ਭਾਰ ਘਟਾਉਣ ਦੇ ਸੌਖੇ ਉਪਾਅ
Thursday, Jul 16, 2015 - 02:07 PM (IST)

ਵਿਸ਼ਵ ਸਿਹਤ ਸੰਗਠਨ ਮੁਤੁਬਕ ਦੁਨੀਆ ''ਚ ਲੱਗਭਗ 2.3 ਅਰਬ ਲੋਕ ਮੋਟਾਪੇ ਦੇ ਸ਼ਿਕਾਰ ਹਨ। ਭਾਰ ਅਕਸਰ ਅਨਿਯਮਿਤ ਖਾਣ-ਪੀਣ ਅਤੇ ਕਸਰਤ ਨਾ ਕਰਨ ਨਾਲ ਵਧਦਾ ਹੈ। ਜਾਣਦੇ ਹਾਂ ਭਾਰ ਘੱਟ ਕਰਨ ਦੇ ਕੁਝ ਉਪਾਵਾਂ ਬਾਰੇ-
► ਜੇ ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਫਲ-ਸਬਜ਼ੀਆਂ ਦਾ ਸੇਵਨ ਵਧਾਉਣਾ ਚਾਹੀਦਾ ਹੈ। ਜ਼ਿਆਦਾਤਰ ਫਲ-ਸਬਜ਼ੀਆਂ ਵਿਚ ਮਿਨਰਲਸ, ਵਿਟਾਮਿਨਸ ਅਤੇ ਕਾਫੀ ਮਾਤਰਾ ਵਿਚ ਪਾਣੀ ਹੁੰਦਾ ਹੈ ਪਰ ਇਨ੍ਹਾਂ ਵਿਚ ਕੈਲੋਰੀਜ਼ ਦੀ ਗਿਣਤੀ ਬਹੁਤ ਹੀ ਘੱਟ ਹੁੰਦੀ ਹੈ।
► ਫੈਟ ਤੋਂ ਇਲਾਵਾ ਨੂਡਲਸ, ਪੀਜ਼ਾ, ਬਰਗਰ ਵਰਗੇ ਰਿਫਾਇੰਡ ਕਾਰਬੋਹਾਈਡ੍ਰੇਟਸ ਵੀ ਤੁਹਾਡੇ ਸਰੀਰ ਲਈ ਬੇਹੱਦ ਹਾਨੀਕਾਰਕ ਹਨ। ਕੋਲਾ ਅਤੇ ਫਲੇਵਰ ਵਾਲੇ ਜੂਸ ਵੀ ਨੁਕਸਾਨਦੇਹ ਹਨ। ਸ਼ਰਾਬ ਦਾ ਸੇਵਨ ਨਾ ਕਰੋ ਕਿਉਂਕਿ ਸ਼ਰਾਬ ਵਿਚ ਪ੍ਰੋਟੀਨ ਅਤੇ ਗਲੂਕੋਜ਼ ਦੀ ਤੁਲਨਾ ''ਚ ਦੁੱਗਣੀ ਕੈਲੋਰੀਜ਼ ਹੁੰਦੀ ਹੈ।
► ਦਿਨ ਵਿਚ ਘੱਟੋ-ਘੱਟ ਤਿੰਨ ਵਾਰ ਭੋਜਨ ਕਰੋ। ਦਿਨ ਦਾ ਸਭ ਤੋਂ ਭਾਰਾ ਭੋਜਨ ਸਵੇਰੇ ਨਾਸ਼ਤੇ ਵਿਚ ਹੀ ਖਾਣ ਦੀ ਕੋਸ਼ਿਸ਼ ਕਰੋ। ਖਾਣਾ ਜਿੰਨਾ ਹੌਲੀ-ਹੌਲੀ ਖਾਓਗੇ, ਓਨੀ ਛੇਤੀ ਭੁੱਖ ਮਿਟਣ ਦਾ ਅਹਿਸਾਸ ਹੋਵੇਗਾ। ਕਦੇ ਵੀ ਪੇਟ ਪੂਰਾ ਭਰਨ ਦੀ ਕੋਸ਼ਿਸ਼ ਨਾ ਕਰੋ। ਛੋਟੀਆਂ ਪਲੇਟਾਂ ਦੀ ਵਰਤੋਂ ਕਰੋ। ਇਹ ਘੱਟ ਖਾਣੇ ਨਾਲ ਭਰੀਆਂ-ਭਰੀਆਂ ਨਜ਼ਰ ਆਉਣਗੀਆਂ ਅਤੇ ਤੁਹਾਨੂੰ ਜ਼ਿਆਦਾ ਖਾਣ ਦਾ ਅਹਿਸਾਸ ਦਿਵਾਉਣਗੀਆਂ।
► ਭਾਰ ਘਟਾਉਣ ਲਈ ਰੋਜ਼ਾਨਾ ਕਸਰਤ ਕਰਨਾ ਬਹੁਤ ਹੀ ਜ਼ਰੂਰੀ ਹੈ। ਖੇਡਣਾ-ਕੁੱਦਣਾ ਊਰਜਾ ਦੀ ਖਪਤ ਵਧਾਉਣ ਤੋਂ ਇਲਾਵਾ ਚਰਬੀ ਵੀ ਗਾਲਦੇ ਹਨ। ਤੁਸੀਂ ਤੇਜ਼ੀ ਨਾਲ ਟਹਿਲਣ ਦੀ ਸ਼ੁਰੂਆਤ ਕਰ ਸਕਦੇ ਹੋ। ਇਸ ਦਾ ਤੁਹਾਡੀ ਰੀੜ੍ਹ ਦੀ ਹੱਡੀ ਅਤੇ ਜੋੜਾਂ ''ਤੇ ਜ਼ਿਆਦਾ ਅਸਰ ਨਹੀਂ ਪਵੇਗਾ। ਬਾਅਦ ਵਿਚ ਤੁਸੀਂ ਦੌੜਨ, ਸਾਈਕਲ ਚਲਾਉਣ ਜਾਂ ਤੈਰਾਕੀ ਵਰਗੀਆਂ ਸਮਰੱਥਾ ਵਧਾਉਣ ਵਾਲੀਆਂ ਖੇਡਾਂ ਵੱਲ ਵੱਧ ਸਕਦੇ ਹੋ। ਚੰਗੇ ਨਤੀਜਿਆਂ ਲਈ ਘੱਟੋ-ਘੱਟ ਤਿੰਨ ਵਾਰ 30 ਮਿੰਟ ਕਸਰਤ ਕਰੋ।
► ਅਣਲੋੜੀਂਦੀ ਨੀਂਦ ਤੁਹਾਨੂੰ ਜ਼ਿਆਦਾ ਭੁੱਖ ਦਾ ਅਹਿਸਾਸ ਦਿਵਾਉਂਦੀ ਹੈ। ਨੀਂਦ ਪੂਰੀ ਨਾ ਹੋਣ ਕਾਰਨ ਹਾਰਮੋਨਸ ਸਹੀ ਤਰ੍ਹਾਂ ਕੰਮ ਨਹੀਂ ਕਰ ਸਕਦੇ, ਜਿਸਦੇ ਨਤੀਜੇ ਵਜੋਂ ਸਾਨੂੰ ਛੇਤੀ-ਛੇਤੀ ਭੁੱਖ ਲਗਦੀ ਰਹਿੰਦੀ ਹੈ। ਜ਼ਿਆਦਾ ਖਾਣ ਨਾਲ ਪਾਚਨ ਦੀ ਦਰ ਘੱਟ ਜਾਂਦੀ ਹੈ, ਇਸ ਲਈ ਭਾਰ ਘਟਾਉਣ ਲਈ ਜ਼ਰੂਰੀ ਹੈ ਕਿ ਲੋੜੀਂਦੀ ਨੀਂਦ ਲਓ।