ਸਰਦੀਆਂ ''ਚ ਜ਼ੁਕਾਮ, ਖੰਘ ਅਤੇ ਫਲੂ ਵਰਗੀਆਂ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਜ਼ਰੂਰ ਅਪਣਾਓ ਇਹ ਨੁਸਖ਼ੇ
Thursday, Nov 23, 2023 - 01:54 PM (IST)
ਜਲੰਧਰ - ਸਰਦੀਆਂ ਦਾ ਮੌਸਮ ਆਉਂਦੇ ਸਾਰ ਜ਼ੁਕਾਮ ਦੇ ਨਾਲ-ਨਾਲ ਫਲੂ ਅਤੇ ਖੰਘ ਵਰਗੀਆਂ ਬੀਮਾਰੀਆਂ ਦਾ ਕਹਿਰ ਜਾਰੀ ਹੋ ਜਾਂਦਾ ਹੈ। ਖੰਘ ਜਾਂ ਨੱਕ ਬੰਦ ਹੋਣ ਵਰਗੀਆਂ ਜ਼ਿਆਦਾਤਰ ਸਮੱਸਿਆਵਾਂ ਰਾਤ ਦੇ ਸਮੇਂ ਹੀ ਹੁੰਦੀਆਂ ਹਨ। ਬੱਚਿਆਂ ਦੇ ਮਾਹਰ ਡਾਕਟਰ ਅਨੁਸਾਰ ਸਵੇਰ ਦੇ ਸਮੇਂ ਕੋਰਟੀਸੋਲ ਹਾਰਮੋਨ ਦਾ ਪੱਧਰ ਉੱਚਾ ਹੁੰਦਾ ਹੈ, ਜੋ ਦਿਨ ਵੇਲੇ ਫਲੂ-ਖੰਘ ਦੇ ਲੱਛਣਾਂ ਨੂੰ ਘੱਟ ਰੱਖਦਾ ਹੈ। ਜਿਵੇਂ-ਜਿਵੇਂ ਸ਼ਾਮ ਤੱਕ ਇਸ ਦਾ ਪੱਧਰ ਘਟਦਾ ਜਾਂਦਾ ਹੈ, ਲੱਛਣ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਹਨ। ਬਹੁਤ ਸਾਰੇ ਲੋਕ ਦਿਨ ਵਿੱਚ ਸੈਰ ਜਾਂ ਕੰਮ ਕਰਨ ਵਿੱਚ ਰੁੱਝੇ ਰਹਿੰਦੇ ਹਨ, ਜਿਸ ਕਾਰਨ ਗਰੈਵਿਟੀ ਬਲਗਮ ਨੂੰ ਹਟਾਉਣ ਵਿੱਚ ਮਦਦ ਕਰਦੀ ਹੈ। ਜਿਵੇਂ ਰਾਤ ਨੂੰ ਅਸੀਂ ਲੇਟਦੇ ਹਾਂ, ਸਾਹ ਨਾਲੀ ਨੂੰ ਸਾਫ਼ ਰੱਖਣ ਲਈ ਸੰਘਰਸ਼ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਖੰਘ ਵਧ ਜਾਂਦੀ ਹੈ, ਜਿਸ ਨਾਲ ਨੀਂਦ ਨਹੀਂ ਆਉਂਦੀ। ਇਸ ਸਮੱਸਿਆ ਤੋਂ ਬਚਣ ਕਿਹੜੇ ਨੁਸਖ਼ੇ ਅਪਣਾਉਣੇ ਚਾਹੀਦੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ...
ਕਮਰੇ ਵਿੱਚ ਨਮੀ ਦੀ ਮਾਤਰਾ ਬਰਕਰਾਰ ਰੱਖੋ
ਰਾਤ ਦੇ ਸਮੇਂ ਕਮਰੇ ਦਾ ਦਰਵਾਜ਼ਾ ਬੰਦ ਰੱਖੋ, ਜਿਸ ਨਾਲ ਨਮੀ ਦੀ ਮਾਤਰਾ ਬਰਕਰਾਰ ਰਹਿੰਦੀ ਹੈ। ਕਮਰੇ 'ਚ ਨਮੀ ਦਾ ਪੱਧਰ 40 ਤੋਂ 60 ਫ਼ੀਸਦੀ ਤੱਕ ਬਣਾਈ ਰੱਖਣ ਨਾਲ ਵਾਇਰਸ ਦਾ ਸੰਚਾਰ ਘੱਟ ਹੁੰਦੀ ਹੈ। ਇਸ ਨਾਲ ਖੰਘ ਅਤੇ ਨੱਕ ਬੰਦ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਸੌਣ ਵੇਲੇ ਕਮਰੇ ਦੀਆਂ ਖਿੜਕੀਆਂ ਬੰਦ ਰੱਖੋ ਅਤੇ ਧੂੜ ਅਤੇ ਗੰਦਗੀ ਤੋਂ ਬਚਣ ਦਾ ਪ੍ਰਬੰਧ ਕਰੋ। ਤੁਸੀਂ ਇਨਡੋਰ ਪੌਦੇ ਲਗਾ ਕੇ ਅਤੇ ਗਿੱਲੇ ਕੱਪੜੇ ਸੁਕਾ ਕੇ ਕਮਰੇ ਵਿੱਚ ਨਮੀ ਵਧਾ ਸਕਦੇ ਹੋ।
ਖੁਰਾਕ 'ਤੇ ਦਿਓ ਖ਼ਾਸ ਧਿਆਨ
ਸਰਦੀਆਂ ਦੇ ਮੌਸਮ 'ਚ ਜੇਕਰ ਤੁਸੀਂ ਫਲੂ ਜਾਂ ਖੰਘ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਦਿਨ ਭਰ ਤਰਲ ਪਦਾਰਥਾਂ ਦਾ ਸੇਵਨ ਕਰੋ। ਇਸ ਨਾਲ ਬਲਗ਼ਮ ਪਤਲੀ ਹੋਵੇਗੀ ਅਤੇ ਲੇਟਣ ਵੇਲੇ ਨੱਕ 'ਚੋਂ ਪਾਣੀ ਨਹੀਂ ਆਵੇਗਾ। ਸੌਣ ਤੋਂ ਪਹਿਲਾਂ ਹਮੇਸ਼ਾਂ ਤਰਲ ਅਤੇ ਗਰਮ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰੋ।
ਗਲੇ ਨੂੰ ਸੁੱਕਣ ਨਾ ਦਿਓ
ਖੰਘ ਅਤੇ ਜ਼ੁਕਾਮ ਦੇ ਕਾਰਨ ਕਈ ਵਾਰ ਗਲਾ ਸੁੱਕਣ ਲੱਗਦਾ ਹੈ, ਜਿਸ ਤੋਂ ਰਾਹਤ ਪਾਉਣ ਲਈ ਤੁਸੀਂ ਸ਼ਹਿਦ ਜਾਂ ਕਫ ਸਿਰਪ ਦੀਆਂ ਕੁਝ ਬੂੰਦਾਂ ਲੈ ਸਕਦੇ ਹੋ। ਇਸ ਨਾਲ ਗਲਾ ਸੁੱਕਣ ਤੋਂ ਬਚੇਗਾ। ਇਹ ਬੱਚਿਆਂ ਅਤੇ ਵੱਡਿਆਂ ਲਈ ਬਹੁਤ ਲਾਭਦਾਇਕ ਹੈ। ਆਮ ਜ਼ੁਕਾਮ ਅਤੇ ਖੰਘ 7 ਦਿਨਾਂ ਵਿੱਚ ਠੀਕ ਹੋ ਜਾਂਦੀ ਹੈ। ਹਾਲਾਂਕਿ, ਕੁਝ ਮਾਮਲਿਆਂ ਵਿੱਚ ਖੰਘ ਦੋ ਹਫ਼ਤਿਆਂ ਤੱਕ ਰਹਿ ਸਕਦੀ ਹੈ। ਜੇਕਰ ਤਿੰਨ ਹਫ਼ਤਿਆਂ ਬਾਅਦ ਵੀ ਕੋਈ ਸੁਧਾਰ ਨਹੀਂ ਹੁੰਦਾ ਹੈ, ਤਾਂ ਡਾਕਟਰ ਨੂੰ ਜ਼ਰੂਰ ਮਿਲੋ। ਇਸ ਨਾਲ ਐਲਰਜੀ ਅਤੇ ਦਮੇ ਦੀ ਸਮੱਸਿਆ ਹੋ ਸਕਦੀ ਹੈ। ਇਸ ਦੌਰਾਨ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਾ ਲਓ।
ਗਰਮ ਪਾਣੀ ਨਾਲ ਕਰੋ ਇਸ਼ਨਾਨ
ਸਰਦੀਆਂ 'ਚ ਜੇਕਰ ਤੁਸੀਂ ਖੰਘ-ਜ਼ੁਕਾਮ ਅਤੇ ਫਲੂ ਦੀ ਸਮੱਸਿਆ ਤੋਂ ਜ਼ਿਆਦਾ ਪਰੇਸ਼ਾਨ ਹੋ ਤਾਂ ਰੋਜ਼ਾਨਾ ਗਰਮ ਪਾਣੀ ਨਾਲ ਇਸ਼ਨਾਨ ਕਰੋ। ਇਸ ਦੌਰਾਨ ਤੁਸੀਂ ਨੇਜ਼ਰ ਸੇਲਾਇਨ ਸਪਰੇਅ ਦੀ ਵਰਤੋਂ ਵੀ ਕਰ ਸਕਦੇ ਹੋ। ਨੇਜ਼ਰ ਸੇਲਾਇਨ ਸਪਰੇਅ ਖ਼ਾਸ ਤੌਰ 'ਤੇ ਛੋਟੇ ਬੱਚਿਆਂ ਲਈ ਸਹੀ ਹੈ, ਕਿਉਂਕਿ ਇਸ ਨਾਲ ਉਹਨਾਂ ਨੂੰ ਰਾਹਤ ਮਿਲੇਗੀ।
ਇੱਕ ਚਮਚ ਸ਼ਹਿਦ 'ਚ ਮਿਲਾ ਕੇ ਲਓ ਇਹ ਚੀਜ਼
ਸ਼ਹਿਦ ਗਲੇ ਦੀ ਲਾਗ ਦਾ ਸਭ ਤੋਂ ਵਧੀਆ ਇਲਾਜ ਹੋ ਸਕਦਾ ਹੈ। ਇਸ ਵਿਚ ਮੌਜੂਦ ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ ਗੁਣ ਜ਼ੁਕਾਮ ਅਤੇ ਖੰਘ ਦੇ ਲੱਛਣਾਂ ਨੂੰ ਘੱਟ ਕਰਨ ਵਿਚ ਮਦਦ ਕਰ ਸਕਦੇ ਹਨ। ਇਸ ਤੋਂ ਇਲਾਵਾ ਇਹ ਗਲੇ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਿਚ ਬਹੁਤ ਕਾਰਗਰ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਦਾਲਚੀਨੀ ਪਾਊਡਰ ਇੱਕ ਚਮਚ ਸ਼ਹਿਦ ਵਿੱਚ ਮਿਲਾ ਕੇ ਖਾਣ ਨਾਲ ਜਲਦੀ ਆਰਾਮ ਮਿਲਦਾ ਹੈ।
ਸਿਰ ਨੂੰ ਉੱਚਾ ਰੱਖੋ
ਜਦੋਂ ਤੁਸੀਂ ਸੌਂਦੇ ਹੋ ਤਾਂ ਆਪਣੇ ਸਿਰ ਨੂੰ ਸਿਰਹਾਣੇ ਦੀ ਮਦਦ ਨਾਲ ਉੱਚਾ ਕਰਕੇ ਰੱਖੋ। ਅਜਿਹਾ ਕਰਨ ਨਾਲ ਬਲਗ਼ਮ ਨੂੰ ਬਾਹਰ ਕੱਢਣ ਵਿੱਚ ਮਦਦ ਮਿਲੇਗੀ। ਛੋਟੇ ਬੱਚਿਆਂ ਲਈ ਸਿਰਹਾਣੇ ਦੀ ਵਰਤੋਂ ਉਚਿਤ ਨਹੀਂ ਸਮਝੀ ਜਾਂਦੀ।