸ ਲਈ ਅਫ਼ਸੋਸ ਨਾ ਕਰੋ। ਆਪਣੇ ਆਪ ਨੂੰ ਨਾ ਕੋਸੋ ਅਤੇ ਉਸ ਚੀਜ਼ ਨੂੰ ਅਣਡਿੱਠ ਕਰੋ ਅਤੇ ਭੁੱਲ ਜਾਓ।
8ਵਾਂ ਮੰਤਰ- ਦੌਲਤ, ਪਦਵੀ, ਸ਼ਕਤੀ, ਸੁੰਦਰਤਾ, ਜਾਤ, ਪ੍ਰਭਾਵ ਵਰਗੀਆਂ ਚੀਜ਼ਾਂ ਤੁਹਾਡੀ ਹਉਮੈ ਨੂੰ ਵਧਾਉਂਦੀਆਂ ਹਨ। ਤੁਹਾਨੂੰ ਇਸ ਨੂੰ ਕੰਟਰੋਲ ਕਰਨਾ ਹੋਵੇਗਾ। ਇਨ੍ਹਾਂ ਚੀਜ਼ਾਂ ’ਤੇ ਕਾਬੂ ਰੱਖਦੇ ਹੋਏ ਤੁਹਾਨੂੰ ਨਿਮਰਤਾ ਅਪਣਾਉਣੀ ਪਵੇਗੀ, ਲੋਕਾਂ ਨਾਲ ਪਿਆਰ ਨਾਲ ਗੱਲ ਕਰਨੀ ਪਵੇਗੀ। ਸਾਰਿਆਂ ਨਾਲ ਖੁਸ਼ੀ ਨਾਲ ਰਹਿਣਾ ਪਵੇਗਾ, ਤਾਂ ਹੀ ਤੁਹਾਡਾ ਜੀਵਨ ਤੰਦਰੁਸਤ ਰਹੇਗਾ।
9ਵਾਂ ਮੰਤਰ - ਜੇਕਰ ਤੁਹਾਡੇ ਵਾਲ ਸਫੈਦ ਹੋ ਗਏ ਹਨ ਤਾਂ ਇਹ ਨਾ ਸੋਚੋ ਕਿ ਮੈਂ ਬੁੱਢਾ ਹੋ ਗਿਆ ਹਾਂ। ਇਸ ਲਈ ਆਸ਼ਾਵਾਦੀ ਬਣੋ। ਯਾਤਰਾ ਕਰੋ, ਜਦੋਂ ਤੱਕ ਤੁਹਾਡੇ ਗੋਡੇ ਕੰਮ ਕਰਦੇ ਹਨ ਆਨੰਦ ਮਾਣੋ। ਪਿਆਰ ਨਾਲ ਜੀਓ।
ਆਖਰੀ ਮੰਤਰ- ਆਪਣੇ ਬੱਚਿਆਂ ਨੂੰ ਪਿਆਰ ਕਰੋ, ਹਮਦਰਦ ਬਣੋ ਅਤੇ ਉਨ੍ਹਾਂ ਨਾਲ ਘੁਲ-ਮਿਲ ਕੇ ਰਹੋ, ਇਹ ਵੀ ਨਾ ਸੋਚੋ ਕਿ ਮੈਂ ਵੱਡਾ ਹਾਂ, ਹਰ ਕਿਸੇ ਨੇ ਹੱਥ ਜੋੜ ਕੇ ਜਾਂ ਪੈਰ ਛੂਹ ਕੇ ਮੇਰੀ ਇੱਜ਼ਤ ਕਰਨੀ ਹੈ, ਤੁਸੀਂ ਵੀ ਸਾਰਿਆਂ ਦਾ ਬਰਾਬਰ ਸਤਿਕਾਰ ਕਰਨਾ ਹੈ। ਬਿਨਾਂ ਕੁਝ ਕਹੇ ਮੁਸਕਰਾਓ। ਜੇਕਰ ਤੁਸੀਂ ਇਨ੍ਹਾਂ ਨੁਕਤਿਆਂ ਨੂੰ ਆਪਣੇ ਜੀਵਨ ਵਿਚ ਅਪਣਾਉਂਦੇ ਹੋ, ਤਾਂ ਤੁਸੀਂ ਦੇਖੋਗੇ ਕਿ ਤੁਹਾਡੀ ਜ਼ਿੰਦਗੀ ਕਿਵੇਂ ਬਦਲ ਜਾਂਦੀ ਹੈ।
-ਡਾ. ਨਰਿੰਦਰ ਮਲਹੋਤਰਾ