ਗੁਣਾਂ ਦਾ ਖਜ਼ਾਨਾ ਹੈ ਜੀਰਾ, ਸ਼ੂਗਰ ਤੇ ਪਾਚਨ ਸਬੰਧੀ ਸਮੱਸਿਆਵਾਂ 'ਚ ਹੈ ਲਾਹੇਵੰਦ
Thursday, Jul 25, 2024 - 05:13 PM (IST)
ਜਲੰਧਰ - ਜੀਰਾ ਸਿਰਫ਼ ਰਸੋਈ 'ਚ ਵਰਤਿਆ ਜਾਣ ਵਾਲਾ ਮਸਾਲਾ ਨਹੀਂ ਸਗੋਂ ਸਿਹਤ ਦਾ ਖਜ਼ਾਨਾ ਵੀ ਹੈ। ਮਹਿੰਗੀ ਤੋਂ ਮਹਿੰਗੀ ਡਿਸ਼ 'ਚ ਜਦੋਂ ਤੱਕ ਜੀਰੇ ਦਾ ਤੜਕਾ ਨਾ ਲੱਗੇ, ਉਦੋਂ ਤੱਕ ਅਸਲੀ ਜ਼ਾਇਕਾ ਆਉਂਦਾ ਨਹੀਂ। ਜੀਰਾ ਕਲੈਸਟ੍ਰੋਲ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਫੈਟ ਨੂੰ ਸਰੀਰ 'ਚ ਬਣਨ ਤੋਂ ਵੀ ਰੋਕਦਾ ਹੈ। ਜੀਰੇ ਦੀ ਸਭ ਤੋਂ ਵਰਤੋਂ ਖਾਣੇ ’ਚ ਕੀਤੀ ਜਾਂਦੀ ਹੈ, ਜੋ ਖਾਣੇ ਦਾ ਸਵਾਦ ਬਦਲ ਕੇ ਰੱਖ ਦਿੰਦੀ ਹੈ। ਆਯੁਰਵੇਦ ’ਚ ਜੀਰੇ ਦਾ ਉਪਯੋਗ ਦਵਾਈਆਂ ਲਈ ਕੀਤਾ ਗਿਆ ਹੈ। ਜੀਰੇ ’ਚ ਕਾਫੀ ਮਾਤਰਾ ’ਚ ਫਾਈਬਰ, ਆਇਰਨ, ਕਾਪਰ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਜ਼ਿੰਕ ਜਿਹੇ ਮਿਨਰਲਸ ਪਾਏ ਜਾਂਦੇ ਹਨ। ਇਸ ’ਚ ਵਿਟਾਮਿਨ-ਇ, ਏ, ਸੀ ਅਤੇ ਬੀ-ਕੰਪਲੈਕਸ ਜਿਹੇ ਵਿਟਾਮਿਨ-ਬੀ ਕਾਫੀ ਮਾਤਰਾ ’ਚ ਮੌਜੂਦ ਹੁੰਦੇ ਹਨ।
ਜੀਰਾ ਖਾਣ ਦੇ ਫਾਇਦੇ
1. ਪੇਟ ਅਤੇ ਪਾਚਨ ਕਿਰਿਆ
ਪੇਟ ਅਤੇ ਪਾਚਨ ਕਿਰਿਆ ਲਈ ਜੀਰੇ ਦੀ ਵਰਤੋਂ ਕਰਨਾ ਕਾਫੀ ਫਾਇਦੇਮੰਦ ਹੈ। ਪੇਟ ਦਰਦ, ਬਦਹਜ਼ਮੀ,ਡਾਇਰੀਆ, ਮਾਰਨਿੰਗ ਸਿੱਕਨੇਸ ਦੀ ਸਮੱਸਿਆ ਹੋਣ ’ਤੇ ਜੀਰੇ ਦਾ ਸੇਵਨ ਕਰਨਾ ਚਾਹੀਦਾ ਹੈ। 1 ਗਿਲਾਸ ਪਾਣੀ ’ਚ 1 ਛੋਟਾ ਚਮਚ ਭੁੰਨਿਆ ਹੋਇਆ ਜੀਰਾ ਪਾਊਡਰ ਮਿਲਾ ਕੇ ਪੀਣ ਨਾਲ ਫਾਇਦੇ ਹੋਵੇਗਾ। ਲੱਸੀ ’ਚ ਭੁੰਨਿਆ ਹੋਇਆ ਜੀਰਾ ਅਤੇ ਕਾਲੀ ਮਿਰਚ ਮਿਲਾ ਕੇ ਪੀਣ ਨਾਲ ਪੇਟ ਸੰਬੰਧੀ ਕਈ ਸਮੱਸਿਆਵਾਂ ਠੀਕ ਹੁੰਦੀਆਂ ਹਨ।
