4 ਸੂਬਿਆਂ ਦੀਆਂ ਚੋਣਾਂ ’ਚ ਕਾਂਗਰਸ ਨੂੰ ਭਾਜਪਾ ਨਾਲੋਂ 10 ਲੱਖ ਤੋਂ ਵੱਧ ਵੋਟਾਂ ਮਿਲੀਆਂ : ਹੁੱਡਾ

12/08/2023 8:46:36 PM

ਜਲੰਧਰ- ਹਰਿਆਣਾ ’ਚ ਵਿਰੋਧੀ ਧਿਰ ਦੇ ਨੇਤਾ ਭੂਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ 4 ਸੂਬਿਆਂ ’ਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਦੌਰਾਨ ਭਾਰਤੀ ਜਨਤਾ ਪਾਰਟੀ ਭਾਵੇਂ 3 ਸੂਬਿਆਂ ’ਚ ਸਰਕਾਰ ਬਣਾਉਣ ’ਚ ਸਫਲ ਹੋ ਗਈ ਹੈ ਪਰ ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਭਾਰਤੀ ਜਨਤਾ ਪਾਰਟੀ ਨਾਲੋਂ 10 ਲੱਖ ਵੱਧ ਵੋਟਾਂ ਹਾਸਲ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਕਾਂਗਰਸ ਭਾਜਪਾ ਨਾਲ ਬਹੁਤ ਕਰੀਬੀ ਮੁਕਾਬਲੇ ’ਚ ਹਾਰ ਗਈ। ਭਾਜਪਾ ਦੀ ਜਿੱਤ ਦਾ ਫਰਕ ਸਿਰਫ਼ ਦੋ ਫੀਸਦੀ ਰਿਹਾ। ਰਾਜਸਥਾਨ ਦੀ ਹਰਿਆਣਾ ਨਾਲ ਲੱਗਦੀ ਹੱਦ ਵਾਲੇ ਜ਼ਿਲਿਆਂ ਵਿੱਚ ਕਾਂਗਰਸ ਨੇ 34 ਵਿੱਚੋਂ 29 ਸੀਟਾਂ ਜਿੱਤੀਆਂ ਹਨ। ਜੇਕਰ ਹਰਿਆਣਾ ’ਚ ਕਾਂਗਰਸ ਦੀ ਸਰਕਾਰ ਬਣੀ ਤਾਂ ਸੂਬੇ ’ਚ 2 ਲੱਖ ਖਾਲੀ ਅਸਾਮੀਆਂ ’ਤੇ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਦੀ ਭਾਜਪਾ ਸਰਕਾਰ ਆਪਣੇ ਪ੍ਰਚਾਰ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਅਤੇ ਜੇ. ਜੇ. ਪੀ. ਵਲੋਂ ‘ਵਿਕਾਸ ਭਾਰਤ ਸੰਕਲਪ ਯਾਤਰਾ’ ਲਈ ਸਕੂਲੀ ਬੱਚਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਲਈ ਸਰਕਾਰੀ ਮੁਲਾਜ਼ਮਾਂ ਨੂੰ ਵੀ ਸਿਆਸੀ ਏਜੰਡੇ ਲਈ ਵਰਤਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਸਰਕਾਰੀ ਮੁਲਾਜ਼ਮ ਆਪਣਾ ਅਸਲ ਕੰਮ ਛੱਡ ਕੇ ਸਰਕਾਰ ਦੇ ਪ੍ਰਚਾਰ ਵਿੱਚ ਲੱਗੇ ਹੋਏ ਹਨ। ਅਧਿਆਪਕਾਂ ਨੂੰ ਪੜ੍ਹਾਉਣ ਦੀ ਬਜਾਏ ਸਿਆਸੀ ਕੰਮ ਕਰਨਾ ਪੈ ਰਿਹਾ ਹੈ।


Rakesh

Content Editor

Related News