ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ 'ਚ ਨਵਾਂ ਮੋੜ, ਕਾਰਜਕਾਰਨੀ ਕਮੇਟੀ ਭੰਗ

12/23/2022 12:31:36 PM

ਕੁਰੂਕਸ਼ੇਤਰ (ਪੰਕੇਸ਼) : ਹਰਿਆਣਾ ’ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਸੰਘਰਸ਼ ਕਰ ਰਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਵੀਰਵਾਰ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ’ਚ ਸੰਪੰਨ ਹੋਈ। ਮੀਟਿੰਗ ’ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਤੋਂ ਇਲਾਵਾ ਜਨਰਲ ਸਕੱਤਰ ਜੋਗਾ ਸਿੰਘ ਯਮੁਨਾਨਗਰ, ਮਨਜੀਤ ਸਿੰਘ ਡਾਚਰ, ਬਲਵੰਤ ਸਿੰਘ ਫੌਜੀ ਅਤੇ ਅਪਾਰ ਸਿੰਘ ਕੁਰੂਕਸ਼ੇਤਰ ਸਮੇਤ 5 ਬਾਹਰ ਜਾਣ ਵਾਲੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ’ਚ ਮੌਜੂਦ ਸਾਰੇ ਅਹੁਦੇਦਾਰਾਂ ਨੇ ਹਰਿਆਣਾ ਸਰਕਾਰ ਦੇ ਪ੍ਰਭਾਵ ’ਚ ਬੁੱਧਵਾਰ ਨੂੰ ਬਣਾਈ ਗਈ ਐੱਚ. ਐੱਸ. ਜੀ. ਐੱਮ. ਸੀ. ਦੀ ਐਗਜੀਕਿਊਟਿਵ ਕਮੇਟੀ ਨੂੰ ਸਰਬਸੰਮਤੀ ਨਾਲ ਰੱਦ ਕਰ ਦਿੱਤਾ। ਇੰਨਾ ਹੀ ਨਹੀਂ, ਇਨ੍ਹਾਂ ਇਹ ਵੀ ਫ਼ੈਸਲਾ ਲਿਆ ਕਿ ਉਹ ਸਰਕਾਰ ਵਲੋਂ ਬਣਾਈ ਗਈ 38 ਮੈਂਬਰੀ ਕਮੇਟੀ ਦਾ ਵੀ ਵਿਰੋਧ ਕਰਨਗੇ।

ਇਹ ਵੀ ਪੜ੍ਹੋ: ਹੁਣ ਸਰਕਾਰੀ ਸਕੂਲ ਜਾਂ ਹਸਪਤਾਲ ਦਾ ਬਿਜਲੀ ਕੁਨੈਕਸ਼ਨ ਕੱਟਣ ਵਾਲੇ ਅਧਿਕਾਰੀਆਂ ਦੀ ਆਵੇਗੀ ਸ਼ਾਮਤ

ਝੀਂਡਾ ਨੇ ਦੱਸਿਆ ਕਿ ਉਹ 24 ਦਸੰਬਰ ਤੋਂ ਪੂਰੇ ਸੂਬੇ ਦਾ ਤੂਫਾਨੀ ਦੌਰਾ ਕਰ ਕੇ ਸਾਰੇ ਜ਼ਿਲ੍ਹਿਆਂ ’ਚ ਜਾਣਗੇ ਅਤੇ ਸਿੱਖ ਸੰਗਤਾਂ ਨਾਲ 31 ਦਸੰਬਰ ਤੱਕ ਵਿਚਾਰ-ਵਟਾਂਦਰਾ ਕਰਨਗੇ। ਇਸ ਦੌਰਾਨ ਸੰਗਤਾਂ ਤੋਂ ਰਾਏ ਲਈ ਜਾਵੇਗੀ ਕਿ ਕੀ ਹਰਿਆਣਾ ’ਚ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਲਈ ਪੁਰਾਣੀ 41 ਮੈਂਬਰੀ ਕਮੇਟੀ ਨੂੰ ਬਹਾਲ ਕੀਤਾ ਜਾਵੇ ਜਾਂ 41 ਮੈਂਬਰੀ ਨਵੀਂ ਕਮੇਟੀ ਦਾ ਗਠਨ ਕੀਤਾ ਜਾਵੇ ਜਾਂ ਸੰਘਰਸ਼ ਦਾ ਕੋਈ ਹੋਰ ਰਾਹ ਚੁਣਿਆ ਜਾਵੇ। ਝੀਂਡਾ ਨੇ ਦੱਸਿਆ ਕਿ ਮੀਟਿੰਗ ’ਚ ਇਹ ਵੀ ਵਿਚਾਰ ਕੀਤਾ ਗਿਆ ਕਿ ਪੁਰਾਣੀ ਕਮੇਟੀ ਦੇ ਜੋ 8 ਮੈਂਬਰ ਨਵੀਂ ਸਰਕਾਰ ਕਮੇਟੀ ’ਚ ਸ਼ਾਮਲ ਹੋਏ ਹਨ, ਉਨ੍ਹਾਂ ਬਾਰੇ ’ਚ ਵੀ ਸੰਗਤ ਨਾਲ ਵਿਚਾਰ ਕਰ ਕੇ ਅਗਲਾ ਕਦਮ ਚੁੱਕਿਆ ਜਾਵੇ।

ਇਹ ਵੀ ਪੜ੍ਹੋ: ਦਿੱਲੀ ਹਵਾਈ ਅੱਡੇ ਲਈ ਵਾਲਵੋ ਬੱਸ ਸਰਵਿਸ ਨੇ ਪੰਜਾਬ ਸਰਕਾਰ ਦੇ ਖ਼ਜ਼ਾਨੇ 'ਚ ਕੀਤਾ ਵਾਧਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News