ਕੀ ਸਰਦੀਆਂ ’ਚ ਤੁਸੀਂ ਵੀ ਮਹਿਸੂਸ ਕਰਦੇ ਹੋ ਸੁਸਤੀ, ਥਕਾਵਟ ਤੇ ਕਮਜ਼ੋਰੀ? ਇਨ੍ਹਾਂ ਚੀਜ਼ਾਂ ਨੂੰ ਕਰੋ ਡਾਈਟ ’ਚ ਸ਼ਾਮਲ
Thursday, Dec 14, 2023 - 01:08 PM (IST)
ਜਲੰਧਰ (ਬਿਊਰੋ)– ਸਰਦੀਆਂ ਦਾ ਮੌਸਮ ਹੈ ਤੇ ਜੇਕਰ ਇਸ ਮੌਸਮ ’ਚ ਸਿਹਤ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਸਰੀਰ ਨੂੰ ਪ੍ਰੇਸ਼ਾਨ ਕਰਨ ਲੱਗਦੀਆਂ ਹਨ। ਇਸ ਮੌਸਮ ’ਚ ਇਮਿਊਨਿਟੀ ਘੱਟ ਹੋਣ ਲੱਗਦੀ ਹੈ ਤੇ ਆਲਸ ਤੇ ਥਕਾਵਟ ਜ਼ਿਆਦਾ ਹੁੰਦੀ ਹੈ। ਸਰਦੀਆਂ ’ਚ ਸੂਰਜ ਦੀ ਰੌਸ਼ਨੀ ਕਾਫ਼ੀ ਘੱਟ ਜਾਂਦੀ ਹੈ, ਜਿਸ ਕਾਰਨ ਸਰਕੇਡੀਅਨ ਰਿਧਮ ਵਿਗੜ ਜਾਂਦੀ ਹੈ ਤੇ ਅਸੀਂ ਸੁਸਤ, ਥਕਾਵਟ ਤੇ ਊਰਜਾ ਘੱਟ ਮਹਿਸੂਸ ਕਰਦੇ ਹਾਂ। ਇਸ ਮੌਸਮ ’ਚ ਸੂਰਜ ਦੀ ਰੌਸ਼ਨੀ ਦੇ ਨਾਲ-ਨਾਲ ਧੁੱਪ ਬਹੁਤ ਘੱਟ ਮਿਲਦੀ ਹੈ, ਜਿਸ ਕਾਰਨ ਸਰੀਰ ’ਚ ਵਿਟਾਮਿਨ ਡੀ ਤੇ ਹੋਰ ਕਈ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਹੋਣ ਲੱਗਦੀ ਹੈ।
ਠੰਡੇ ਮੌਸਮ ’ਚ ਸਰੀਰ ਨੂੰ ਸਿਹਤਮੰਦ ਰੱਖਣ, ਸਰੀਰ ’ਚ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਤੇ ਥਕਾਵਟ ਨੂੰ ਦੂਰ ਕਰਨ ਲਈ ਭੋਜਨ ’ਚ ਕੁਝ ਜ਼ਰੂਰੀ ਪੋਸ਼ਕ ਤੱਤਾਂ ਨੂੰ ਸ਼ਾਮਲ ਕਰੋ। ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਇਨ੍ਹਾਂ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ।
ਸਰਦੀਆਂ ’ਚ ਜਿਸ ਤਰ੍ਹਾਂ ਤੁਸੀਂ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਲੇਅਰਾਂ ’ਚ ਗਰਮ ਕੱਪੜੇ ਪਾਉਂਦੇ ਹੋ, ਉਸੇ ਤਰ੍ਹਾਂ ਤੁਹਾਨੂੰ ਆਪਣੀ ਖੁਰਾਕ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਸਿਹਤਮੰਦ ਭੋਜਨ ਮੇਟਾਬੋਲਿਜ਼ਮ ਨੂੰ ਵਧਾਉਂਦਾ ਹੈ ਤੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ। ਆਓ ਜਾਣਦੇ ਹਾਂ ਸਰਦੀਆਂ ’ਚ ਕਿਹੜੇ-ਕਿਹੜੇ ਵਿਟਾਮਿਨ ਹੁੰਦੇ ਹਨ, ਜਿਨ੍ਹਾਂ ਦੇ ਸੇਵਨ ਨਾਲ ਆਲਸ, ਥਕਾਵਟ ਤੇ ਕਮਜ਼ੋਰੀ ਦੂਰ ਹੁੰਦੀ ਹੈ ਤੇ ਸਰੀਰ ਨੂੰ ਪੋਸ਼ਣ ਵੀ ਮਿਲਦਾ ਹੈ।
ਵਿਟਾਮਿਨ ਸੀ
ਵਿਟਾਮਿਨ ਸੀ ਸਰੀਰ ਲਈ ਜ਼ਰੂਰੀ ਵਿਟਾਮਿਨ ਹੈ, ਜੋ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਤੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ। ਸਰੀਰ ’ਚ ਇਸ ਵਿਟਾਮਿਨ ਦੀ ਕਮੀ ਕਾਰਨ ਜ਼ੁਕਾਮ, ਖੰਘ ਤੇ ਇੰਫੈਕਸ਼ਨ ਵਰਗੀਆਂ ਮੌਸਮੀ ਬੀਮਾਰੀਆਂ ਤੁਹਾਨੂੰ ਪ੍ਰੇਸ਼ਾਨ ਕਰ ਸਕਦੀਆਂ ਹਨ। ਇਸ ਮੌਸਮ ’ਚ ਸਰੀਰ ’ਚ ਵਿਟਾਮਿਨ ਸੀ ਦੀ ਕਮੀ ਨੂੰ ਪੂਰਾ ਕਰਨ ਲਈ ਸੰਤਰਾ, ਮੌਸੰਮੀ, ਅਨਾਰ ਤੇ ਸਾਰੇ ਖੱਟੇ ਫ਼ਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਸਰੀਰ ’ਚ ਵਿਟਾਮਿਨ ਸੀ ਦੀ ਕਮੀ ਨੂੰ ਦੂਰ ਕਰਨ ਲਈ ਨਿੰਬੂ, ਔਲੇ, ਸੰਤਰਾ, ਮੌਸੰਮੀ ਤੇ ਕੀਵੀ ਵਰਗੇ ਫ਼ਲਾਂ ਤੇ ਬਰੋਕਲੀ ਤੇ ਸ਼ਿਮਲਾ ਮਿਰਚ ਵਰਗੀਆਂ ਸਬਜ਼ੀਆਂ ਦਾ ਸੇਵਨ ਕਰੋ।
ਇਹ ਖ਼ਬਰ ਵੀ ਪੜ੍ਹੋ : ਇਨ੍ਹਾਂ ਦੇਸੀ ਨੁਸਖ਼ਿਆਂ ਨਾਲ ਪਾਓ ਮੋਤੀਆਂ ਵਰਗੇ ਚਿੱਟੇ ਦੰਦ, ਦਿਨਾਂ ’ਚ ਦਿਸੇਗਾ ਅਸਰ
ਵਿਟਾਮਿਨ ਡੀ
ਸਰਦੀਆਂ ’ਚ ਸਰੀਰ ਲਈ ਵਿਟਾਮਿਨ ਡੀ ਵਿਟਾਮਿਨ ਸੀ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੁੰਦਾ ਹੈ। ਵਿਟਾਮਿਨ ਡੀ ਦੀ ਕਮੀ ਮਾਸਪੇਸ਼ੀਆਂ ’ਚ ਦਰਦ, ਕਮਜ਼ੋਰੀ ਤੇ ਹੱਡੀਆਂ ’ਚ ਦਰਦ ਵਰਗੀਆਂ ਸਮੱਸਿਆਵਾਂ ਨੂੰ ਵਧਾ ਸਕਦੀ ਹੈ। ਇਸ ਵਿਟਾਮਿਨ ਦੀ ਕਮੀ ਨਾਲ ਮਾਸਪੇਸ਼ੀਆਂ ’ਚ ਕੜਵੱਲ ਹੋ ਸਕਦੀ ਹੈ। ਸਰਦੀਆਂ ’ਚ ਇਸ ਵਿਟਾਮਿਨ ਦੀ ਕਮੀ ਨਾਲ ਮਾਸਪੇਸ਼ੀਆਂ ਤੇ ਹੱਡੀਆਂ ’ਚ ਦਰਦ ਵਧਣ ਲੱਗਦਾ ਹੈ। ਵਿਟਾਮਿਨ ਡੀ ਸਰੀਰ ’ਚ ਕੈਲਸ਼ੀਅਮ ਦੇ ਸੋਖਣ ’ਚ ਸੁਧਾਰ ਕਰਦਾ ਹੈ। ਸਰੀਰ ’ਚ ਇਸ ਵਿਟਾਮਿਨ ਦੀ ਕਮੀ ਨੂੰ ਪੂਰਾ ਕਰਨ ਲਈ ਤੁਹਾਨੂੰ ਆਪਣੀ ਖੁਰਾਕ ’ਚ ਦੁੱਧ ਉਤਪਾਦ, ਫੋਰਟੀਫਾਈਡ ਅਨਾਜ, ਜੂਸ, ਮਸ਼ਰੂਮ ਤੇ ਸੈਲਮਨ ਮੱਛੀ ਦਾ ਸੇਵਨ ਕਰਨਾ ਚਾਹੀਦਾ ਹੈ।
ਜ਼ਿੰਕ
ਜ਼ਿੰਕ ਸੈੱਲ ਮੈਟਾਬੋਲਿਜ਼ਮ ’ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਤੇ ਜ਼ਖ਼ਮਾਂ ਨੂੰ ਜਲਦੀ ਠੀਕ ਕਰਦਾ ਹੈ। ਪ੍ਰੋਟੀਨ ਤੇ ਡੀ. ਐੱਨ. ਏ. ਸੰਸਲੇਸ਼ਣ ਨੂੰ ਵਧਾਉਂਦਾ ਹੈ। ਸਰੀਰ ’ਚ ਇਸ ਜ਼ਰੂਰੀ ਪੌਸ਼ਟਿਕ ਤੱਤ ਦੀ ਕਮੀ ਨੂੰ ਪੂਰਾ ਕਰਨ ਲਈ ਤੁਹਾਨੂੰ ਸਾਬਤ ਅਨਾਜ, ਅੰਡੇ, ਮੀਟ, ਸਮੁੰਦਰੀ ਭੋਜਨ, ਮੇਵੇ ਤੇ ਬੀਜਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਕੈਲਸ਼ੀਅਮ
ਅਸੀਂ ਸਾਰੇ ਜਾਣਦੇ ਹਾਂ ਕਿ ਹੱਡੀਆਂ ਤੇ ਦੰਦਾਂ ਨੂੰ ਸਿਹਤਮੰਦ ਰੱਖਣ ਲਈ ਕੈਲਸ਼ੀਅਮ ਦਾ ਸੇਵਨ ਬਹੁਤ ਜ਼ਰੂਰੀ ਹੈ। ਇਹ ਪੋਸ਼ਕ ਤੱਤ ਬੱਚਿਆਂ ਤੇ ਗਰਭਵਤੀ ਔਰਤਾਂ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਵਿਟਾਮਿਨ ਡੀ ਮਜ਼ਬੂਤ ਹੱਡੀਆਂ ਤੇ ਦੰਦਾਂ ਲਈ ਇਕ ਮਹੱਤਵਪੂਰਨ ਖਣਿਜ ਹੈ। ਕੈਲਸ਼ੀਅਮ ਕਈ ਸਥਿਤੀਆਂ ਜਿਵੇਂ ਕਿ ਆਸਟੀਓਪੋਰੋਸਿਸ, ਆਸਟੀਓਮਲੇਸ਼ੀਆ ਨੂੰ ਰੋਕਣ ’ਚ ਵੀ ਮਦਦ ਕਰਦਾ ਹੈ। ਸਰੀਰ ’ਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਤੁਹਾਨੂੰ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ, ਹਰੀਆਂ ਪੱਤੇਦਾਰ ਸਬਜ਼ੀਆਂ, ਸਮੁੰਦਰੀ ਭੋਜਨ, ਮੀਟ, ਸੋਇਆਬੀਨ, ਸੁੱਕੇ ਮੇਵੇ ਤੇ ਬੀਜਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਕੋਸ਼ਿਸ਼ ਕਰੋ ਕਿ ਇਨ੍ਹਾਂ ਚੀਜ਼ਾਂ ਦੀ ਵਰਤੋਂ ਤੁਸੀਂ ਉੱਪਰ ਦੱਸੀਆਂ ਗਈਆਂ ਚੀਜ਼ਾਂ ਨੂੰ ਖਾ ਕੇ ਹੀ ਪੂਰੀ ਕਰੋ। ਜੇਕਰ ਤੁਹਾਡੀ ਰੋਜ਼ਾਨਾ ਡਾਈਟ ’ਚ ਇਨ੍ਹਾਂ ਚੀਜ਼ਾਂ ਦੀ ਲੋੜ ਪੂਰੀ ਨਹੀਂ ਹੁੰਦੀ ਤਾਂ ਤੁਸੀਂ ਮਲਟੀਵਿਟਾਮਿਨ ਕੈਪਸੂਲਾਂ ਦਾ ਵੀ ਸੇਵਨ ਕਰ ਸਕਦੇ ਹੋ। ਹਾਲਾਂਕਿ ਇਸ ਲਈ ਤੁਹਾਨੂੰ ਆਪਣੇ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੋਵੇਗੀ।