ਤੇਜ਼ ਗਰਮੀ ਤੋਂ ਬਚਾਉਣਗੇ ਇਹ ਖਾਧ ਪਦਾਰਥ

08/02/2015 4:02:07 PM

ਅੱਜਕਲ ਮੌਸਮ ਰਲਿਆ-ਮਿਲਿਆ ਹੈ ਪਰ ਫਿਰ ਵੀ ਵਾਤਾਵਰਣ ''ਚ ਹੁੰਮਸ ਘੁਲੀ ਹੋਈ ਹੈ। ਕਦੇ-ਕਦੇ ਤਾਂ ਦਿਨ ਬਹੁਤ ਜ਼ਿਆਦਾ ਗਰਮ ਲੱਗਦਾ ਹੈ। ਅਜਿਹੇ ''ਚ ਹਾਲੋਂ-ਬੇਹਾਲ ਹੋਣਾ ਆਮ ਗੱਲ ਹੈ। ਇਥੇ ਕੁਝ ਖਾਧ ਪਦਾਰਥ ਦੱਸੇ ਗਏ ਹਨ, ਜੋ ਤੇਜ਼ ਗਰਮੀ ਤੋਂ ਤੁਹਾਡਾ ਬਚਾਅ ਕਰਨਗੇ।
ਖੀਰਾ 
ਖੀਰਾ ਠੰਡਾ ਅਤੇ ਪਾਣੀ ਨਾਲ ਭਰਪੂਰ ਹੁੰਦਾ ਹੈ। ਇਹ ਥਕਾਵਟ ਦੂਰ ਕਰਦਾ ਹੈ। ਖੀਰੇ ਵਿਚ ਵਿਟਾਮਿਨ ''ਸੀ'' ਭਰਪੂਰ ਮਾਤਰਾ ਵਿਚ ਅਤੇ ਵਿਟਾਮਿਨ ''ਏ'' ਥੋੜ੍ਹੀ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਲਈ ਗਰਮੀ ਦੇ ਮੌਸਮ ਵਿਚ ਖੀਰੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
ਪਪੀਤਾ
ਪਪੀਤਾ ਗਰਮੀ ਦੇ ਮੌਸਮ ਵਿਚ ਇਕ ਉੱਤਮ ਫਲ ਹੈ। ਕਬਜ਼, ਕਮਜ਼ੋਰੀ, ਅੰਤੜੀਆਂ ਦੀ ਸੋਜ, ਪੇਟ ਫੁੱਲਣਾ ਆਦਿ ਬੀਮਾਰੀਆਂ ਵਿਚ ਪੱਕੇ ਹੋਏ ਪਪੀਤੇ ਦੇ ਟੁਕੜੇ ''ਤੇ ਕਾਲਾ ਨਮਕ, ਜੀਰਾ ਅਤੇ ਨਿੰਬੂ ਦਾ ਰਸ ਮਿਲਾ ਕੇ ਕੁਝ ਦਿਨਾਂ ਤੱਕ ਰੋਜ਼ਾਨਾ ਸਵੇਰੇ-ਸ਼ਾਮ ਸੇਵਨ ਕਰਨ ਨਾਲ ਪੂਰਾ ਲਾਭ ਮਿਲਦਾ ਹੈ।
ਅੰਗੂਰ 
ਅੰਗੂਰ ਨਿਰੋਗੀਆਂ ਲਈ ਪੌਸ਼ਟਿਕ ਆਹਾਰ ਹੈ ਅਤੇ ਮਰੀਜ਼ਾਂ ਲਈ ਬੀਮਾਰੀ ਤੋਂ ਬਚਣ ਦਾ ਉਪਾਅ ਹੈ। ਇਸ ਦੇ ਸੇਵਨ ਨਾਲ ਪੇਟ ਦੀ ਜਲਨ ਅਤੇ ਗੈਸਟ੍ਰਿਕ ਵਿਚ ਲਾਭ ਮਿਲਦਾ ਹੈ ਅਤੇ ਖਾਣੇ ਦਾ ਪਾਚਨ ਵਧੀਆ ਤਰੀਕੇ ਨਾਲ ਹੁੰਦਾ ਹੈ। ਅੰਗੂਰ ਵਿਚ ਸਾਈਟ੍ਰਿਕ ਅਤੇ ਟਾਟ੍ਰਿਕ ਐਸਿਡ ਹੁੰਦਾ ਹੈ, ਜੋ ਖੂਨ ਨੂੰ ਸਾਫ ਕਰਨ ਦੇ ਨਾਲ-ਨਾਲ ਅੰਤੜੀਆਂ ਅਤੇ ਗੁਰਦਿਆਂ ਦੇ ਕੰਮ ਨੂੰ ਵਿਵਸਥਿਤ ਕਰਦਾ ਹੈ। 