2. ਛੋਟੀ ਅੰਤੜੀ ਦੀ ਸਮੱਸਿਆ
ਛੋਟੀ ਅੰਤੜੀ ’ਚ ਗੈਸ ਬਣਨ ਅਤੇ ਪੇਟ ਦਰਦ ਹੋਣ ’ਤੇ ਜੀਰੇ ਦੀ ਵਰਤੋਂ ਕਰੋ। 1 ਗਿਲਾਸ ਪਾਣੀ ’ਚ ਚੁਟਕੀ ਭਰ ਭੁੰਨਿਆ ਜੀਰਾ ਪਾਊਡਰ, ਥੋੜ੍ਹਾ ਅਦਰਕ, ਸੇਂਧਾ ਨਮਕ ਅਤੇ ਛੋਟਾ ਚਮਕ ਸੌਂਫ ਮਿਲਾ ਕੇ ਚੰਗੀ ਤਰ੍ਹਾਂ ਉਬਾਲੋ। ਪਾਣੀ ਨੂੰ ਛਾਣ ਕੇ ਪੀਣ ਨਾਲ ਪੇਟ ਦਰਦ, ਕਬਜ਼ ਜਿਹੀਆਂ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ ।
3. ਛੋਟੇ ਬੱਚਿਆਂ ਦਾ ਪੇਟ ਦਰਦ
ਛੋਟੇ ਬੱਚੇ ਦਾ ਪੇਟ ਦਰਦ ਹੋਣ ’ਤੇ ਗਰਮ ਪਾਣੀ ’ਚ ਜੀਰਾ ਉਬਾਲ ਕੇ ਠੰਡਾ ਕਰਕੇ ਬੱਚੇ ਨੂੰ ਪਿਲਾਓ। ਇਸ ਨਾਲ ਪੇਟ ’ਚ ਹੋਣ ਵਾਲੀ ਦਰਦ ਜਲਦ ਠੀਕ ਹੋ ਜਾਂਦੀ ਹੈ।
4. ਅਨੀਮੀਆ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਅਨੀਮੀਆ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਲਈ ਜੀਰਾ ਬਹੁਤ ਫਾਇਦੇਮੰਦ ਹੈ। ਖੂਨ ਦੀ ਕਮੀ ਹੋਣ ’ਤੇ ਆਪਣੇ ਖਾਣੇ ’ਚ ਜੀਰੇ ਦਾ ਸੇਵਨ ਜ਼ਰੂਰ ਕਰੋ। ਜੀਰੇ ’ਚ ਆਇਰਨ ਦੀ ਮਾਤਰਾ ਕਾਫੀ ਪਾਈ ਜਾਂਦੀ ਹੈ, ਜੋ ਅਨੀਮੀਆ ਦੀ ਸਮੱਸਿਆ ਨੂੰ ਦੂਰ ਕਰਨ ਦੇ ਨਾਲ-ਨਾਲ ਥਕਾਨ ਤੇ ਤਣਾਅ ਨੂੰ ਵੀ ਘੱਟ ਕਰਦਾ ਹੈ।
5. ਗਰਭਵਤੀ ਔਰਤਾਂ ਲਈ ਫਾਇਦੇਮੰਦ
ਆਇਰਨ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਹੋਣ ਕਾਰਨ ਜੀਰਾ ਗਰਭਵਤੀ ਔਰਤਾਂ ਲਈ ਬਹੁਤ ਫਾਇਦੇਮੰਦ ਹੈ। ਇਕ ਗਿਲਾਸ ਗਰਮ ਦੁੱਧ ’ਚ ਛੋਟਾ ਚਮਚ ਜੀਰਾ ਪਾਊਡਰ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਦੀ ਹਰ ਕਮਜ਼ੋਰੀ ਦੂਰ ਹੁੰਦੀ ਹੈ।
