Health Tips: ਕੁਦਰਤੀ ਤਰੀਕੇ ਨਾਲ ਕੰਟਰੋਲ ਕਰੋ ਹਾਈ ਬਲੱਡ ਪ੍ਰੈਸ਼ਰ, ਸਦਾ ਰਹੋਗੇ ਤੰਦਰੁਸਤ
Thursday, Jul 20, 2023 - 03:20 PM (IST)
ਜਲੰਧਰ (ਬਿਊਰੋ)- ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪੀੜਤ ਹਨ, ਜਿਸ ਨੂੰ ਕੰਟਰੋਲ ਕਰਨ ਲਈ ਕਈ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਦਵਾਈ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਤੋਂ ਕੁਝ ਸਮੇਂ ਲਈ ਰਾਹਤ ਮਿਲ ਜਾਂਦੀ ਹੈ ਪਰ ਸਮੱਸਿਆ ਹੋਰ ਵੱਧ ਜਾਂਦੀ ਹੈ। ਹਾਈ ਬਲੱਡ ਪ੍ਰੈਸ਼ਰ ਨੂੰ ਹਾਈਪਰਟੈਨਸ਼ਨ ਵੀ ਕਿਹਾ ਜਾਂਦਾ ਹੈ। ਇਸ ਨਾਲ ਸਾਡੇ ਸਰੀਰ ਦੀਆਂ ਖੂਨ ਦੀਆਂ ਨਾੜੀਆਂ ‘ਚੋਂ ਖੂਨ ਤੇਜ਼ੀ ਨਾਲ ਵਹਿਣ ਲੱਗਦਾ ਹੈ। ਹਾਈ ਬਲੱਡ ਪ੍ਰੈਸ਼ਰ ਹੋਣ ਨਾਲ ਦਿਲ ਦੀ ਬੀਮਾਰੀ ਹੋ ਸਕਦੀ ਹੈ। ਨਾਲ ਹੀ ਅੱਖਾਂ, ਗੁਰਦੇ ਅਤੇ ਸਰੀਰ ਦੇ ਕਈ ਅੰਗ ਵੀ ਪ੍ਰਭਾਵਿਤ ਹੋ ਸਕਦੇ ਹਨ। ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਸੰਤੁਲਿਤ ਭੋਜਨ ਖਾਣ ਦੇ ਨਾਲ-ਨਾਲ ਕਸਰਤ ਵੀ ਕਰਨੀ ਚਾਹੀਦੀ ਹੈ। ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਦੇ ਬਾਰੇ ਜਾਣਦੇ ਹਾਂ.....
ਕਸਰਤ ਅਤੇ ਯੋਗਾ ਕਰੋ
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਕਸਰਤ ਅਤੇ ਯੋਗਾ ਕਰਨਾ ਚਾਹੀਦਾ ਹੈ। ਰੋਜ਼ਾਨਾ ਕਸਰਤ ਕਰਨ ਨਾਲ ਖੂਨ ਦੇ ਪ੍ਰਵਾਹ ਵਿੱਚ ਸੁਧਾਰ ਹੁੰਦਾ ਹੈ। ਇਸ ਤੋਂ ਇਲਾਵਾ ਸਰੀਰ 'ਚ ਖੂਨ ਦਾ ਸੰਚਾਰ ਚੰਗੇ ਤਰੀਕੇ ਨਾਲ ਹੁੰਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
ਮੇਥੀ ਦੇ ਬੀਜ
ਮੇਥੀ ਹਾਈ ਬਲੱਡ ਪ੍ਰੈਸ਼ਰ ਲਈ ਫ਼ਾਇਦੇਮੰਦ ਹੈ। ਇਸ ਦੇ ਲਈ ਇਕ ਚਮਚਾ ਮੇਥੀ ਦਾ ਚੂਰਨ ਸਵੇਰੇ ਤੇ ਇਕ ਚਮਚਾ ਰਾਤ ਨੂੰ ਲੈਣ ਨਾਲ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਦਾ 15 ਦਿਨਾਂ ਤੱਕ ਨਿਯਮਿਤ ਸੇਵਨ ਕਰਨ ਨਾਲ ਤੁਹਾਨੂੰ ਇਸ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਤੁਸੀਂ ਚਾਹੋ ਤਾਂ ਮੇਥੀ ਦੇ ਪਾਊਡਰ ’ਚ ਅਜਵਾਇਨ ਤੇ ਪੀਸੀ ਹੋਈ ਕਾਲੀ ਮਿਰਚ ਵੀ ਮਿਲਾ ਸਕਦੇ ਹੋ।
