ਬੱਚਿਆਂ ’ਚ ਕੈਂਸਰ : ਹਰ ਸਾਲ 3 ਲੱਖ ਮਾਸੂਮ ਆਉਂਦੇ ਹਨ ਲਪੇਟ ’ਚ

09/16/2019 9:06:54 AM

ਨਵੀਂ ਦਿੱਲੀ(ਭਾਸ਼ਾ)– ਬੱਚਿਆਂ ’ਚ ਕੈਂਸਰ ਦਾ ਪ੍ਰਕੋਪ ਪੂਰੀ ਦੁਨੀਆ ਲਈ ਖਤਰੇ ਦੀ ਘੰਟੀ ਹੈ। ਹਰ ਸਾਲ ਲਗਭਗ ਤਿੰਨ ਲੱਖ ਬੱਚੇ ਇਸ ਜਾਨਲੇਵਾ ਬੀਮਾਰੀ ਦੀ ਲਪੇਟ ’ਚ ਆਉਂਦੇ ਹਨ, ਜਿਨ੍ਹਾਂ ’ਚੋਂ 78,000 ਤੋਂ ਵੱਧ ਇਕੱਲੇ ਭਾਰਤ ’ਚ ਆਉਂਦੇ ਹਨ। ਇਸ ਤੋਂ ਵੀ ਜ਼ਿਆਦਾ ਦੁਖਦਾਈ ਗੱਲ ਇਹ ਹੈ ਕਿ ਵਿਕਸਿਤ ਦੇਸ਼ਾਂ ’ਚ ਜਿਥੇ ਲਗਭਗ 80 ਫੀਸਦੀ ਬੱਚੇ ਠੀਕ ਹੋ ਜਾਂਦੇ ਹਨ, ਉਥੇ ਭਾਰਤ ’ਚ ਡਾਕਟਰ ਕੈਂਸਰ ਪੀੜਤ ਸਿਰਫ 30 ਫੀਸਦੀ ਬੱਚਿਆਂ ਨੂੰ ਹੀ ਬਚਾ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਨੇ 2030 ਤਕ 60 ਫੀਸਦੀ ਕੈਂਸਰ ਪੀੜਤ ਬੱਚਿਆਂ ਨੂੰ ਜ਼ਿੰਦਗੀ ਦੀ ਜੰਗ ’ਚ ਜੇਤੂ ਬਣਾਉਣ ਦਾ ਟੀਚਾ ਨਿਰਧਾਰਤ ਕੀਤਾ ਹੈ।

ਐਕਿਊਟ ਲਿੰਫੋਬਲਾਸਟਿਕ ਲਿਊਕੇਮੀਆ, ਬ੍ਰੇਨ ਟਿਊਮਰ, ਹੋਜੀਕਨਜ਼ ਲਿੰਫੋਮਾ, ਸਾਕੋਰਮਾ ਅਤੇ ਐਂਬ੍ਰਾਯੋਨਲ ਟਿਊਮਰ ਸਿਰਫ ਔਖੇ ਸ਼ਬਦ ਹੀ ਨਹੀਂ ਸਗੋਂ ਬੱਚਿਆਂ ਨੂੰ ਮੁਸੀਬਤ ’ਚ ਪਾ ਦੇਣ ਵਾਲੀਆਂ ਜਾਨਲੇਵਾ ਕੈਂਸਰ ਦੀਆਂ ਕਿਸਮਾਂ ਹਨ, ਜੋ ਬੜੀ ਖਾਮੋਸ਼ੀ ਨਾਲ ਹੱਸਦੇ-ਖੇਡਦੇ ਬੱਚਿਆਂ ਨੂੰ ਮੌਤ ਦੇ ਮੂੰਹ ’ਚ ਪਹੁੰਚਾ ਦਿੰਦੀਆਂ ਹਨ। ਹਾਲਾਂਕਿ ਡਾਕਟਰਾਂ ਨੂੰ ਇਹ ਗੱਲ ਰਾਹਤ ਦੇ ਸਕਦੀ ਹੈ ਕਿ ਜ਼ਰਾ ਕੁ ਧਿਆਨ ਦੇਣ ਨਾਲ ਅਤੇ ਸਮਾਂ ਰਹਿੰਦਿਆਂ ਕੈਂਸਰ ਦੀ ਆਹਟ ਪਛਾਣਨ ਨਾਲ ਵਧੇਰੇ ਮਾਮਲਿਆਂ ’ਚ ਇਨ੍ਹਾਂ ਨੂੰ ਠੀਕ ਕੀਤਾ ਜਾ ਸਕਦਾ ਹੈ।

ਇਸ ਖੇਤਰ ’ਚ ਕਾਰਜਸ਼ੀਲ ਗੈਰ-ਸਰਕਾਰੀ ਸੰਗਠਨ ‘ਕੈਨਕਿਡ’ ਦੀ ਸੰਸਥਾਪਕ ਪੂਨਮ ਬਗਈ ਦਾ ਕਹਿਣਾ ਹੈ ਕਿ ਪਿੰਡਾਂ ’ਚ ਕੈਂਸਰ ਪੀੜਤ ਬੱਚਿਆਂ ਦੇ ਹਸਪਤਾਲ ਅਤੇ ਮੈਡੀਕਲ ਸੇਵਾਵਾਂ ਤਕ ਪਹੁੰਚਣ ਦੀ ਦਰ ਸਿਰਫ 15 ਫੀਸਦੀ ਹੈ। ਖੁਦ ਕੈਂਸਰ ’ਤੇ ਜਿੱਤ ਹਾਸਲ ਕਰਨ ਵਾਲੀ ਪੂਨਮ ਇਸ ਬੀਮਾਰੀ ਦੀ ਗਵਾਹ ਹੈ ਅਤੇ ਇਸ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ 2004 ’ਚ ਆਪਣੀ ਸਰਕਾਰੀ ਨੌਕਰੀ ਛੱਡ ਕੇ ਇਸ ਸੰਗਠਨ ਦੀ ਸਥਾਪਨਾ ਕੀਤੀ ਅਤੇ ਅੱਜ ਦੇਸ਼ ਦੇ 69 ਹਸਪਤਾਲਾਂ ਦੇ ਨਾਲ ਕੰਮ ਕਰਦਿਆਂ ਉਹ 42000 ਤੋਂ ਵੱਧ ਬੱਚਿਆਂ ਨੂੰ ਢੁੱਕਵੀਂ ਮੈਡੀਕਲ ਸਹਾਇਤਾ ਅਤੇ ਹੋਰ ਕਿਸਮ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ’ਚ ਸਫਲ ਰਹੀ ਹੈ। ਪੂਨਮ ਨੇ ਦੱਸਿਆ ਕਿ ਉਨ੍ਹਾਂ ਦਾ ਸੰਗਠਨ ਪੂਰੇ ਦੇਸ਼ ’ਚ ਕੁੱਲ 22 ਰਾਜਾਂ ਦੇ 42 ਸ਼ਹਿਰਾਂ ’ਚ 69 ਕੈਂਸਰ ਸੈਂਟਰਾਂ ਨਾਲ ਭਾਈਵਾਲ ਵਜੋਂ ਕੰਮ ਕਰ ਰਿਹਾ ਹੈ। 10 ਸੂਬਿਆਂ ’ਚ ਪ੍ਰਾਜੈਕਟ ਸਥਾਪਤ ਕੀਤੇ ਗਏ ਹਨ। ਪੰਜਾਬ ਤੇ ਮਹਾਰਾਸ਼ਟਰ ਸਰਕਾਰ ਦੇ ਨਾਲ ਨਾਲੇਜ ਪਾਰਟਨਰ ਵਜੋਂ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ ਗਏ ਹਨ।


manju bala

Content Editor

Related News