Health Tips: ਜਾਣੋ ਬਿਨਾਂ ਬੁਰਸ਼ ਕੀਤਿਆਂ ਖਾਣਾ ਖਾਣ ਦੇ 5 ਵੱਡੇ ਨੁਕਸਾਨ, ਗੰਭੀਰ ਬੀਮਾਰੀਆਂ ਦਾ ਹੈ ਖ਼ਤਰਾ
Thursday, Oct 19, 2023 - 03:10 PM (IST)
![Health Tips: ਜਾਣੋ ਬਿਨਾਂ ਬੁਰਸ਼ ਕੀਤਿਆਂ ਖਾਣਾ ਖਾਣ ਦੇ 5 ਵੱਡੇ ਨੁਕਸਾਨ, ਗੰਭੀਰ ਬੀਮਾਰੀਆਂ ਦਾ ਹੈ ਖ਼ਤਰਾ](https://static.jagbani.com/multimedia/2023_10image_15_09_27984532817.jpg)
ਜਲੰਧਰ - ਸਰੀਰਕ ਅਤੇ ਮਾਨਸਿਕ ਸਿਹਤ ਦੀ ਤਰ੍ਹਾਂ ਮੂੰਹ ਦੀ ਸਿਹਤ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਮਾਹਿਰਾਂ ਅਨੁਸਾਰ ਜੇਕਰ ਕਿਸੇ ਵਿਅਕਤੀ ਦੇ ਮੂੰਹ ਦੀ ਸਿਹਤ ਖ਼ਰਾਬ ਹੈ ਤਾਂ ਉਸ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਹਮੇਸ਼ਾ ਆਪਣੇ ਮੂੰਹ ਦੀ ਸਫ਼ਾਈ ਦਾ ਧਿਆਨ ਰੱਖੋ। ਮੂੰਹ ਨੂੰ ਸਾਫ਼ ਕਰਨ ਲਈ ਸਵੇਰੇ ਉੱਠਣ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਬੁਰਸ਼ ਕਰਨਾ ਚਾਹੀਦਾ ਹੈ। ਇਸ ਨਾਲ ਮੂੰਹ ਵਿੱਚ ਮੌਜੂਦ ਬੈਕਟੀਰੀਆ ਅਤੇ ਕੀਟਾਣੂ ਨਸ਼ਟ ਹੋ ਜਾਂਦੇ ਹਨ। ਜੇਕਰ ਤੁਸੀਂ ਬਰਸ਼ ਨਹੀਂ ਕਰਦੇ ਤਾਂ ਇਹ ਹਾਨੀਕਾਰਕ ਬੈਕਟੀਰੀਆ ਢਿੱਡ ਵਿੱਚ ਦਾਖ਼ਲ ਹੋ ਕੇ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਕਰਦੇ ਹਨ। ਕੁਝ ਲੋਕ ਸਵੇਰੇ ਬੁਰਸ਼ ਕੀਤੇ ਬਿਨਾਂ ਚਾਹ ਪੀ ਲੈਂਦੇ ਹਨ, ਜੋ ਸਹੀ ਨਹੀਂ ਹੈ। ਸਵੇਰੇ ਦੰਦਾਂ ਨੂੰ ਬੁਰਸ਼ ਕੀਤੇ ਬਿਨਾਂ ਕੁਝ ਵੀ ਖਾਣ ਨਾਲ ਸਰੀਰ ਨੂੰ ਕਿਹੜੇ ਨੁਕਸਾਨ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....
