ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਸਖ਼ਤ, ਜ਼ਿਲ੍ਹੇ 'ਚ ਸਥਾਪਤ ਕੀਤੇ ਦੋ ਕੰਟਰੋਲ ਰੂਮ

Friday, Sep 23, 2022 - 05:46 PM (IST)

ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਸਖ਼ਤ, ਜ਼ਿਲ੍ਹੇ 'ਚ ਸਥਾਪਤ ਕੀਤੇ ਦੋ ਕੰਟਰੋਲ ਰੂਮ

ਗੁਰਦਾਸਪੁਰ (ਵਿਨੋਦ ) : ਝੋਨੇ ਦੀ ਕਟਾਈ ਤੋਂ ਬਾਅਦ ਆਪਣੇ ਖੇਤਾਂ ਚ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਿੱਥੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਇਸ ਸਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਜਿਹੜੇ ਕਿਸਾਨ ਹਦਾਇਤਾਂ ਦੀ ਉਲੰਘਣਾ ਕਰਕੇ ਪਰਾਲੀ ਨੂੰ ਅੱਗ ਲਗਾਉਣਗੇ, ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਨਾਲ ਉਨ੍ਹਾਂ ਦੇ ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਨੇ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹੇ ਦੇ ਉਨ੍ਹਾਂ 50 ਹਾਟ-ਸਪਾਟ ਪਿੰਡਾਂ ਦੇ ਸਰਪੰਚਾਂ, ਨੰਬਰਦਾਰਾਂ ਅਤੇ ਪੰਚਾਇਤ ਸਕੱਤਰਾਂ ਨਾਲ ਮੀਟਿੰਗ ਦੌਰਾਨ ਕੀਤਾ, ਜਿੰਨ੍ਹਾਂ ਪਿੰਡਾਂ 'ਚ ਬੀਤੇ ਸੀਜ਼ਨ ਦੌਰਾਨ ਸਭ ਤੋਂ ਵੱਧ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਸਨ। ਡਿਪਟੀ ਕਮਿਸ਼ਨਰ ਨੇ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਪੰਚਾਂ ਤੇ ਨੰਬਰਦਾਰਾਂ ਕੋਲੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਉਹ ਆਪਣੇ ਪਿੰਡਾਂ ਦੇ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਦੇ ਹਾਟ-ਸਪਾਟ ਪਿੰਡਾਂ 'ਚ ਪੱਕੇ ਕਰਮਚਾਰੀ ਤਾਇਨਾਤ ਕੀਤੇ ਜਾਣ ਤਾਂ ਜੋ ਉਹ ਅੱਗ ਲੱਗਣ ਦੀਆਂ ਘਟਨਾਵਾਂ ਦੀ ਜਾਣਕਾਰੀ ਦੇਣ ਦੇ ਨਾਲ ਅੱਗ ਨੂੰ ਤੁਰੰਤ ਬੁਝਾਉਣ ਲਈ ਵੀ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਨ ਦੂਸ਼ਿਤ ਹੁੰਦਾ ਹੈ, ਉੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਅਤੇ ਮਨੁੱਖ ਸਮੇਤ ਹੋਰ ਜੀਵ-ਜੰਤੂਆਂ ਲਈ ਵੀ ਬੇਹੱਦ ਘਾਤਕ ਸਾਬਤ ਹੁੰਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹੇ 'ਚ ਦੋ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਜੋ ਦਿਨ-ਰਾਤ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਪਹਿਲਾ ਕੰਟਰੋਲ ਰੂਮ ਗੁਰਦਾਸਪੁਰ ਵਿਖੇ ਹੈ ਜਿਸ ਦਾ ਨੰਬਰ 01874-292740 ਹੈ ਅਤੇ ਇਸ ਕੰਟਰੋਲ ਰੂਮ ਨਾਲ ਗੁਰਦਾਸਪੁਰ, ਕਾਹਨੂੰਵਾਨ, ਦੀਨਾਨਗਰ, ਧਾਰੀਵਾਲ ਅਤੇ ਕਲਾਨੌਰ ਬਲਾਕਾਂ ਦੇ ਕਿਸਾਨ, ਸਰਪੰਚ, ਨੰਬਰਦਾਰ ਅੱਗ ਦੀਆਂ ਘਟਨਾਵਾਂ ਦੀ ਸੂਚਨਾ ਦੇ ਸਕਦੇ ਹਨ। ਦੂਜਾ ਕੰਟਰੋਲ ਰੂਮ ਬਟਾਲਾ ਵਿਖੇ ਕੰਮ ਕਰ ਰਿਹਾ ਹੈ ਜਿਸ ਦਾ ਨੰਬਰ 01871-226033 ਹੈ ਅਤੇ ਇਸ ਕੰਟਰੋਲ ਰੂਮ ਨਾਲ ਬਟਾਲਾ, ਸ੍ਰੀ ਹਰਗੋਬਿੰਦਪੁਰ ਸਾਹਿਬ, ਕਾਦੀਆਂ, ਫ਼ਤਹਿਗੜ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਬਲਾਕਾਂ ਨਾਲ ਸਬੰਧਤ ਪਰਾਲੀ ਨੂੰ ਅੱਗ ਦੀਆਂ ਘਟਨਾਵਾਂ ਦੀ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਬਾਰੇ 112 ਨੰਬਰ ’ਤੇ ਵੀ ਸੂਚਿਤ ਕੀਤਾ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਸਰਪੰਚਾਂ ਤੇ ਨੰਬਰਦਾਰਾਂ ਨੂੰ ਕਿਹਾ ਕਿ ਉਹ 100 ਫੀਸਦੀ ਯਕੀਨੀ ਬਣਾਉਣ ਕਿ ਇਸ ਵਾਰ ਉਨਾਂ ਦੇ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਨਹੀਂ ਲੱਗੇਗੀ। ਉਨ੍ਹਾਂ ਕਿਹਾ ਕਿ ਜਿਹੜੇ 50 ਹਾਟ-ਸਪਾਟ ਪਿੰਡਾਂ 'ਚੋਂ ਇਸ ਵਾਰ ਇੱਕ ਵੀ ਅੱਗ ਲੱਗਣ ਦੀ ਘਟਨਾ ਨਹੀਂ ਵਾਪਰੇਗੀ ਉਸ ਪਿੰਡ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ ਅਤੇ ਨਾਲ ਹੀ ਉਸ ਪਿੰਡ ਦੇ ਸਰਪੰਚ ਤੇ ਨੰਬਰਦਾਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਹਾਜ਼ਰ ਸਰਪੰਚਾਂ, ਨੰਬਰਦਾਰਾਂ ਅਤੇ ਮੋਹਤਬਰ ਵਿਅਕਤੀਆਂ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿੱਤਾ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਇਸ ਮੁਹਿੰਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦਾ ਪੂਰਾ ਸਹਿਯੋਗ ਕਰਨਗੇ। ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਕੰਵਲਪ੍ਰੀਤ ਸਿੰਘ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸੰਦੀਪ ਮਲਹੋਤਰਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।


author

Anuradha

Content Editor

Related News