6. ਕਲੈਸਟ੍ਰੋਲ ਘੱਟ ਕਰੇ
ਜੀਰੇ ਦਾ ਸੇਵਨ ਭਾਰ ਘੱਟ ਕਰਨ ਲਈ ਕੀਤਾ ਜਾਂਦਾ ਹੈ। ਇਹ ਸਰੀਰ ਅੰਦਰ ਬਣਨ ਵਾਲੀ ਫੈਟ ਅਤੇ ਕੋਲੈਸਟਰੋਲ ਨੂੰ ਘੱਟ ਕਰਦਾ ਹੈ। ਰੋਜ਼ਾਨਾ ਦਹੀਂ ’ਚ ਭੁੰਨਿਆ ਹੋਇਆ ਜੀਰਾ ਪਾਊਡਰ ਮਿਲਾ ਕੇ ਜ਼ਰੂਰ ਖਾਏ, ਇਸ ਨਾਲ ਬਾਜ਼ਲ ਅਤੇ ਕਲੈਸਟਰੋਲ ਕੰਟਰੋਲ ’ਚ ਰਹਿੰਦਾ ਹੈ ।
7. ਹੱਡੀਆਂ ਮਜ਼ਬੂਤ ਕਰੇ
ਜੀਰੇ ’ਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਜੀਰੇ ’ਚ ਮੌਜੂਦ ਵਿਟਾਮਿਨ-ਏ ਅਤੇ ਬੀ 12 ਆਸਟੀਓਪੋਰੋਸਿਸ ਨੂੰ ਠੀਕ ਕਰਨ ’ਚ ਮਦਦ ਕਰਦਾ ਹੈ ।
8. ਨੀਂਦ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਉਨ੍ਹਾਂ ਲਈ ਜੀਰਾ ਬਹੁਤ ਫਾਇਦੇਮੰਦ ਹੈ। ਪੱਕੇ ਹੋਏ 1 ਕੇਲੇ ਨੂੰ ਮਸਲ ਲਓ ਅਤੇ ਉਸ ’ਚ ਭੁੰਨਿਆ ਹੋਇਆ ਜੀਰਾ ਮਿਲਾ ਕੇ ਖਾਓ। ਅਜਿਹਾ ਕਰਨ ਨਾਲ ਤੁਹਾਨੂੰ ਨੀਂਦ ਚੰਗੀ ਆਵੇਗੀ।
9. ਸ਼ੂਗਰ ਦੀ ਸਮੱਸਿਆ
ਜੀਰਾ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਇਹ ਬਲੱਡ ਸ਼ੂਗਰ ਦੇ ਲੇਵਲ ਨੂੰ ਕੰਟਰੋਲ ਰੱਖਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ।
10. ਯਾਦਦਾਸ਼ਤ ਤੇਜ਼ ਕਰੇ
ਜਿਨ੍ਹਾਂ ਲੋਕਾਂ ਨੂੰ ਭੁੱਲਣ ਦੀ ਸਮੱਸਿਆ ਰਹਿੰਦੀ ਹੈ, ਉਹ ਜੀਰੇ ਦਾ ਸੇਵਨ ਕਰਨ। ਰੋਜ਼ਾਨਾ ਜੀਰੇ ਨੂੰ ਚਬਾ ਕੇ ਖਾਣ, ਕਿਉਂਕਿ ਇਹ ਇਕ ਐਂਟੀਆਕਸੀਡੈਂਟ ਹੁੰਦਾ ਹੈ, ਜਿਸ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ।