ਬੱਚਿਆਂ ਲਈ ਅੰਮ੍ਰਿਤ ਹੈ ਮਾਂ ਦਾ ਦੁੱਧ

Thursday, Aug 03, 2017 - 03:06 PM (IST)

ਬੱਚਿਆਂ ਲਈ ਅੰਮ੍ਰਿਤ ਹੈ ਮਾਂ ਦਾ ਦੁੱਧ

ਜਲੰਧਰ— ਮਾਂ ਦਾ ਦੁੱਧ ਨਵ-ਜਨਮੇ ਬੱਚਿਆਂ ਲਈ ਸਭ ਤੋਂ ਉੱਤਮ ਤੇ ਸੰਪੂਰਨ ਅਹਾਰ ਹੋਣ ਦੇ ਨਾਲ-ਨਾਲ ਅੰਮ੍ਰਿਤ ਸਮਾਨ ਹੁੰਦਾ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਿਆਂ ਹੋਇਆਂ ਵੀ ਅਜੋਕੇ ਯੁੱਗ ਵਿਚ ਅਨੇਕਾਂ ਔਰਤਾਂ ਆਧੁਨਿਕ ਬਣਨ ਤੇ ਸੋਹਣਾ ਦਿਖਣ ਦੇ ਚੱਕਰ ਵਿਚ ਆਪਣੇ ਨਵ-ਜਨਮੇ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਣ ਦੀ ਬਜਾਏ ਫੀਡਰ ਨਾਲ ਦੁੱਧ ਪਿਆ ਕੇ ਨਾ ਸਿਰਫ ਉਨ੍ਹਾਂ ਦੇ ਜੀਵਨ ਤੇ ਸਿਹਤ ਨਾਲ ਖਿਲਵਾੜ ਕਰਦੀਆਂ ਹਨ, ਸਗੋਂ ਮਮਤਾ ਦਾ ਵੀ ਅਪਮਾਨ ਕਰ ਰਹੀਆਂ ਹਨ। ਬੱਚਿਆਂ ਨੂੰ ਜਨਮ ਦੇਣ ਤੋਂ ਬਿਨਾਂ ਜਿਸ ਤਰ੍ਹਾਂ ਔਰਤ ਅਧੂਰੀ ਹੈ, ਉਸੇ ਤਰ੍ਹਾਂ ਸੰਤਾਨ ਨੂੰ ਆਪਣਾ ਦੁੱਧ ਪਿਲਾਉਣ ਤੋਂ ਬਿਨਾਂ ਮਾਂ ਵੀ ਅਧੂਰੀ ਹੁੰਦੀ ਹੈ। ਫੀਡਰ ਵਲ ਵੱਧਦਾ ਰੁਝਾਨ ਤੇ ਆਪਣਾ ਦੁੱਧ ਪਿਲਾਉਣ ਦੀ ਪ੍ਰਵਿਰਤੀ ਵਿਚ ਲਗਾਤਾਰ ਗਿਰਾਵਟ ਚਿੰਤਾ ਦਾ ਵਿਸ਼ਾ ਹੈ। ਬ੍ਰੈਸਟ ਫੀਡਿੰਗ ਕਰਵਾਉਣ ਸੰਬੰਧੀ ਔਰਤਾਂ ਵਿਚ ਜਾਗਰੂਕਤਾ ਲਿਆਉਣ ਲਈ ਹਰ ਸਾਲ 1 ਤੋਂ 7 ਅਗਸਤ ਤੱਕ ਪੂਰੇ ਵਿਸ਼ਵ ਵਿਚ ਬ੍ਰੈਸਟ ਫੀਡਿੰਗ ਹਫਤਾ ਮਨਾਇਆ ਜਾਂਦਾ ਹੈ ਤਾਂ ਜੋ ਔਰਤਾਂ ਨੂੰ ਦੱਸਿਆ ਜਾਵੇ ਕਿ ਮਾਂ ਦਾ ਦੁੱਧ ਬੱਚਿਆਂ ਨੂੰ ਕੁਪੋਸ਼ਣ ਤੇ ਡਾਇਰੀਆ ਜਿਹੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਂਦਾ ਹੈ। ਨਾਲ ਹੀ ਇਸ ਨਾਲ ਬਾਲ ਮੌਤ ਦਰ ਵਿਚ ਕਮੀ ਆਉਂਦੀ ਹੈ। ਬ੍ਰੈਸਟ ਫੀਡਿੰਗ ਸੰਬੰਧੀ ਮਾਹਿਰ ਡਾਕਟਰਾਂ ਦਾ ਕੀ ਕਹਿਣਾ ਹੈ, ਆਓ ਜਾਣੀਏ-
ਡਾ. ਰਿਤੂ ਜੇ. ਨੰਦਾ ਗਾਇਨੀ ਐਂਡ ਫਰਟੀਲਿਟੀ ਸੈਂਟਰ ਦੀ ਪ੍ਰਮੁੱਖ ਇਸਤਰੀ ਰੋਗ ਤੇ ਬਾਂਝਪਨ ਦੇ ਇਲਾਜ ਦੀ ਮਾਹਿਰ ਡਾ. ਰਿਤੂ ਨੰਦਾ ਦਾ ਕਹਿਣਾ ਹੈ ਕਿ ਜਣੇਪੇ ਤੋਂ ਤੁਰੰਤ ਬਾਅਦ ਜੋ ਔਰਤਾਂ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਣਾ ਸ਼ੁਰੂ ਕਰ ਦਿੰਦੀਆਂ ਹਨ, ਉਨ੍ਹਾਂ ਨੂੰ ਬੱਚੇਦਾਨੀ ਤੇ ਬ੍ਰੈਸਟ ਕੈਂਸਰ ਹੋਣ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਜਣੇਪੇ ਤੋਂ ਬਾਅਦ 2-3 ਦਿਨ ਤੱਕ ਔਰਤਾਂ ਦੀਆਂ ਛਾਤੀਆਂ ਵਿਚੋਂ ਨਿਕਲਣ ਵਾਲਾ ਗਾੜਾ ਪੀਲਾ ਦੁੱਧ (ਕੋਲੋਸਟ੍ਰਮ) ਨਵ-ਜਨਮੇ ਬੱਚਿਆਂ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ।
