ਕਬਜ਼ ਲਈ ਬਹੁਤ ਗੁਣਕਾਰੀ ਹੈ ਸੌਂਫ਼, ਕਰਦੀ ਹੈ ਸਰੀਰ ਦੀਆਂ ਹੋਰ ਵੀ ਬੀਮਾਰੀਆਂ ਦੂਰ

10/17/2020 1:26:09 PM

ਆਯੁਰਵੇਦ 'ਚ ਸੌਂਫ਼ ਬਹੁਤ ਹੀ ਗੁਣਕਾਰੀ ਦੱਸੀ ਗਈ ਹੈ। ਇਹ ਸਰਦੀਆਂ 'ਚ ਬੀਜੀ ਜਾਂਦੀ ਹੈ। ਇਸ ਦੇ ਬੂਟਿਆਂ ਦੀ ਉਚਾਈ ਤਿੰਨ ਤੋਂ ਚਾਰ ਫੁੱਟ ਦੇ ਦਰਮਿਆਨ ਹੁੰਦੀ ਹੈ। ਇਸ ਦੀ ਤਾਸੀਰ ਗਰਮ ਖ਼ੁਸ਼ਕ ਹੁੰਦੀ ਹੈ। ਇਹ ਮਿਹਦੇ ਅਤੇ ਅੰਤੜੀਆਂ ਦੇ ਰੋਗ ਦੂਰ ਕਰਨ ਲਈ ਉੱਤਮ ਮੰਨੀ ਗਈ ਹੈ। ਇਹ ਅੱਖਾਂ ਦੀ ਰੋਸ਼ਨੀ ਵਧਾਉਂਦੀ ਹੈ। ਬਲਗਮ ਦੂਰ ਕਰਦੀ ਹੈ ਅਤੇ ਪਿਸ਼ਾਬ ਖੁੱਲ੍ਹ ਕੇ ਆਉਂਦਾ ਹੈ।
ਇਹ ਇਕ ਦਵਾਈ ਦੇ ਤੌਰ 'ਤੇ ਵੀ ਵਰਤੀ ਜਾਂਦੀ ਹੈ, ਇਸ ਲਈ ਇਹ ਕਬਜ਼ 'ਚ ਵੀ ਗੁਣਕਾਰੀ ਹੈ। ਇਸ ਦੀ ਵਰਤੋਂ ਅਨੇਕਾਂ ਦਵਾਈਆਂ 'ਚ ਹੁੰਦੀ ਹੈ। ਸਬਜ਼ੀਆਂ ਅਤੇ ਅਚਾਰ 'ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਪੇਟ ਦੀਆਂ ਬੀਮਾਰੀਆਂ ਲਈ ਲਾਭਦਾਇਕ ਹੈ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਪੇਚਸ਼ ਅਤੇ ਸੰਗ੍ਰਿਹਣੀ ਦੇ ਰੋਗੀਆਂ ਨੂੰ ਬਹੁਤ ਲਾਭ ਹੁੰਦਾ ਹੈ। ਇਸ ਦਾ ਰਸ ਖਾਂਸੀ ਰੋਕਣ 'ਚ ਸਹਾਇਤਾ ਕਰਦਾ ਹੈ।

PunjabKesari
ਕਬਜ਼ ਕਰੇ ਦੂਰ : ਆਯੁਰਵੇਦ 'ਚ ਇਸ ਦੇ ਮਹੱਤਵ ਨੂੰ ਸਵੀਕਾਰਦੇ ਹੋਏ ਇਸ ਨੂੰ ਤ੍ਰਿਦੋਸ਼ ਨਾਸ਼ਕ (ਵਾਤ, ਪਿੱਤ ਅਤੇ ਕਫ਼ ਨਾਸ਼ਕ) ਬੁੱਧੀ ਵਧਾਉਣ ਵਾਲੀ, ਪਾਚਕ ਆਦਿ ਅਨੇਕਾਂ ਗੁਣਾਂ ਦੇ ਰੂਪ 'ਚ ਮਾਨਤਾ ਦਿੱਤੀ ਗਈ ਹੈ। ਕਬਜ਼ ਦੂਰ ਕਰਨ ਲਈ ਸੌਂਫ਼ ਨੂੰ ਪੀਸ ਕੇ ਰੱਖ ਲਵੋ। ਇਸ ਦਾ ਇਕ ਚਮਚ ਗੁਲਕੰਦ 'ਚ ਮਿਲਾ ਕੇ ਸਵੇਰੇ-ਸ਼ਾਮ ਖਾਣਾ-ਖਾਣ ਤੋਂ ਬਾਅਦ ਲੈਣ ਨਾਲ ਕਬਜ਼ ਦੂਰ ਹੋ ਜਾਂਦੀ ਹੈ।
ਨਜ਼ਲਾ-ਜ਼ੁਕਾਮ ਤੋਂ ਮਿਲੇ ਰਾਹਤ : ਨਜ਼ਲਾ-ਜ਼ੁਕਾਮ ਹੋਣ 'ਤੇ ਇਕ ਕੱਪ ਚਾਹ ਜਾਂ ਪਾਣੀ 'ਚ ਇਕ ਚਮਚਾ ਸੌਂਫ਼ ਉਬਾਲ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪੀ ਲਵੋ। ਨਜ਼ਲੇ-ਜ਼ੁਕਾਮ ਨੂੰ ਦੋ-ਤਿੰਨ ਦਿਨਾਂ 'ਚ ਅਰਾਮ ਮਿਲ ਜਾਵੇਗਾ। ਜੇਕਰ ਕਿਸੇ ਦੀ ਪਾਚਨ ਕਿਰਿਆ ਖ਼ਰਾਬ ਹੋਵੇ ਤਾਂ ਉਸ ਦੇ ਮੂੰਹ 'ਚੋਂ ਬਦਬੂ ਆਉਣ ਲੱਗਦੀ ਹੈ। ਇਸ ਦਾ ਅੱਧਾ ਚਮਚ ਦਿਨ 'ਚ ਤਿੰਨ-ਚਾਰ ਵਾਰ ਚਬਾਉਣ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ ਅਤੇ ਪਾਚਨ ਕਿਰਿਆ ਵੀ ਠੀਕ ਹੋ ਜਾਂਦੀ ਹੈ।

PunjabKesari

ਕਮਜ਼ੋਰੀ ਹੋਵੇਗੀ ਦੂਰ : ਗਲੇ ਦੀ ਖ਼ਰਾਬੀ ਅਤੇ ਖੱਟੇ ਡਕਾਰ ਆਉਂਦੇ ਹੋਣ ਤਾਂ ਇਕ ਚਮਚ ਸੌਂਫ਼ ਇਕ ਕੱਪ ਪਾਣੀ 'ਚ ਉਬਾਲ ਕੇ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਪੀਣ ਨਾਲ ਇਕ-ਦੋ ਦਿਨਾਂ 'ਚ ਅਰਾਮ ਮਿਲ ਜਾਂਦਾ ਹੈ। ਇਹ ਦਿਮਾਗ਼ੀ ਕਮਜ਼ੋਰੀ ਅਤੇ ਸਰੀਰਕ ਕਮਜ਼ੋਰੀ ਦੂਰ ਕਰਦੀ ਹੈ। ਜੇਕਰ ਕਿਸੇ ਨੂੰ ਕਮਜ਼ੋਰੀ ਕਾਰਨ ਚੱਕਰ ਆਉਂਦੇ ਹੋਣ ਤਾਂ ਸੌਂਫ਼ ਕਿਸੇ ਵੀ ਤਰ੍ਹਾਂ ਖਾਣੀ ਲਾਭਕਾਰੀ ਹੈ।
ਅੱਖਾਂ ਦੀ ਰੌਸ਼ਨੀ ਕਰੇ ਤੇਜ਼ : ਇਸ ਦੀ ਲਗਾਤਾਰ ਵਰਤੋਂ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਜੇਕਰ ਪੇਟ 'ਚ ਦਰਦ ਹੋ ਜਾਵੇ ਤਾਂ ਇਕ-ਡੇਢ ਚਮਚ ਸੌਂਫ਼ ਤਵੇ 'ਤੇ ਭੁੰਨ੍ਹ ਲਵੋ ਅਤੇ ਚਬਾ ਕੇ ਖਾਓ, ਮਿੰਟਾਂ 'ਚ ਦਰਦ ਠੀਕ ਹੋ ਜਾਵੇਗਾ। ਸੰਗ੍ਰਿਹਣੀ ਦੇ ਰੋਗੀ ਭੁੰਨ੍ਹੀ ਹੋਈ ਸੌਂਫ਼ ਖਾਣਾ ਖਾਣ ਤੋਂ ਬਾਅਦ ਰੋਜ਼ਾਨਾ ਚਬਾ-ਚਬਾ ਕੇ ਖਾਣ ਤਾਂ ਬਹੁਤ ਫ਼ਾਇਦਾ ਹੁੰਦਾ ਹੈ। ਇਸ ਦੀ ਵਰਤੋਂ ਹਰ ਆਮ ਆਦਮੀ ਨੂੰ ਵੀ ਕਰਨੀ ਚਾਹੀਦੀ ਹੈ। ਇਸ ਨਾਲ ਅਨੇਕਾਂ ਪੇਟ ਦੀਆਂ ਬੀਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ।

PunjabKesari


Aarti dhillon

Content Editor

Related News