ਮੁੰਬਈ ਕਾਂਗਰਸ ਦਾ ਵਿਵਾਦ ਸੁਲਝਾਉਣਗੇ ਹੁੱਡਾ

01/23/2017 1:41:20 PM

ਨਵੀਂ ਦਿੱਲੀ— ਮੁੰਬਈ ਕਾਂਗਰਸ ਦੇ ਵੱਖ-ਵੱਖ ਗੁੱਟਾਂ ''ਚ ਆਪਸੀ ਮੱਤਭੇਦਾਂ ਨੂੰ ਸੁਲਝਾਉਣ ਲਈ ਕਾਂਗਰਸ ਪਾਰਟੀ ਨੇ ਆਪਣੇ ਅਨੁਭਵੀ ਨੇਤਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਨਿਯੁਕਤ ਕੀਤਾ ਹੈ। ਪਾਰਟੀ ਦੇ ਮੁਖੀ ਰਾਹੁਲ ਗਾਂਧੀ ਨੇ ਹੁੱਡਾ ਨੂੰ ਮੁੰਬਈ ਕਾਂਗਰਸ ਦਾ ਵਿਵਾਦ ਸੁਲਝਾਉਣ ਦੀ ਜ਼ਿੰਮੇਵਾਰੀ ਸੌਪੀ ਹੈ। ਕਾਂਗਰਸ ਨੇਤਾ ਗੁਰੂਦਾਸ ਕਾਮਤ ਨੇ ਦੱਸਿਆ ਕਿ ਹੁੱਡਾ 25 ਜਨਵਰੀ ਨੂੰ ਮੁੰਬਈ ਕਾਂਗਰਸ ਦੇ ਵੱਖ-ਵੱਖ ਨੇਤਾਵਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੇ ਵਿਚਾਰ ਜਾਨਣਗੇ। ਕਾਮਤ ਨੇ ਇਕ ਟਵੀਟ ''ਚ ਕਿਹਾ ਕਿ ਰਾਹੁਲ ਗਾਂਧੀ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਹੁੱਡਾ ਵਿਵਾਦਾਂ ਦਾ ਹੱਲ ਕਰਨ ਲਈ 25 ਜਨਵਰੀ ਨੂੰ ਮੁੰਬਈ ਕਾਂਗਰਸ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਮੁੰਬਈ ਕਾਂਗਰਸ ਨੂੰ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਗੁੱਟਬਾਜ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਦੇ ਸਾਬਕਾ ਵਿਧਾਇਕ ਕ੍ਰਿਸ਼ਣਾ ਹੇਗੜੇ ਦੇ ਭਾਜਪਾ ''ਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਇਕ ਤਕੜਾ ਝਟਕਾ ਲੱਗਿਆ ਹੈ। ਹੇਗੜੇ ਨੇ ਮੁੰਬਈ ਕਾਂਗਰਸ ਮੁਖੀ ਸੰਜੇ ਨਿਰੂਪਮ ''ਤੇ ਪਾਰਟੀ ਲਈ ਸਮਰਪਿਤ ਨੇਤਾਵਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ।


Related News