ਕਪੂਰ ਬੋਨ ਐਂਡ ਚਿਲਡਰਨ ਹਸਪਤਾਲ ਦੀ ਬਾਲ ਰੋਗ ਮਾਹਿਰ ਡਾ. ਪੂਜਾ ਕਪੂਰ ਦਾ ਕਹਿਣਾ ਹੈ ਕਿ ਜਨਮ ਤੋਂ 6 ਮਹੀਨਿਆਂ ਤੱਕ ਬੱਚਿਆਂ ਲਈ ਮਾਂ ਦਾ ਦੁੱਧ ਹੀ ਕਾਫੀ ਹੁੰਦਾ ਹੈ, ਇਸ ਲਈ ਉਸ ਵਕਫੇ ਤੱਕ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮਾਂ ਦੇ ਦੁੱਧ ਵਿਚ ਪ੍ਰੋਟੀਨ ਦੇ ਐਂਟੀਬਾਇਓਟਿਕ ਹੁੰਦੇ ਹਨ, ਜੋ ਬੱਚਿਆਂ ਨੂੰ ਇਨਫੈਕਸ਼ਨ ਨਾਲ ਲੜਨ ਵਿਚ ਸਮਰੱਥ ਬਣਾਉਂਦੇ ਹਨ ਤੇ ਉਸ ਦੇ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੋਣ ਦਿੰਦੇ।
ਬਰੀਨਾ ਸਕਿਨ ਕੇਅਰ ਦੀ ਪ੍ਰਮੁੱਖ ਸਕਿਨ ਸਪੈਸ਼ਲਿਸਟ ਡਾ. ਬਰੀਨਾ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਦੁੱਧ ਪਿਲਾਉਣ ਨਾਲ ਔਰਤਾਂ ਦੀ ਿਫਗਰ ਵਿਚ ਕੋਈ ਫਰਕ ਨਹੀਂ ਪੈਂਦਾ, ਇਸ ਲਈ ਬੱਚਿਆਂ ਨੂੰ ਆਪਣਾ ਦੁੱਧ ਜ਼ਰੂਰ ਪਿਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬ੍ਰੈਸਟ ਫੀਡਿੰਗ ਕਰਵਾਉਂਦੇ ਸਮੇਂ ਕੁਝ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਬ੍ਰੈਸਟ ਫੀਡਿੰਗ ਕਰਵਾਉਣ ਤੋਂ ਪਹਿਲਾਂ ਅਤੇ ਬਾਅਦ ਵਿਚ ਛਾਤੀਆਂ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ ਤਾਂ ਜੋ ਇਨਫੈਕਸ਼ਨ ਹੋਣ ਦਾ ਖਤਰਾ ਨਾ ਰਹੇ।
ਆਪਣਾ ਦੁੱਧ ਪਿਲਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
1. ਬੱਚਿਆਂ ਨੂੰ ਦੁੱਧ ਹਮੇਸ਼ਾ ਬੈਠ ਕੇ ਪਿਲਾਉਣਾ ਚਾਹੀਦਾ ਹੈ। 
2. ਬੱਚਿਆਂ ਨੂੰ ਆਪਣਾ ਦੁੱਧ ਹਮੇਸ਼ਾ ਇਕਾਂਤ ਵਿਚ ਬੈਠ ਕੇ ਪਿਲਾਉਣਾ 
ਚਾਹੀਦਾ ਹੈ।
3. ਦੁੱਧ ਪਿਲਾਉੁਂਦੇ ਸਮੇਂ ਮਨ ਵਿਚ ਧਾਰਮਿਕ ਤੇ ਚੰਗੇ ਖਿਆਲ ਲਿਆਉਣੇ ਚਾਹੀਦੇ ਹਨ।
4. ਬ੍ਰੈਸਟ ਫੀਡਿੰਗ ਵਾਰੀ-ਵਾਰ ਦੋਵਾਂ ਛਾਤੀਆਂ ਤੋਂ ਕਰਵਾਉਣੀ ਚਾਹੀਦੀ ਹੈ।
5. ਦੁੱਧ ਪਿਲਾਉਂਦੇ ਸਮੇਂ ਬੱਚੇ ਦਾ ਨੱਕ ਛਾਤੀ ਦੇ ਨਾਲ ਨਹੀਂ ਲੱਗਣਾ ਚਾਹੀਦਾ।
6. ਦੁੱਧ ਪਿਲਾਉਣ ਤੋਂ ਬਾਅਦ ਬੱਚੇ ਨੂੰ ਛਾਤੀ ਨਾਲ ਲਾ ਕੇ ਡਕਾਰ ਜ਼ਰੂਰ ਮਰਵਾਓ।
7. ਦੁੱਧ ਪਿਲਾਉਣ ਤੋਂ ਬਾਅਦ ਛਾਤੀਆਂ ਨੂੰ ਚੰਗੀ ਤਰ੍ਹਾਂ ਸਾਫ ਕਰੋ।


Related News