ਕਾਲੀ ਮਿਰਚ
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਕਾਲੀ ਮਿਰਚ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਜੇਕਰ ਉਕਤ ਸਮੱਸਿਆ ਵਧ ਰਹੀ ਹੈ ਤਾਂ ਅੱਧੇ ਗਿਲਾਸ ਪਾਣੀ 'ਚ ਇੱਕ ਨਿੱਕਾ ਚਮਚ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਪੀ ਲਓ। ਅਜਿਹਾ ਕਰਨ ਨਾਲ ਜਲਦੀ ਆਰਾਮ ਮਿਲੇਗਾ।
ਸਿਹਤਮੰਦ ਖੁਰਾਕ ਲਓ
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਸੰਤੁਲਿਤ ਭੋਜਨ ਦਾ ਸੇਵਨ ਕਰੋ। ਮਰੀਜ਼ ਆਪਣੀ ਖੁਰਾਕ ਵਿੱਚ ਸਾਬਤ ਅਨਾਜ, ਫਲ, ਸਬਜ਼ੀਆਂ, ਘੱਟ ਚਰਬੀ ਵਾਲੇ ਡੇਅਰੀ ਉਤਪਾਦ, ਮੀਟ, ਮੱਛੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਸਿਹਤਮੰਦ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹਨ।
ਹਦਵਾਣੇ ਦੇ ਬੀਜ
ਜੇਕਰ ਤੁਸੀਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਭੋਜਨ ਤੋਂ ਬਾਅਦ 5 ਤੋਂ 10 ਗ੍ਰਾਮ ਹਦਵਾਣੇ ਦੇ ਬੀਜ ਖਾਓ। ਅਧਿਐਨ ’ਚ ਪਾਇਆ ਗਿਆ ਹੈ ਕਿ ਹਦਵਾਣੇ ਦੇ ਬੀਜਾਂ ’ਚ ਮੌਜੂਦ ਲਾਈਕੋਪੀਨ ਕੋਲੈਸਟ੍ਰੋਲ ਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ’ਚ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਹਾਈ ਕੋਲੈਸਟ੍ਰੋਲ ਦੇ ਪੱਧਰ ਕਾਰਨ ਆਕਸੀਡੇਟਿਵ ਨੁਕਸਾਨ ਨੂੰ ਰੋਕਣ ਦਾ ਵੀ ਕੰਮ ਕਰਦਾ ਹੈ।
ਚੁਕੰਦਰ ਖਾਓ
ਚੁਕੰਦਰ 'ਚ ਨਾਈਟ੍ਰਿਕ ਆਕਸਾਈਡ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ, ਜੋ ਖੂਨ ਦੀਆਂ ਨਾੜੀਆਂ ਨੂੰ ਖੋਲ੍ਹਣ 'ਚ ਮਦਦ ਕਰਦੀ ਹੈ। ਤੁਸੀਂ ਚੁਕੰਦਰ ਨੂੰ ਸਲਾਦ ਦੇ ਰੂਪ 'ਚ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਤੁਸੀਂ ਇਸ ਦਾ ਜੂਸ ਵੀ ਪੀ ਸਕਦੇ ਹੋ।