ਅੱਧੇ ਸਿਰ ਦੇ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੇ ਹਨ ਖਤਰਨਾਕ ਨਤੀਜੇ

12/06/2017 9:14:38 AM

ਨਵੀਂ ਦਿੱਲੀ—ਮਾਈਗਰੇਨ ਅੱਧੇ ਸਿਰ ਵਿਚ ਹੋਣ ਵਾਲੇ ਗੰਭੀਰ ਦਰਦ ਦਾ ਨਾਂ ਹੈ। ਆਧਾਸੀਸੀ, ਯੂਰਯਾਵਰਤ ਆਦਿ ਨਾਂਵਾਂ ਨਾਲ ਜਾਣੇ ਮਾਈਗਰੇਨ ਵਿਚ ਦਰਦ ਏਨਾ ਜ਼ਿਆਦਾ ਹੁੰਦਾ ਹੈ ਜੋ ਬਰਦਾਸ਼ਤ ਦੀ ਹੱਦ ਤੋਂ ਵੀ ਬਾਹਰ ਹੁੰਦਾ ਹੈ। ਆਮ ਤੌਰ 'ਤੇ ਰੋਗੀ ਇਸ ਦਰਦ ਨੂੰ ਸਹਾਰ ਨਹੀਂ ਸਕਦਾ। ਜੇਕਰ ਤੁਹਾਨੂੰ ਵੀ ਆਮ ਤੌਰ 'ਤੇ ਸਿਰ ਦਰਦ ਰਹਿੰਦਾ ਹੈ ਅਤੇ ਖ਼ਤਰਨਾਕ ਪਰ ਆਮ ਮਿਲਣ ਵਾਲੀਆਂ ਦਰਦ ਰੋਕਣ ਵਾਲੀਆਂ ਅੰਗਰੇਜ਼ੀ ਦਵਾਈਆਂ ਖਾ ਕੇ ਤੁਸੀਂ ਕੰਮ ਸਾਰ ਲੈਂਦੇ ਹੋ ਤਾਂ ਤੁਸੀਂ ਖ਼ਬਰਦਾਰ ਰਹੋ, ਤੁਸੀਂ ਵੀ ਮਾਈਗਰੇਨ ਦੇ ਸ਼ਿਕਾਰ ਹੋ ਸਕਦੇ ਹੋ। ਅੱਜ ਦੇ ਮਸ਼ੀਨੀ ਯੁੱਗ ਵਿਚ ਸਾਡੇ ਤਨ ਅਤੇ ਮਨ ਉਤੇ ਕੰਮ ਦਾ ਬੋਝ ਏਨਾ ਵੱਧ ਗਿਆ ਹੈ ਕਿ ਸਾਨੂੰ ਕਿਹੜਾ ਰੋਗ ਕਦੋਂ ਲੱਗ ਜਾਵੇ ਪਤਾ ਹੀ ਨਹੀਂ ਲੱਗਦਾ। ਨੈਚੁਰੋਪੈਥੀ ਵਿਚ ਮਾਈਗਰੇਨ ਦਾ ਬਹੁਤ ਵਧੀਆ ਅਤੇ ਪੱਕਾ ਇਲਾਜ ਹੈ। 
ਲੱਛਣ
ਆਮ ਤੌਰ 'ਤੇ ਅੱਖ ਦੇ ਉਪਰੋਂ ਸ਼ੁਰੂ ਹੋ ਕੇ ਇਹ ਦਰਦ ਸਿਰ ਦੇ ਉਪਰ ਇਕ ਜਗ੍ਹਾ 'ਤੇ ਰੁਕ ਜਾਂਦਾ ਹੈ। ਸਿਰ ਦੇ ਪਿੱਛੇ ਵੀ ਜਾ ਸਕਦਾ ਹੈ। ਮਨ ਖਰਾਬ ਹੁੰਦਾ ਹੈ, ਜੀਅ ਕੱਚਾ ਹੁੰਦਾ ਹੈ, ਅੱਖਾਂ ਅੱਗੇ ਹਨ੍ਹੇਰਾ ਵੀ ਆ ਜਾਂਦਾ ਹੈ ਅਤੇ ਚੱਕਰ ਇਸ ਦੇ ਆਮ ਲੱਛਣ ਹਨ। 
ਬਚਾਅ
ਨੈਚੁਰੋਪੈਥੀ ਅਤੇ ਯੋਗਾ ਦੇ ਨਾਲ ਪੁਰਾਣੇ ਤੋਂ ਪੁਰਾਣਾ ਰੋਗੀ ਵੀ ਤੰਦਰੁਸਤੀ ਹਾਸਲ ਕਰਕੇ ਹਮੇਸ਼ਾ ਲਈ ਮਾਈਗਰੇਨ ਨੂੰ ਅਲਵਿਦਾ ਕਹਿ ਸਕਦਾ ਹੈ। ਤਾਜ਼ੀ ਹਵਾ ਵਿਚ ਘੁੰਮਣਾ, ਤਾਜ਼ੀ ਹਵਾ ਵਿਚ ਸਾਹ ਲੈਣਾ, ਧੁੱਪ ਸੇਕਣੀ, ਕਸਰਤ ਕਰਨੀ, ਖੁੱਲ੍ਹੇ ਲੰਬੇ ਸਾਹ ਲੈਣੇ, ਸਰੀਰਕ ਆਰਾਮ, ਜ਼ਰੂਰੀ ਨੀਂਦ ਪੂਰੀ ਕਰਨੀ, ਸਹੀ ਢੰਗ ਦੇ ਕੱਪੜੇ ਪਾਉਣਾ, ਹਰੀਆਂ ਸਬਜ਼ੀਆਂ ਖਾਣੀਆਂ, ਖੁੱਲ੍ਹਾ ਪਾਣੀ ਪੀਣਾ, ਹਫ਼ਤੇ ਵਿਚ ਘੱਟੋ-ਘੱਟ ਇਕ ਦਿਨ ਪੇਟ ਖਾਲੀ ਜ਼ਰੂਰ ਰੱਖਣਾ ਜਾਂ ਉਸ ਦਿਨ ਫ਼ਲਾਂ ਦਾ ਰਸ ਪੀਣਾ ਆਮ ਗੱਲਾਂ ਲੱਗਦੀਆਂ ਹਨ।  
ਅਨੀਮਾ ਦੇ ਲਈ ਹਲਕੇ ਗਰਮ ਪਾਣੀ, ਅਰਿੰਡ ਦੇ ਤੇਲ ਦਾ, ਵਹੀਟ ਗਰਾਸ (ਕਣਕ ਦੀਆਂ ਪੱਤੀਆਂ ਦੇ ਰਸ) ਦਾ ਅਨੀਮਾ ਦਿੱਤਾ ਜਾ ਸਕਦਾ ਹੈ। ਅੱਧੇ ਘੰਟੇ ਲਈ ਮੱਡ ਬਾਥ, ਮੱਡ ਪੈਕ (ਮਿੱਟੀ ਇਸ਼ਨਾਨ), ਵੀਹ ਮਿੰਟਾਂ ਦੇ ਲਈ ਹਿੱਪ ਬਾਥ (ਕਟੀ ਇਸ਼ਨਾਨ), ਵੀਹ ਮਿੰਟਾਂ ਲਈ ਇਮਰਸ਼ੀਅਨ ਬਾਥ, ਦਸ ਮਿੰਟਾਂ ਲਈ ਸਪਾਈਨਲ ਬਾਥ, ਦਸ ਮਿੰਟਾਂ ਦੇ ਲਈ ਸਿਰ ਢਕ ਕੇ ਗਰਮ ਪਾਣੀ ਵਿਚ ਪੈਰ ਰੱਖਣ ਦੇ ਨਾਲ ਮਰੀਜ਼ ਮਾਈਗਰੇਨ ਦੇ ਭਿਆਨਕ ਦਰਦ ਤੋਂ ਰਾਹਤ ਪਾ ਸਕਦਾ ਹੈ ਅਤੇ ਕੁਝ ਦਿਨ ਅਜਿਹਾ ਕਰਨ ਦੇ ਨਾਲ ਮਰੀਜ਼ ਹਮੇਸ਼ਾ ਲਈ ਤੰਦਰੁਸਤ ਹੋ ਸਕਦਾ ਹੈ। ਕੁਦਰਤੀ ਇਲਾਜ ਪ੍ਰਣਾਲੀ ਮੁਤਾਬਕ ਅੱਧੇ ਸਿਰ ਦਰਦ ਦੇ ਰੋਗੀ ਵਿਗਿਆਨਕ ਮਾਲਿਸ਼ ਦੇ ਨਾਲ ਵੀ ਠੀਕ ਹੋਏ ਹਨ। ਜਦੋਂ ਵੀ ਦਰਦ ਮਹਿਸੂਸ ਹੋਵੇ ਉਦੋਂ ਸਿਰ ਦੇ ਵਿਚ ਹਲਕੀ ਮਾਲਿਸ਼ ਕਰੋ। ਪੁੜਪੁੜੀਆਂ ਨੂੰ ਉਂਗਲਾਂ ਦੇ ਨਾਲ ਦਬਾਓ ਅਤੇ ਅੰਗੂਠੇ ਨੂੰ ਮੋੜ ਕੇ ਮੱਥੇ 'ਤੇ ਦਬਾਅ ਦਿਓ। ਭਰਵੱਟਿਆਂ ਨੂੰ ਚੂੰਢੀਆਂ ਭਰ ਕੇ ਹਲਕਾ ਜਿਹਾ ਖਿੱਚੋ ਅਤੇ ਛੱਡੋ। ਵੈਸੇ ਵੀ ਮਾਈਗਰੇਨ ਦੇ ਰੋਗੀ ਨੂੰ ਮਾਲਿਸ ਕਰਵਾਉਂਦੇ ਰਹਿਣਾ ਚਾਹੀਦਾ ਹੈ। ਕਿਸੇ ਚੰਗੇ ਐਕਯੂਪ੍ਰੈਸ਼ਰ ਮਾਹਿਰ ਕੋਲੋਂ ਐਕਯੂਪ੍ਰੈਸ਼ਰ ਜ਼ਰੂਰ ਕਰਵਾਓ। ਲੌਂਗ ਪੀਸ ਕੇ ਪਾਣੀ ਨਾਲ ਥੋੜ੍ਹਾ ਗਰਮ ਕਰਕੇ ਉਸ ਦਾ ਲੇਪ ਸਿਰ 'ਤੇ ਕਰੋ। ਦੇਸੀ ਗੁੜ ਵਿਚ ਕਪੂਰ ਮਿਲਾ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਖਾਣ ਨਾਲ ਵੀ ਦਰਦ ਨੂੰ ਰਾਹਤ ਮਿਲਦੀ ਹੈ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਦੇਸੀ ਗਾਂ ਦਾ ਤਾਜ਼ਾ ਘੀ ਦੀਆਂ ਦੋ ਬੂੰਦਾਂ ਪਾਉਣ ਦੇ ਨਾਲ ਹੀ ਦਰਦ ਖਤਮ ਹੋ ਜਾਂਦਾ ਹੈ। ਹਾਂ, ਦਰਦ ਤੋਂ ਤੁਰੰਤ ਰਾਹਤ ਪਾਉਣ ਲਈ ਹਰੇ ਨਾਰੀਅਲ ਦੇ ਪਾਣੀ ਦੀਆਂ ਕੁਝ ਬੂੰਦਾਂ ਨੱਕ ਵਿਚ ਪਾਓ। ਗਾਜ਼ਰ ਦੇ ਪੱਤਿਆਂ ਨੂੰ ਉਬਾਲ ਕੇ ਠੰਡਾ ਕਰਕੇ ਉਸ ਦਾ ਪਾਣੀ ਨੱਕ ਅਤੇ ਕੰਨ ਵਿਚ ਪਾਓ। ਪੁਰਾਣਾ ਦਰਦ ਵੀ ਹਮੇਸ਼ਾ ਲਈ ਖ਼ਤਮ ਹੋ ਸਕਦਾ ਹੈ। ਸੂਤਰ ਨੇਤੀ, ਜਲ ਨੇਤੀ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਬਣਾਓ। ਸਵੇਰੇ ਜਲਦੀ ਉਠੋ, ਇਹ ਤਾਂ ਹੋ ਸਕਦਾ ਹੈ ਜੇ ਰਾਤ ਨੂੰ ਸਮੇਂ ਸਿਰ ਸੌਂਵੋ। 
ਪਰਹੇਜ਼
ਤਲੀਆਂ ਹੋਈਆਂ ਮਿਰਚ ਮਸਾਲੇਦਾਰ ਚੀਜ਼ਾਂ, ਚਾਹ, ਕਾਫ਼ੀ, ਸ਼ਰਾਬ, ਤੰਬਾਕੂ, ਚੌਕਲੇਟ, ਬਾਜ਼ਾਰੂ ਭੋਜਨ, ਡੱਬਾਬੰਦ ਭੋਜਨ, ਕਨਫੈਕਸ਼ਨਰੀ ਦੀਆਂ ਚੀਜ਼ਾਂ, ਮੈਦੇ ਨਾਲ ਬਣੀਆਂ ਚੀਜ਼ਾਂ, ਭਾਰੀਆਂ ਅਤੇ ਛੇਤੀ ਹਾਜ਼ਮ ਨਾ ਹੋਣ ਵਾਲੀਆਂ ਚੀਜ਼ਾਂ ਤੋਂ ਬਿਲਕੁਲ ਪ੍ਰਹੇਜ਼ ਕਰੋ। ਹਰੀਆਂ ਤਾਜ਼ੀਆਂ ਸਬਜ਼ੀਆਂ ਦਾ ਸੂਪ ਜਾਂ ਫ਼ਲਾਂ ਦਾ ਰਸ ਆਪਣੇ ਰੋਜ਼ਾਨਾ ਦੀ ਖੁਰਾਕ ਵਿਚ ਜ਼ਰੂਰ ਸ਼ਾਮਿਲ ਕਰੋ। ਜਿਹੜੀਆਂ ਔਰਤਾਂ ਗਰਭ ਰੋਕੂ ਗੋਲੀਆਂ ਖਾਂਦੀਆਂ ਹਨ, ਉਨ੍ਹਾਂ ਨੂੰ ਮਾਈਗਰੇਨ ਹੋਣ ਦੇ ਕਾਫ਼ੀ ਅਸਾਰ ਹਨ। ਇਸ ਕਰਕੇ ਉਹ ਔਰਤਾਂ ਆਪਣੇ ਸਰੀਰ ਦੇ ਲਈ ਖਾਸ ਧਿਆਨ ਦੇਣ।   ਟੀ. ਵੀ. ਸਟੀਰੀਓ, ਸੀ. ਡੀ. ਪਲੇਅਰ ਅਤੇ ਵਾਧੂ ਮੋਬਾਈਲ ਸੁਣਨ ਦੇ ਨਾਲ ਅਸੀਂ ਇਸ ਖ਼ਤਰਨਾਕ ਅਤੇ ਗੰਭੀਰ ਰੋਗ ਦੇ ਮਰੀਜ਼ ਬਣ ਸਕਦੇ ਹਾਂ।


Related News