ਪੁਦੀਨਾ
ਗਰਮੀ ਦੇ ਮੌਸਮ ਵਿਚ ਹਰੇ ਪੁਦੀਨੇ ਦੀ ਵਰਤੋਂ ਕਰਨ ਨਾਲ ਪੂਰਾ ਲਾਭ ਮਿਲਦਾ ਹੈ। ਸਵੇਰ ਦੇ ਸਮੇਂ 1 ਗਲਾਸ ਪਾਣੀ ਵਿਚ 20 ਗ੍ਰਾਮ ਹਰੇ ਪੁਦੀਨੇ ਦਾ ਰਸ ਅਤੇ 20 ਗ੍ਰਾਮ ਸ਼ਹਿਦ ਮਿਲਾ ਕੇ ਸੇਵਨ ਕਰਨ ਨਾਲ ਸਰੀਰ ਤਰੋ-ਤਾਜ਼ਾ ਹੋ ਜਾਂਦਾ ਹੈ ਅਤੇ ਗੈਸਟ੍ਰਿਕ ਦੀ ਸਮੱਸਿਆ ਦੂਰ ਹੁੰਦੀ ਹੈ। ਹਰੇ ਪੁਦੀਨੇ ਨੂੰ ਬਾਰੀਕ ਪੀਸ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ''ਤੇ ਲੇਪ ਕਰਨ ਨਾਲ ਮੁਹਾਸੇ ਨਸ਼ਟ ਹੋ ਜਾਂਦੇ ਹਨ ਅਤੇ ਚਮੜੀ ਦਾ ਰੁੱਖਾਪਨ ਦੂਰ ਹੋ ਜਾਂਦਾ ਹੈ।
ਨਿੰਬੂ
ਨਿੰਬੂ ਦੀ ਸ਼ਿਕੰਜਵੀ ਪੀਣ ਨਾਲ ਗਰਮੀ ਦੇ ਕਹਿਰ ਤੋਂ ਬਚਾਅ ਹੁੰਦਾ ਹੈ ਅਤੇ ਤਰੋ-ਤਾਜ਼ਗੀ ਮਹਿਸੂਸ ਹੁੰਦੀ ਹੈ। ਨਿੰਬੂ ਖੂਨ ਨੂੰ ਸਾਫ ਕਰਦਾ ਹੈ। ਕਬਜ਼ ਸਮੇਤ ਹੋਰ ਛੋਟੀਆਂ-ਛੋਟੀਆਂ ਬੀਮਾਰੀਆਂ ਵਿਚ ਨਿੰਬੂ ਦਾ ਸੇਵਨ ਬਹੁਤ ਹੀ ਫਾਇਦੇਮੰਦ ਹੈ। ਇਸ ਲਈ ਗਰਮੀ ਦੇ ਮੌਸਮ ''ਚ ਨਿੰਬੂ ਦੀ ਸ਼ਿਕੰਜਵੀ ਅਤੇ ਨਿੰਬੂ ਪਾਣੀ ਆਦਿ ਦਾ ਭਰਪੂਰ ਮਾਤਰਾ ''ਚ ਸੇਵਨ ਕਰਨਾ ਚਾਹੀਦਾ ਹੈ।
ਤਰਬੂਜ਼
ਇਹ ਠੰਡੀ ਤਾਸੀਰ ਵਾਲਾ ਫਲ ਹੈ। ਤਰਬੂਜ਼ ਦੇ ਰਸ ''ਚ ਆਂਵਲੇ ਦਾ ਚੂਰਨ ਮਿਲਾ ਕੇ ਸੇਵਨ ਕਰਨ ਨਾਲ ਪਿਸ਼ਾਬ ਵਿਚ ਹੋਣ ਵਾਲੀ ਜਲਨ ਦੂਰ ਹੁੰਦੀ ਹੈ। ਹੱਥਾਂ-ਪੈਰਾਂ ਅਤੇ ਸਰੀਰ ਦੇ ਹੋਰ ਹਿੱਸਿਆਂ ਵਿਚ ਤਰਬੂਜ਼ ਦੇ ਛਿਲਕੇ ਅਤੇ ਇਸ ਦੇ ਹੇਠਾਂ ਚਿੱਟੇ ਗੁੱਦੇ ਵਿਚ ਚੰਦਨ ਮਿਲਾ ਕੇ ਲੇਪ ਕਰਨ ਨਾਲ ਜਲਨ ਦੂਰ ਹੁੰਦੀ ਹੈ।


Related News