JCB ਸਿਖਲਾਈ ਕੋਰਸ ਲਈ ਰਜਿਸਟ੍ਰੇਸ਼ਨ 10 ਤੋਂ ਸ਼ੁਰੂ
Saturday, Feb 08, 2025 - 10:51 AM (IST)
![JCB ਸਿਖਲਾਈ ਕੋਰਸ ਲਈ ਰਜਿਸਟ੍ਰੇਸ਼ਨ 10 ਤੋਂ ਸ਼ੁਰੂ](https://static.jagbani.com/multimedia/2025_2image_10_50_469413826regis.jpg)
ਮਾਨਸਾ (ਮਨਜੀਤ ਕੌਰ) : ਪੰਜਾਬ ਸਰਕਾਰ ਦੇ ਰੁਜ਼ਗਾਰ ਉੱਤਪਤੀ ਤੇ ਸਿਖਲਾਈ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਬੋੜਾਵਾਲ ਜ਼ਿਲ੍ਹਾ ਮਾਨਸਾ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਮੁਫ਼ਤ ਜੇ. ਸੀ. ਬੀ. ਸਿਖਲਾਈ ਕੋਰਸ ਕਰਵਾਉਣ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਕੈਂਪ ਕਾਲਝਰਾਣੀ ਦੇ ਸਿਖਲਾਈ ਅਧਿਕਾਰੀ, ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਸਿਖਲਾਈ ਕੋਰਸ 17 ਫਰਵਰੀ 2025 ਤੋਂ 31 ਮਾਰਚ 2025 ਤੱਕ (ਸਟੇਟ ਇੰਸਟੀਚਿਊਟ ਆਫ ਆਟੋਮੋਟਿਵ ਅਤੇ ਡਰਾਈਵਿੰਗ ਸਕਿੱਲ), ਪਿੰਡ ਮਹੂਆਣਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਜਾਵੇਗਾ ਅਤੇ ਯੁਵਕਾਂ ਦੀ ਰਿਹਾਇਸ਼ ਸੀ-ਪਾਈਟ ਕੈਂਪ ਕਾਲਝਰਾਣੀ (ਬਠਿੰਡਾ) ਵਿਖੇ ਹੋਵੇਗੀ।
ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੇ ਵਸਨੀਕ ਜੇ. ਸੀ. ਬੀ. ਸਿਖਲਾਈ ਕੋਰਸ ਕਰਨ ਦੇ ਚਾਹਵਾਨ ਯੁਵਕ 10, ਫਰਵਰੀ 2025 ਤੋਂ ਕਿਸੇ ਵੀ ਦਿਨ ਸਵੇਰੇ 09.00 ਵਜੇ ਭੀਖੀ ਬੁਢਲਾਡਾ ਰੋਡ ’ਤੇ ਸਥਿਤ ਸੀ-ਪਾਈਟ ਕੈਂਪ, ਪਿੰਡ ਬੋੜਾਵਾਲ ਜ਼ਿਲ੍ਹਾ ਮਾਨਸਾ ਵਿਖੇ ਆਪਣੇ ਯੋਗਤਾ ਸਰਟੀਫਿਕੇਟਾਂ ਦੀਆਂ ਕਾਪੀਆਂ, ਆਧਾਰ ਕਾਰਡ ਦੀ ਕਾਪੀ ਅਤੇ 02 ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ ਆਦਿ ਦਸਤਾਵੇਜ਼ ਸਮੇਤ ਨਿੱਜੀ ਤੌਰ ’ਤੇ ਪਹੁੰਚ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।