ਦਿਲ ਦੇ ਰੋਗ ਦਾ ਖਤਰਾ
ਸਿਹਤ ਮਾਹਿਰਾਂ ਅਨੁਸਾਰ ਦੰਦਾਂ ਨੂੰ ਬੁਰਸ਼ ਕੀਤੇ ਬਿਨਾਂ ਖਾਣਾ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਦੰਦਾਂ 'ਤੇ ਜਮ੍ਹਾ ਪਲੇਕ, ਬੈਕਟੀਰੀਆ ਅਤੇ ਗੰਦਗੀ ਸਰੀਰ 'ਚ ਦਾਖਲ ਹੋ ਕੇ ਦਿਲ ਦੀਆਂ ਨਸਾਂ ਨੂੰ ਬਲਾਕ ਕਰ ਦਿੰਦੀ ਹੈ, ਜਿਸ ਕਾਰਨ ਨਾੜੀਆਂ 'ਚ ਬਲਾਕੇਜ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਦਿਲ ਤੱਕ ਖੂਨ ਦਾ ਸੰਚਾਰ ਘੱਟ ਜਾਂਦਾ ਹੈ, ਜਿਸ ਕਰਕੇ ਹਾਰਟ ਅਟੈਕ ਵੀ ਹੋ ਸਕਦਾ ਹੈ।
ਸਾਹ ਦੀ ਬਦਬੂ ਆਵੇਗੀ
ਜਦੋਂ ਵੀ ਅਸੀਂ ਸਵੇਰੇ ਉੱਠਦੇ ਹਾਂ ਤਾਂ ਸਾਡੇ ਮੂੰਹ ਵਿੱਚ ਬਦਬੂ ਆਉਂਦੀ ਹੈ। ਇਸ ਬਦਬੂ ਲਈ ਮੂੰਹ 'ਚ ਮੌਜੂਦ ਬੈਕਟੀਰੀਆ ਜ਼ਿੰਮੇਵਾਰ ਹਨ, ਹਾਲਾਂਕਿ ਰੋਜ਼ਾਨਾ ਬੁਰਸ਼ ਕਰਨ ਨਾਲ ਸਾਹ ਦੀ ਬਦਬੂ ਦੂਰ ਹੁੰਦੀ ਹੈ ਅਤੇ ਸਾਹ ਵੀ ਤਰੋ-ਤਾਜ਼ਾ ਹੁੰਦਾ ਹੈ। ਜੇਕਰ ਤੁਸੀਂ ਬਿਨਾਂ ਬੁਰਸ਼ ਕੀਤੇ ਖਾਣਾ ਖਾਂਦੇ ਹੋ ਤਾਂ ਤੁਹਾਡੇ ਮੂੰਹ 'ਚ ਸਾਰਾ ਦਿਨ ਬਦਬੂ ਆਉਂਦੀ ਰਹਿੰਦੀ ਹੈ।
ਗਰਭਵਤੀ ਔਰਤਾਂ ਨੂੰ ਨੁਕਸਾਨ
ਜੇਕਰ ਗਰਭਵਤੀ ਔਰਤਾਂ ਦੰਦਾਂ ਨੂੰ ਬੁਰਸ਼ ਕੀਤੇ ਬਿਨਾਂ ਕੁਝ ਖਾਂਦੀਆਂ ਹਨ, ਤਾਂ ਇਸ ਨਾਲ ਨਾ ਸਿਰਫ਼ ਉਨ੍ਹਾਂ ਦੀ ਸਿਹਤ, ਸਗੋਂ ਬੱਚੇ ਦੀ ਸਿਹਤ 'ਤੇ ਵੀ ਬੁਰਾ ਅਸਰ ਪੈਂਦਾ ਹੈ। ਇਸ ਨਾਲ ਸਮੇਂ ਤੋਂ ਪਹਿਲਾਂ ਡਿਲੀਵਰੀ, ਬੱਚੇ ਦਾ ਘੱਟ ਵਜ਼ਨ ਅਤੇ ਹੋਰ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਮਸੂੜੇ ਖ਼ਰਾਬ ਹੋ ਸਕਦੇ ਹਨ
ਜੇਕਰ ਤੁਸੀਂ ਬੁਰਸ਼ ਨਹੀਂ ਕਰਦੇ ਤਾਂ ਤੁਹਾਡੇ ਮਸੂੜੇ ਕਮਜ਼ੋਰ ਹੋ ਜਾਂਦੇ ਹਨ। ਹਾਨੀਕਾਰਕ ਬੈਕਟੀਰੀਆ ਦੇ ਕਾਰਨ ਸੋਜ, ਮਸੂੜਿਆਂ ਦਾ ਫੂਲਣਾ ਅਤੇ ਖੂਨ ਵਗਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਦੰਦਾਂ ਨੂੰ ਬੁਰਸ਼ ਕੀਤੇ ਬਿਨਾਂ ਖਾਣਾ ਖਾਣ ਨਾਲ ਇਹ ਸਮੱਸਿਆ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ।
ਕੈਵਿਟੀਜ਼ ਦਾ ਖ਼ਤਰਾ
ਬੁਰਸ਼ ਕੀਤੇ ਬਿਨਾਂ ਖਾਣਾ ਖਾਣ ਨਾਲ ਕੈਵਿਟੀਜ਼ ਹੋ ਜਾਂਦੀ ਹੈ। ਇਸ ਨਾਲ ਦੰਦਾਂ ਨੂੰ ਕੀੜੇ ਲਗ ਜਾਂਦੇ ਹਨ। ਇਸ ਸਮੱਸਿਆ ਤੋਂ ਬਚਣ ਲਈ ਦਿਨ ਵਿੱਚ ਦੋ ਵਾਰ ਬੁਰਸ਼ ਜ਼ਰੂਰ ਕਰੋ। ਘੱਟੋ-ਘੱਟ ਦੋ ਮਿੰਟ ਤੱਕ ਬੁਰਸ਼ ਕਰੋ। ਕੈਵਿਟੀਜ਼ ਨੂੰ ਰੋਕਣ ਲਈ ਫਲੋਰਾਈਡ ਟੂਥਪੇਸਟ ਦੀ ਵਰਤੋਂ ਕਰੋ।